ਲਗਪਗ ਪੰਜਾਹ ਵਰ੍ਹੇ ਪਹਿਲਾਂ ਛੇਵੀਂ ਜਮਾਤ ਵਿਚ ਪੜ੍ਹਦਿਆਂ ਇਕ ਕਹਾਣੀ ਪੜ੍ਹੀ ਸੀ- ਜੈਸਾ ਰਾਜਾ, ਤੈਸੀ ਪਰਜਾ | ਹੁਣ ਮੈਂ ਪਿਛਲੇ ਪੰਦਰਾਂ ਦਿਨਾਂ ਤੋਂ ਇਕੋ ਪਾਸੇ ਸਵੇਰੇ ਸ਼ਾਮ ਸੈਰ ਕਰਨ ਲਈ ਜਾ ਰਿਹਾ ਹਾਂ |

ਪਹਿਲੇ ਦਿਨ ਹੀ ਮਕਾਨ ਨੰਬਰ 175, ਸਕਾਈਵਿਊ ਪੁਆਇੰਟ ਕਰੀਸੈਂਟ ਐੱਨ.ਈ. ਕੈਲਗਰੀ (ਕੈਨੇਡਾ) ਦੇ ਬਰਾਂਡੇ ਵਿਚ ਕੋਰੀਅਰ ਰਾਹੀਂ ਆਏ ਦੋ ਪੈਕਟ ਮੇਰੇ ਨਜ਼ਰੀਂ ਪਏ | ਹਰ ਰੋਜ਼ ਇਕੋ ਰਸਤੇ ਜਾਣ-ਆਉਣ ਕਾਰਨ ਉਸ ਘਰ ਦੇ ਬਰਾਂਡੇ ਵਿਚ ਮੈਂ ਉਚੇਚੇ ਤੌਰ 'ਤੇ ਵੇਖਦਾ ਸਾਂ | ਪਰੰਤੂ ਹਰ ਰੋਜ਼ ਦੋਵੇਂ ਪੈਕਟ ਮੈਨੂੰ ਉੱਥੇ ਬਰਾਂਡੇ ਵਿਚ ਹੀ ਪਏ ਦਿਖਾਈ ਦਿੰਦੇ ਸਨ | ਤਿੰਨ ਦਿਨ ਬੀਤ ਗਏ ਸਨ | ਮੈਂ ਮਨ ਵਿਚ ਸੋਚਿਆ ਕਿ ਇਸ ਘਰ ਦੇ ਮਾਲਕ ਕਿਹੋ ਜਿਹੇ ਹਨ, ਜਿਨ੍ਹਾਂ ਨੂੰ ਆਪਣੇ ਘਰ ਦੇ ਬਰਾਂਡੇ ਵਿਚ ਪਏ ਪੈਕਟ ਵੀ ਅੰਦਰ ਲਿਜਾਣ ਦਾ ਸਮਾਂ ਨਹੀਂ ਹੈ | ਅੱਜ ਸੈਰ ਦਾ ਮੇਰਾ ਸੋਲ੍ਹਵਾਂ ਦਿਨ ਸੀ | ਜਿਉਂ ਹੀ ਮੈਂ ਉਸ ਘਰ ਅੱਗੋਂ ਲੰਘਣ ਲੱਗਾ ਤਾਂ ਇਕ ਬਹੁਤ ਹੀ ਖ਼ੂਬਸੂਰਤ ਨੌਜਵਾਨ ਮੁਸਲਮਾਨ ਜੋੜਾ ਕਾਰ ਵਿਚੋਂ ਉੱਤਰਿਆ | ਨੌਜਵਾਨ ਮਰਦ ਕੋਲ ਦੋ ਵੱਡੇ ਬੈਗ ਸਨ | ਔਰਤ ਛੋਟੇ ਬੈਗ ਕਾਰ ਵਿਚੋਂ ਬਾਹਰ ਕੱਢ ਰਹੀ ਸੀ | ਮਰਦ ਨੇ ਆਪਣੇ ਦੋ ਵੱਡੇ ਬੈਗ ਬਰਾਂਡੇ ਵਿਚ ਰੱਖ ਲਏ ਤੇ ਉਸ ਨੇ ਕੋਰੀਅਰ ਵਾਲ਼ੇ ਦੋਵੇਂ ਪੈਕਟ ਚੁੱਕ ਲਏ | ਮੈਂ ਉਨ੍ਹਾਂ ਨੂੰ ਫ਼ਤਹਿ ਬੁਲਾਈ- 'ਸਤਿ ਸ਼੍ਰੀ ਅਕਾਲ ਭਾਈਜਾਨ |'
'ਸਤਿ ਸ੍ਰੀ ਅਕਾਲ, ਸਿੰਘ ਸਾਹਿਬ |' ਨੌਜਵਾਨ ਨੇ ਮੁਸਕੁਰਾਉਂਦਿਆਂ ਮੈਨੂੰ ਸਨਮਾਨ ਦਿੱਤਾ | ਨੌਜਵਾਨ ਦੇ ਨਿੱੱਘੇ ਤੇ ਮਿਲਾਪੜੇ ਸੁਭਾਅ ਨੂੰ ਜਾਣ ਕੇ ਮੈਂ ਬਿਨਾਂ ਝਿਜਕ ਦੇ ਉਨ੍ਹਾਂ ਨੂੰ ਪੁੱਛ ਲਿਆ, 'ਭਾਈਜਾਨ, ਏਹ ਪੈਕਟ ਏਥੇ ਪੰਦਰਾਂ ਦਿਨਾਂ ਤੋਂ ਪਏ ਹਨ | ਤੁਸੀਂ ਕਿੱਥੇ ਸੀ?'
'ਸਿੰਘ ਸਾਹਿਬ, ਅਸੀਂ ਆਪਣੇ ਘਰ ਸ਼ੇਖੂਪੁਰਾ ਪਾਕਿਸਤਾਨ ਗਏ ਹੋਏ ਸਾਂ | ਅਸੀਂ ਹੁਣੇ ਈਾ ਉੱਥੋਂ ਆ ਰਹੇ ਹਾਂ |'
'ਓ ਕੇ |' ਕਹਿ ਮੈਂ ਮੁਸਕਰਾ ਕੇ ਉੱਧਰ ਨੂੰ ਤੁਰ ਪਿਆ, ਜਿਸ ਪਾਰਕ ਵਿਚ ਰੋਜ਼ਾਨਾ ਸੈਰ ਕਰਨ ਜਾਂਦਾ ਸਾਂ | ਸਹਿਜ ਸੁਭਾਅ ਮੇਰੀਆਂ ਅੱਖਾਂ ਸਾਹਮਣੇ ਛੇਵੀਂ ਜਮਾਤ ਵਿਚ ਕਹਾਣੀ ਪੜ੍ਹਾ ਰਹੀ ਅਧਿਆਪਕਾ ਮੈਡਮ ਮਾਲਵਿੰਦਰ ਕੌਰ ਗਰੇਵਾਲ ਆ ਗਏ | ਮੌਜੂਦਾ ਕੈਨੇਡਾ ਅਤੇ ਭਾਰਤ ਦੇ ਮੁਖੀਆਂ ਦੇ ਚਿਹਰੇ ਆ ਗਏ ਅਤੇ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਦੇ ਕਿਰਦਾਰਾਂ ਵਿਚਲਾ ਅੰਤਰ ਆ ਗਿਆ |
-ਮੋਬਾਈਲ : 84276-85020.
dr.iqbalsingh1962@gmail.com