11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਅਮੀਰ ਮੁਹੰਮਦ (ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)

ਅਮੀਰ ਮੁਹੰਮਦ (ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)

ਅਜੀਤ ਡੈਸਕ 11-10-2026

ਖ਼ੈਰ ਫਿਰੋਜ਼ਪੁਰ ਹੋਰ ਵੀ ਜਾਣ ਪਹਿਚਾਣ ਵਾਲੇ ਰਿਫਿਊਜੀ ਕੈਂਪ 'ਚ ਮਿਲੇ | ਇਕ ਭਾਪਾ ਜੀ ਦਾ ਦੋਸਤ ਗੁਜਰਾਲ ਬਹੁਤ ਸਦਮੇ 'ਚ ਸੀ | ਉਸ ਦੀਆਂ ਤਿੰਨ ਜਵਾਨ ਧੀਆਂ 'ਚੋਂ ਦੋ ਤੇ ਉਸ ਨਾਲ ਸਨ, ਪਰ ਇਕ, ਮਾੜੇ ਭਾਗ ਕਿ ਮੁੰਡਿਆਂ ਦੀ ਤਰ੍ਹਾਂ ਸ਼ੇਰ ਸੀ ਤੇ ਗੁਜਰਾਲ ਸਾਹਿਬ ਨੂੰ ਤੇਜ਼ ਬੁਖਾਰ ਸੀ, ਉਨ੍ਹਾਂ ਵਾਸਤੇ ਦਵਾਈ ਲੈਣ ਗਈ, ਬਦਮਾਸ਼ਾਂ ਦੇ ਅੱਡੇ ਚੜ੍ਹ ਗਈ | ਤੇਜ਼ ਬੁਖਾਰ ਦੀ ਹਾਲਤ 'ਚ, ਜੇ ਉਹਨੂੰ ਢੂੰਡਣ ਨਿਕਲਦੇ ਤੇ ਬਾਕੀ ਦੋਨੋਂ ਵੀ ਬਿਲਕੁਲ ਭਰ ਜਵਾਨ ਧੀਆਂ ਮਹਿਫੂਜ਼ ਨਹੀਂ, ਇਸ ਵਾਸਤੇ ਸਭ ਦੀ ਰਾਏ ਮੰਨ ਕੁਝ ਦੇਰ ਢੂੰਡਣ ਬਾਅਦ ਉੱਥੋਂ ਨਿਕਲ ਪਏ | ਫਿਰੋਜ਼ਪੁਰ ਕੈਂਪ 'ਚ ਭਾਪਾ ਭਗਵਾਨ ਸਿੰਘ ਹੋਰਾਂ ਨੂੰ ਜਦੋਂ ਰੋ-ਰੋ ਕੇ ਵਿਥਿਆ ਸੁਣਾਈ, ਤਾਂ ਭਾਪਾ ਜੀ ਦਾ ਖੂਨ ਖੌਲਿਆ | ਪਰ ਕੁਝ ਕਰਨ ਜੋਗੇ ਨਹੀਂ ਸਨ, ਬੜੇ ਮਾਯੂਸ ਹੋਏ | ਫਿਰ ਗੁਜਰਾਲ ਸਾਹਿਬ ਨੇ ਤਫਸੀਲ ਦੱਸੀ, ਬਈ ਕੋਈ ਜਵਾਨ ਮੁੰਡਿਆਂ ਦਾ ਦਸਤਾ ਮਸ਼ਾਲਾਂ ਲੈ ਕੇ ਘੁੰਮਦਾ ਸੀ, ਕਹਿੰਦੇ ਕੋਈ ਹਾਫਿਜ਼ ਕਰਕੇ ਹੈ, ਬਈ ਉਹ ਸ਼ੇਰ ਹੋਈ ਫਿਰਦੈ | ਪਰ ਕੁਝ ਪਤਾ ਨਹੀਂ ਚੱਲਿਆ | ਮਾਮਾ ਜੀ, ਮੈਂ ਭਾਪਾ ਜੀ ਕੋਲ ਬੈਠਾ, ਸਭ ਕੁਝ ਸੁਣਦਾ ਪਿਆ ਸਾਂ | ਭਾਪਾ ਜੀ ਨੇ ਉਹ ਬੱਚੀ ਤਕੀ ਹੋਈ ਸੀ ਤੇ ਮੈਂ ਵੀ, ਜਦੋਂ ਭਾਪਾ ਜੀ ਨਾਲ ਕੋਈ ਦੋ ਮਹੀਨੇ ਪਹਿਲਾਂ ਉਨ੍ਹਾਂ ਦੇ ਘਰ ਗਏ ਸਾਂ | 'ਗੁਜਰਾਲ ਸਾਹਿਬ, ਓ ਹੋ, ਜ਼ੁਲਮ, ਯਾਰ ਕਿੰਨੀ ਸੋਹਲ ਕਿੰਨੀ ਸੋਹਣੀ, ਉਹ ਬੱਚੀ ਕੋਈ 16-17 ਵਰ੍ਹੇ ਦੀ ਹੋਣੀ?'

'ਹਾਂ, ਭਾਅ ਜੀ, 17ਵਾਂ ਸਾਲ ਲੱਗਾ ਹੋਇਆ ਸੀ, ਮੈਂ ਰੋਕਿਆ, ਨਾ ਜਾ, ਪਰ ਕਹਿੰਦੀ ਦਾਰ ਜੀ, ਆਪ ਹੀ ਕਹਿੰਦੇ ਓ, ਮੇਰੀ ਸ਼ੇਰਨੀ ਧੀ ਤੇ ਫਿਰ ਡਰਦੇ ਕਿਉਂ ਓ, ਖੌਰੇ ਅੱਗੇ ਕਿਧਰੇ ਦਵਾਈ ਮਿਲੇ ਕਿ ਨਾ, ਮੈਂ ਦਵਾਈ ਲੈ ਕੇ ਆਂਦੀ ਹਾਂ, ਕੁਝ ਨਹੀਂ ਹੁੰਦਾ | ਹਾਏ | ਖੌਰੇ ਕਿਸ ਹਾਲ 'ਚ ਹੋਏਗੀ | ਮੇਰੀ ਸਭ ਤੋਂ ਸੋਹਣੀ ਬੱਚੀ, ਸ਼ੇਰਨੀ ਬੱਚੀ ਮੇਰੀ ਪ੍ਰੀਤੀ |'
'ਗੁਜਰਾਲ ਸਾਹਿਬ ਦੀ ਗੱਲ ਸੁਣ ਕੇ ਮੇਰਾ ਖੂਨ ਖੌਲ ਗਿਆ, ਮਾਮਾ ਜੀ | ਇਨਸਾਨੀਅਤ ਨਾਂਅ ਦੀ ਵੀ ਕੋਈ ਚੀਜ਼ ਹੁੰਦੀ ਐ | ਮੁਲਕ ਬਣਨੈ, ਕੋਈ ਪਤਾ ਨਹੀਂ ਕੀ ਹੋਣੈ, ਪਰ ਉਸ ਜਵਾਨ ਕੁੜੀ ਨੇ ਕੀ ਕੀਤੈ | ਮੈਂ ਸੋਚਿਆ, ਅੱਲਾਹ ਦੇ ਨਾਮ ਤੇ ਮੈਂ ਜਾਵਾਂਗਾ, ਉਹਨੂੰ ਢੂੰਡ ਕੇ ਲਿਆਉਣ ਲਈ |
ਮੈਂ ਭਾਪਾ ਜੀ ਨੂੰ ਆਹਿਸਤਾ ਜਿਹੇ ਪੁੱਛਿਆ, ਜੇ ਇਜ਼ਾਜਤ ਦੇਣ ਤਾਂ ਮੈਂ ਜਾਵਾਂਗਾ, ਪ੍ਰੀਤੀ ਦਾ ਪਤਾ ਕਰਨ ਤੇ ਕੋਸ਼ਿਸ਼ ਕਰਾਂਗਾ ਮਹਿਫੂਜ਼ ਲਿਆਉਣ ਦੀ, ਮੈਂ ਪਹਿਚਾਣਦਾਂ ਉਹਨੂੰ, ਮੈਨੂੰ ਕੀ ਡਰ ਐ, ਮੈਨੂੰ ਤੇ ਕੁਝ ਨਹੀਂ ਕਹਿੰਦੇ | ਮੈਂ ਤੇ ਮੁਸਲਮਾਨ ਆਂ | 
ਭਾਪਾ ਜੀ ਨੂੰ ਮੇਰੀ ਗੱਲ ਪਸੰਦ ਆਈ | ਕਹਿਣ ਲੱਗੇ, 'ਭਲੇ ਦਾ ਕੰਮ ਐ, ਜਾਹ ਤੂੰ, ਕੋਸ਼ਿਸ਼ ਕਰ, ਮਾਲਕ ਤੇਰੇ ਅੰਗ ਸੰਗ |' ਗੁਜਰਾਲ ਸਾਹਿਬ ਵੀ ਖ਼ੁਸ਼ ਹੋ ਗਏ ਕਿ ਹੱਥ ਤੇ ਹੱਥ ਧਰ ਕੇ ਨਹੀਂ ਬਹਿਣਾ | ਬੱਚੀ ਨੂੰ ਢੂੰਡ ਲਿਆਉਣ ਦੀ ਕੁਝ ਕੋਸ਼ਿਸ਼ ਤਾਂ ਹੋਵੇ |
ਲਿਹਾਜ਼ਾ ਮੈਂ ਫਿਰੋਜ਼ਪੁਰ ਰਿਫਿਊਜ਼ੀ ਕੈਂਪ ਤੋਂ ਰੁੜਦਾ ਖੁੜ੍ਹਦਾ ਪਿੰਡੀ ਪਹੁੰਚ ਗਿਆ | ਉੱਥੇ ਪਹੁੰਚ ਕੇ ਇੱਧਰ ਉਧਰ ਸੂਹ ਲਈ, ਢੂੰਡਿਆ | ਕੁੜੀ ਦੀ ਫੋਟੋ ਗੁਜਰਾਲ ਸਾਹਿਬ ਕੋਲ ਹੈ ਸੀ, ਲੈ ਕੇ ਗਿਆ ਸਾਂ | ਕਈਆਂ ਦੋਸਤਾਂ ਨੂੰ ਦਿਖਾਈ | ਮਾਮਾ ਜੀ, ਤਿੰਨ ਚਾਰ ਦਿਨਾਂ ਬਾਅਦ ਕੁਝ ਪਤਾ ਲੱਗਾ ਕਿ ਸੁਲਤਾਨ ਨਾਂਅ ਦਾ ਇਕ ਅਵਾਰਾ ਜਿਹਾ ਮੁੰਡਾ ਹੁੰਦਾ ਸੀ, ਉਹਨੇ ਕੁਝ ਕੁੜੀਆਂ ਪਕੜ ਕੇ ਕਿਧਰੇ ਰੱਖੀਆਂ ਹੋਈਆਂ ਨੇ, ਤੇ ਜਬਰ-ਜਨਾਹ ਕਰਦੈ, ਕੁਝ ਹੋਰ ਵੀ ਬੰਦੇ ਰਲੇ ਹੋਏ ਨੇ | ਦਿਨ ਰਾਤ ਇਧਰ ਉੱਧਰ ਪਤਾ ਕੀਤਾ | ਸੁਲਤਾਨ ਦਾ ਪਤਾ ਲੱਗ ਗਿਆ |
ਫਿਰ ਹੁਣ ਜੋ ਦੱਸਣ ਲੱਗਾਂ, ਤੁਹਾਡੇ ਕੰਨ ਫਟ ਜਾਣਗੇ ਮਾਮਾ ਜੀ, ਕਿ ਸੁਲਤਾਨ ਦਾ ਸਾਥ ਦੇ ਰਿਹਾ ਸੀ, ਤੁਹਾਡੀ ਘਰ ਵਾਲੀ ਦਾ ਫੁਫੇਰਾ ਭਰਾ ਹਾਫਿਜ਼ ਇਕਬਾਲ ਤੇ ਇਹ ਵੀ ਪੱਕਾ ਪਤਾ ਲੱਗ ਗਿਆ ਕਿ ਪ੍ਰੀਤੀ ਨੂੰ ਪਸੰਦ ਕਰਕੇ ਉਹਲੇ ਕਿਧਰੇ ਰੱਖਿਆ ਹੋਇਐ ਉਹਨੇ | ਮੈਂ ਤੁਹਾਨੂੰ ਬੜਾ ਢੂੰਡਿਆ, ਪਰ ਤੁਸੀਂ ਨਹੀਂ ਮਿਲੇ ਤੇ ਜਦੋਂ ਤੱਕ ਮੈਨੂੰ ਪਕੇ ਟਿਕਾਣੇ ਦਾ ਪਤਾ ਚੱਲਿਆ, ਦੇਰ ਹੋ ਚੁੱਕੀ ਸੀ  | ਹਾਫਿਜ਼ ਇਕਬਾਲ ਨੂੰ ਪਤੈ ਕਿ ਮੈਂ ਪ੍ਰੀਤੀ ਨੂੰ ਉਨ੍ਹਾਂ ਦੇ ਚੁੰਗਲ 'ਚੋਂ ਰਿਹਾਅ ਕਰਾਉਣਾ ਚਾਹੁੰਦਾ ਸਾਂ | ਇਨ੍ਹਾਂ ਦੇ ਜਬਰ-ਜਨਾਹ ਤੋਂ ਪੀੜਤ ਸ਼ੇਰਨੀ ਪ੍ਰੀਤੀ ਨੇ ਆਪਣੀਆਂ ਨਸਾਂ ਕੱਟ ਕੇ ਆਤਮ ਹੱਤਿਆ ਕਰ ਲਈ ਸੀ | ਸੁਣਾਉਂਦਿਆਂ-ਸੁਣਾਉਂਦਿਆਂ ਅਮੀਰ ਸਿੰਘ ਦੀਆਂ ਅੱਖਾਂ 'ਚੋਂ ਝਨਾਅ ਵਹਿ ਰਹੀ ਸੀ ਤੇ ਉਹਨੇ ਤੱਕਿਆ ਕਿ ਮਾਮਾ ਜਮਾਲ ਸ਼ਰੀਫ ਦੇ ਮੱਥੇ 'ਤੇ ਵੀ ਤਰੇਲੀਆਂ ਆ ਰਹੀਆਂ ਸਨ |
ਸਿਆਸੀ ਤਾਕਤ ਤੇ ਮੁਸਲਮਾਨ ਹੋਣ ਦੀ ਹੈਂਕੜ ਵਾਲੀ ਉਸ ਦੀ ਪਾਣ ਜਿਵੇਂ ਲਹਿ ਗਈ ਸੀ | ਉਹਨੂੰ ਯਾਦ ਆ ਗਿਆ ਕਿ ਸ਼ਾਇਦ ਇਸੇ ਕਰਕੇ ਹਾਫਿਜ਼ ਇਕਬਾਲ ਉਹਨੂੰ ਅਮੀਰ ਮੁਹੰਮਦ ਨੂੰ ਲੱਭਣ ਤੇ ਮਿਲਣ ਤੋਂ ਰੋਕ ਰਿਹਾ ਸੀ |
'ਸੋ, ਮੈਂ ਇਨਸਾਨੀ ਫਰਜ਼ ਸਮਝਦਿਆਂ ਉੱਥੋਂ ਵਾਪਸ ਫਿਰੋਜ਼ਪੁਰ ਰਿਫਿਊਜ਼ੀ ਕੈਂਪ ਆਇਆ | ਉੱਥੋਂ ਖ਼ਬਰ ਮਿਲੀ ਕਿ ਭਾਪਾ ਜੀ ਅੰਬਾਲੇ ਚਲੇ ਗਏ ਨੇ | ਉੱਥੇ ਪਹੁੰਚ ਕੇ ਸਾਰੀ ਵਿੱਥਿਆ ਸੁਣਾਈ | ਉਨ੍ਹਾਂ ਸਾਰੀ ਗੱਲ ਗੁਜਰਾਲ ਸਾਹਿਬ ਨਾਲ ਭਰੇ ਮਨ ਨਾਲ ਸਾਂਝੀ ਕੀਤੀ | ਮੌਤ ਦੀ ਖ਼ਬਰ ਮਿਲੀ, ਪਰ ਪਤਾ ਤੇ ਲੱਗ ਗਿਆ ਕਿ ਮੇਰੀ ਧੀ, ਮੇਰੀ ਸ਼ੇਰਨੀ ਧੀ, ਪਰਲੋਕ ਸਿਧਾਰ ਗਈ ਹੈ, ਸਭ ਕੁਝ ਭਾਣੇ 'ਚ ਹੀ ਹੈ, ਕਹਿ ਕੇ ਗੁਜਰਾਲ ਸਾਹਿਬ ਮੇਰੇ ਹਮੇਸ਼ਾਂ ਸ਼ੁਕਰ ਗੁਜ਼ਾਰ ਰਹੇ ਨੇ |'
'ਨਾਲੇ, ਮਾਮਾ ਜੀ, ਭਾਪਾ ਜੀ ਨੂੰ ਪਤੈ ਕਿ ਹਾਫਿਜ਼ ਇਕਬਾਲ ਤੁਹਾਡੀ ਘਰ ਵਾਲੀ ਦੀ ਭੂਆ ਦਾ ਪੁੱਤਰ ਸੀ |'
'ਹੈਂ | ਉਨ੍ਹਾਂ ਨੂੰ ਪਤੈ?'
'ਹਾਂ ਜੀ, ਕਿਉਂਕਿ ਉਸ ਵੇਲੇ ਮੈਂ ਆ ਕੇ ਪੂਰੀ ਤਫਸੀਲ ਸਭ ਨੂੰ ਦੱਸੀ ਸੀ', ਅਮੀਰ ਸਿੰਘ ਨੇ ਕਿਹਾ |
'ਤੇ ਇਸ ਦੇ ਬਾਵਜੂਦ ਉਨ੍ਹਾਂ ਨੇ ਮੇਰੇ ਮੂੰਹ ਤੋਂ ਮੱਖੀ ਤੱਕ, ਨਹੀਂ ਉਡਾਈ | ਜ਼ਿਕਰ ਤੱਕ ਵੀ ਨਹੀਂ ਕੀਤਾ | ਪੂਰੀ ਮਹਿਮਾਨ ਨਿਵਾਜੀ ਕੀਤੀ ਮੇਰੀ' ਕਹਿੰਦਿਆਂ ਜਮਾਲ ਸ਼ਰੀਫ ਦਾ ਗੁੱਸਾ ਤੇ ਉੱਡ ਹੀ ਗਿਆ ਸੀ, ਉਹਨੂੰ ਇਹ ਵੀ ਸਮਝ ਆ ਰਹੀ ਸੀ ਕਿ ਭਗਵਾਨ ਸਿੰਘ ਜੀ ਕਿਸ ਉੱਚੇ ਕਿਰਦਾਰ ਤੇ ਇਨਸਾਨੀ ਕੀਮਤਾਂ, ਕਦਰਾਂ ਦੇ ਮਾਲਕ ਨੇ |
'ਤੇ ਮਾਮਾ ਜੀ, ਮੈਂ ਆਪਣੀ ਮਰਜ਼ੀ ਨਾਲ ਸਰਦਾਰ ਬਣਿਆਂ, ਸਿੱਖ ਸਜਿਆਂ, ਭਾਪਾ ਜੀ ਨੇ ਮੈਨੂੰ ਕਿੰਨੀ ਵਾਰੀ ਉਸ ਤੋਂ ਪਹਿਲਾਂ, ਵਾਪਸ ਜਾਣ ਲਈ ਮੇਰੀ ਮਰਜ਼ੀ ਪੁੱਛੀ, ਮਾਮਾ, ਇਕੋ ਈ ਆ ਉਏ ਅੱਲਾਹ, ਵਾਹਿਗੁਰੂ, ਰਾਮ, ਸ਼ਾਮ | ਕੋਈ ਫਰਕ ਨੀ, ਓਏ, ਜਿੱਥੇ ਚੰਗੇ ਇਨਸਾਨ ਹੋਣ ਭਾਪਾ ਜੀ ਜਿਹੇ, ਉੱਥੇ ਮਜ਼ਹਬੀ ਜ਼ਹਿਰ ਨਹੀਂ ਹੋ ਸਕਦਾ | ਉਹ ਸਵਰਗ ਹੀ ਹੈ, ਉਹ ਛੋੜ ਕੇ ਜਾਣ ਦਾ ਕਿਸ ਦਾ ਦਿਲ ਕਰਦੈ | ਇੱਥੇ ਲੁੱਟੇ-ਪੁੱਟੇ ਆ ਕੇ ਵੀ ਭਾਪਾ ਜੀ ਨੇ ਕਈ ਮੁਸਲਮਾਨਾਂ ਨੂੰ ਉਨ੍ਹਾਂ ਦੀਆਂ ਬਹੁ ਬੇਟੀਆਂ ਨੂੰ, ਮਹਿਫੂਜ਼ ਉਧਰ ਭੇਜਿਐ |'
'ਬੱਸ, ਬੱਸ ਅਮੀਰ ਤੂੰ ਠੀਕ ਹੈਂ, ਯਾਰ, ਮੈਂ ਸ਼ਰਮਿੰਦਾ ਆਂ...', ਤੇ ਉੱਠ ਕੇ ਅਮੀਰ ਸਿੰਘ ਨੂੰ ਗਲਵੱਕੜੀ 'ਚ ਲੈ ਲਿਆ |
ਮਾਮਾ, ਤੈਂਢਾ 'ਅਮੀਰ ਮੁਹੰਮਦ', ਅਮੀਰ ਸਿੰਘ ਹੋ ਕੇ ਵਾਕੇ ਈ ਅਮੀਰ ਹੋ ਗਇਐ | ਓਏ ਬੜਾ ਮਾਲਾ ਮਾਲ ਈ, ਤੇਰਾ ਅਮੀਰ ਇੱਥੇ ਵਾਹਿਗੁਰੂ ਦਾ ਪਿਆਰਾ ਹੋ ਕੇ.... |' ਮਾਮੇ ਦੀ ਬੁੱਕਲ 'ਚ ਉਹ ਖੁਸ਼ੀ 'ਚ ਡੁੱਸਕਣ ਲੱਗਾ, ਇਸ ਗੱਲ ਤੋਂ ਅਨਜਾਣ ਕਿ ਭਾਪਾ ਜੀ ਤੇ ਗੁਜਰਾਲ ਸਾਹਿਬ, ਮਾਮੇ ਭਾਣਜੇ ਦੀ ਗੱਲਬਾਤ 'ਚ ਦਖ਼ਲ ਨਾ ਹੋਵੇ, ਦਬੇ ਪੈਰੀਂ ਅੰਦਰ ਆ ਗਏ ਸਨ |
ਉਨ੍ਹਾਂ ਨੂੰ ਤੱਕਦਿਆਂ ਈ ਅਮੀਰ ਸਿੰਘ ਕਹਿਣ ਲੱਗਾ, 'ਤੇ ਮਾਮਾ ਜੀ, ਇਹ ਗੁਜਰਾਲ ਸਾਹਿਬ ਨੇ ਮੇਰੇ ਸਿਰ ਦੇ ਸਾਹਿਬ, ਇਨ੍ਹਾਂ ਨੇ ਆਪਣੀ ਬੇਟੀ ਦਾ ਵਿਆਹ ਬੜੇ ਫਖ਼ਰ ਨਾਲ, ਮੇਰੇ ਨਾਲ ਇਹ ਕਹਿ ਕੇ ਕੀਤਾ ਕਿ ਮਾੜੇ ਜਾਂ ਚੰਗੇ, ਵਿਅਕਤੀ ਵਿਸ਼ੇਸ਼ ਹੁੰਦੇ ਨੇ, ਨਾ ਕਿ ਸਾਰੀ ਕੌਮ ਦਾ ਹਰ ਬੰਦਾ |' (ਸਮਾਪਤ)

-ਮੋਬਾਈਲ : 98155-09390

ਪਿਛਲੀ ਖ਼ਬਰ ਕਿਰਦਾਰ ਅਗਲੀ ਖ਼ਬਰ ਅਜੋਕੇ ਦੌਰ ਦੀ ਡਿਜੀਟਲ ਖ਼ੁਰਾਕ ਬਣੀ ਮੋਬਾਈਲ ਦੀ 'ਟੂੰ-ਟੂੰ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।