ਜਲੰਧਰ, 27 ਅਗਸਤ (ਐੱਮ. ਐੱਸ. ਲੋਹੀਆ) - ਹੱਤਿਆ, ਜਿਨਸੀ ਸੋਸ਼ਣ ਅਤੇ ਜਬਰ-ਜਨਾਹ ਦੇ ਦੋਸ਼ੀ ਰਾਮ ਰਹੀਮ ਨੂੰ ਹੁਣ 17ਵੀਂ ਵਾਰ 21 ਦਿਨ ਦੀ ਪੈਰੋਲ ਦਿੱਤੇ ਜਾਣ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਸਤਪਾਲ ਸਿੰਘ ਸਿਦਕੀ, ਪਰਮਪ੍ਰੀਤ ਸਿੰਘ ਵਿੱਟੀ, ਹਰਜੋਤ ਸਿੰਘ ਲੱਕੀ ਅਤੇ ਪ੍ਰਬਜੀਤ ਸਿੰਘ ਬੇਦੀ ਨੇ ਕਿਹਾ ਕਿ ਸਿੱਖ ਕੌਮ ਨਾਲ ਭੇਦ ਭਾਵ ਦੀ ਇਹ ਇੰਤਾਹ ਹੈ, ਕਿ ਬੰਦੀ ਸਿੰਘ 32-32 ਸਾਲ ਤੋਂ ਜੇਲ੍ਹਾਂ ’ਚ ਬੰਦ ਹਨ, ਜਿਨ੍ਹਾਂ ’ਚ ਭਾਈ ਜਗਤਾਰ ਸਿੰਘ ਹਵਾਰਾ ਵੀ ਸ਼ਾਮਲ ਹਨ, ਜਿਨ੍ਹਾਂ ਦੀ ਮਾਤਾ ਜੀ ਜ਼ਿੰਦਗੀ ਦੇ ਆਖਰੀ ਪੜਾਅ ’ਤੇ ਹਨ। ਉਹ ਆਪਣੇ ਪੁੱਤਰ ਨੂੰ ਆਖਰੀ ਵਾਰ ਦੇਖਣਾ ਚਾਹੁੰਦੇ ਹਨ, ਲੇਕਿਨ ਸਰਕਾਰ 10 ਦਿਨ ਦੀ ਪੈਰੋਲ ਦੇਣ ਨੂੰ ਤਿਆਰ ਨਹੀਂ ਹੋ ਰਹੀ, ਪਰ ਦੂਜੇ ਪਾਸੇ ਜਬਰ-ਜਨਾਹ ਦਾ ਦੋਸ਼ੀ ਬਾਬਾ 7 ਸਾਲਾਂ ’ਚ 17 ਵਾਰ ਪੈਰੋਲ ਤੇ ਜਾ ਚੁੱਕਾ ਹੈ। ਆਗੂਆਂ ਨੇ ਕਿਹਾ ਕਿ ਪੰਚਾਇਤ ਮੈਂਬਰਾਂ ਤੋਂ ਲੈ ਕੇ ਮੁੱਖ ਮੰਤਰੀ ਤੱਕ ਪੈਰੋਲ ਦੀ ਹਾਮੀ ਭਰ ਚੁੱਕੇ ਹਨ, ਪਰ ਪੈਰੋਲ ਦੇਣ ਨੂੰ ਭਾਜਪਾ ਸਰਕਾਰ ਤਿਆਰ ਨਹੀਂ ਹੈ। ਆਗੂਆਂ ਨੇ ਉਨ੍ਹਾਂ ਲੀਡਰਾਂ ਨੂੰ ਤਾੜਨਾ ਕੀਤੀ, ਜੋ ਭਾਜਪਾ ਨਾਲ ਗਠਜੋੜ ਕਰਨ ਨੂੰ ਲੈ ਕੇ ਤਰਲੋ ਮੱਛੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਸਭ ਕੁਝ ਵਾਚ ਰਹੀ ਹੈ ਅਤੇ ਉਹ ਗ਼ਦਾਰਾਂ ਨੂੰ ਨਹੀਂ ਭੁੱਲੇਗੀ। ਆਗੂਆਂ ਨੇ ਕਿਹਾ ਕਿ ਕੌਮ ਹਰ ਹਾਲ ’ਚ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੀ ਹੈ।