06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਐਨ. ਐਲ. ਐਸ. ਏ. ਤੇ ਪੀ. ਐਲ. ਐਸ. ਏ. ਵਲੋਂ ਹਾਂਪੱਖੀ ਹੁੰਗਾਰਾ ਨਾ ਮਿਲਣ ਕਰਕੇ ਸੰਘਰਸ਼ ਜਾਰੀ ਰਹੇਗਾ-ਡੀ.ਬੀ.ਏ.

ਅਜੀਤ ਡੈਸਕ 11-07-2026
ਜਲੰਧਰ, 10 ਜੁਲਾਈ (ਜਤਿੰਦਰ ਪੰਮੀ)–ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਜਾਂ ਪੰਜਾਬ ਲੀਗਲ ਸਰਵਿਸਿਜ਼ ਅਥਾਰਟੀ ਵਲੋਂ ਬਾਰ ਦੀਆਂ ਮੰਗਾਂ ਸਬੰਧੀ ਕੋਈ ਜਵਾਬ ਜਾਂ ਸਕਾਰਾਤਮਕ ਪਹਿਲ ਨਹੀਂ ਕੀਤੀ ਗਈ। ਇਸ ਲਈ ਬਾਰ ਐਸੋਸੀਏਸ਼ਨ ਨੇ ਆਪਣਾ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਆਦਿਤਿਆ ਜੈਨ ਤੇ ਸਕੱਤਰ ਐਡਵੋਕੇਟ ਰੋਹਿਤ ਗੰਭੀਰ ਨੇ ਧਰਨੇ ਤੇ ਨੋ ਵਰਕ ਡੇਅ ਦੇ ਪੰਜਵੇਂ ਦਿਨ ਜ਼ਿਲ੍ਹਾ ਕਚਿਹਰੀ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਗੱਲਬਾਤ ਕਰਦਿਆਂ ਕੀਤਾ। ਉਕਤ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਕੋਈ ਹੱਲ ਨਾ ਨਿਕਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਜਲੰਧਰ ਅਦਾਲਤੀ ਕੰਪਲੈਕਸ ਵਿੱਚ ਕੰਮ ਕਰ ਰਹੇ ਐੱਲ. ਏ. ਡੀ. ਸੀ. ਡਿਫੈਂਸ ਕਾਊਂਸਲ, ਜੋ ਬਾਰ ਐਸੋਸੀਏਸ਼ਨ ਦੇ ਮੈਂਬਰ ਵੀ ਹਨ, ਨੂੰ ਅਦਾਲਤ ਵਿੱਚ ਕੰਮ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਬਾਰ ਦੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਨਿਚਰਵਾਰ ਨੂੰ ਸੰਯੁਕਤ ਕਾਰਵਾਈ ਕਮੇਟੀ ਪੰਜਾਬ ਦੀ ਵਰਚੁਅਲ ਮੀਟਿੰਗ ਹੋਵੇਗੀ, ਜਿਸ ਵਿੱਚ ਅੰਦੋਲਨ ਦੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ ਅਤੇ ਉਸੇ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਬਾਰ ਐਸੋਸੀਏਸ਼ਨ ਨੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਬੈਂਕਾਂ ਦੀ ਇਕੁਇਟੇਬਲ ਮਾਰਟਗੇਜ ਦੀ ਰਜਿਸਟ੍ਰੇਸ਼ਨ ਨਾਲ ਜੁੜੇ ਇੱਕ ਗੰਭੀਰ ਮਾਮਲੇ ਨੂੰ ਵੀ ਉਠਾਇਆ। ਪ੍ਰਧਾਨ ਤੇ ਸਕੱਤਰ ਨੇ ਦੱਸਿਆ ਕਿ ਤਹਿਸੀਲਦਾਰ ਦਫ਼ਤਰ ਵਿੱਚ ਨਿੱਜੀ ਠੇਕੇਦਾਰ ਵੱਲੋਂ ਬਿਨਾਂ ਕਿਸੇ ਕਾਨੂੰਨੀ ਪ੍ਰਬੰਧ ਦੇ ਲੋਕਾਂ ਦੀਆਂ ਜ਼ਬਰਦਸਤੀ ਗਰੁੱਪ ਫੋਟੋਆਂ ਖਿੱਚੀਆਂ ਜਾਂਦੀਆਂ ਹਨ ਅਤੇ ਇਸ ਦੇ ਬਦਲੇ 200 ਤੋਂ 400 ਰੁਪਏ ਤੱਕ ਦੀ ਰਕਮ ਵਸੂਲੀ ਜਾਂਦੀ ਹੈ। ਇੰਨਾ ਹੀ ਨਹੀਂ ਜੇ ਕੋਈ ਵਿਅਕਤੀ ਫੋਟੋ ਨਹੀਂ ਖਿੱਚਵਾਉਂਦਾ ਤਾਂ ਸੁਵਿਧਾ ਕੇਂਦਰ ਵਿੱਚ ਉਸ ਦੇ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਲਈ ਟੋਕਨ ਤੱਕ ਨਹੀਂ ਲੱਗਣ ਦਿੱਤਾ ਜਾਂਦਾ ਅਤੇ ਸਰਕਾਰੀ ਕਰਮਚਾਰੀਆਂ ਉੱਤੇ ਵੀ ਦਬਾਅ ਬਣਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਹਿਲਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ, ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸ ਲਈ ਸੋਮਵਾਰ ਨੂੰ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪ ਕੇ ਇਸ ਕਥਿਤ ਗੈਰ-ਕਾਨੂੰਨੀ ਵਸੂਲੀ ਅਤੇ ਜ਼ਬਰਦਸਤੀ ਫੋਟੋਆਂ ਖਿੱਚਵਾਉਣ ਦੀ ਪ੍ਰਥਾ ਨੂੰ ਤੁਰੰਤ ਬੰਦ ਕਰਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਸਾਬਕਾ ਪ੍ਰਧਾਨ ਗੁਰਮੇਲ ਸਿੰਘ ਲਿੱਦੜ, ਰਾਜ ਕੁਮਾਰ ਭੱਲਾ, ਸੀਨੀਅਰ ਮੀਤ ਪ੍ਰਧਾਨ ਰਾਮ ਛਾਬੜਾ, ਸੰਯੁਕਤ ਸਕੱਤਰ ਸਾਹਿਲ ਮਲਹੋਤਰਾ, ਜੂਨੀਅਰ ਮੀਤ ਪ੍ਰਧਾਨ ਸੂਰਜ ਪ੍ਰਤਾਪ ਸਿੰਘ, ਸਹਾਇਕ ਸਕੱਤਰ ਸੋਨਾਲਿਕਾ, ਕਾਰਜਕਾਰਨੀ ਮੈਂਬਰ ਪਾਰਸ ਚੌਧਰੀ, ਪ੍ਰਭੂ ਧੀਰ, ਵਿਜੈ ਮਿਸ਼ਰਾ, ਮਹੂਲ ਖੰਨਾ, ਅਮਾਨਤ, ਨੇਹਾ ਅਤੇ ਪਾਇਲ ਤੋਂ ਇਲਾਵਾ ਰਤਨ ਧੂਆ, ਰਾਕੇਸ਼ ਧੀਰ, ਅਮਰਿੰਦਰ ਥਿੰਦ, ਵੀ.ਕੇ. ਸਰੀਨ, ਸੰਜੀਵ ਬਾਂਸਲ, ਅਸ਼ੋਕ ਕੁਮਾਰ ਸ਼ਰਮਾ, ਨਿਖਿਲ ਸ਼ਰਮਾ, ਜਗਤਪਾਲ ਮੈਨੀ, ਨਵਜੋਤ ਸਿੰਘ, ਪੁਰਸ਼ੋਤਮ ਕਪੂਰ, ਰਾਜੇਸ਼ ਵਰਮਾ, ਪ੍ਰਿਤਪਾਲ ਸਿੰਘ, ਮਧੂ ਰਚਨਾ, ਸੰਨੀ ਕੁਮਾਰ, ਮੋਹਿਤ, ਨੇਹਾ, ਰਵੀਨਾ, ਬਲਦੇਵ ਪ੍ਰਕਾਸ਼ ਰਲ ਅਤੇ ਨਵਤੇਜ ਸਿੰਘ ਮਲਹਾਸ ਸਮੇਤ ਵੱਡੀ ਗਿਣਤੀ ਵਿੱਚ ਵਕੀਲ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰ ਪ੍ਰਤੀ ਰੋਸ ਵਜੋਂ ‘ਬਲੈਕ ਡੇ’ ਮਨਾਉਂਦੇ ਹੋਏ ਕਾਲੇ ਚੋਲੇ ’ਚ ਸੜਕਾਂ ’ਤੇ ਉਤਰੀਆਂ ਆਂਗਣਵਾੜੀ ਵਰਕਰਾਂ ਅਗਲੀ ਖ਼ਬਰ ਸੁਨੀਲ ਜਾਖੜ ਕਰਕੇ ਅਬੋਹਰ ’ਚ ਲੋਕਤੰਤਰ ਦੀ ਹੱਤਿਆ ਹੋਣ ਤੋਂ ਬਚੀ-ਕੇ. ਡੀ. ਭੰਡਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।