08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸਾਡਾ ਰੁਜ਼ਗਾਰ ਬਚਾਉਣ ਲਈ ਸਕੂਲੀ ਕਿਤਾਬਾਂ ਦੀ ਸਪਲਾਈ ਬਹਾਲ ਕੀਤੀ ਜਾਵੇ-ਬੁੱਕ ਡਿਸਟਰੀਬਿਊਟਰ

ਅਜੀਤ ਡੈਸਕ 08-07-2026
ਜਲੰਧਰ, 7 ਜੁਲਾਈ (ਜਤਿੰਦਰ ਪੰਮੀ)–ਪੰਜਾਬ ਸਰਕਾਰ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਸਾਰੇ ਹੀ ਵਿਦਿਆਰਥੀਆਂ ਨੂੰ ਆਨਲਾਈਨ 15 ਫੀਸਦੀ ਛੋਟ ’ਤੇ ਦੇਣ ਕੀਤੇ ਗਏ ਫੈਸਲੇ ਨਾਲ ਸਾਡਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਨਾਲ ਪੁਸਤਕ ਡਿਊਟਰੀਬਿਊਟਰਾਂ ਤੋਂ ਇਲਾਵਾ ਸੂਬੇ ਦੇ ਸੈਂਕੜੇ ਪੁਸਤਕ ਵਿਕਰੇਤਾਵਾਂ ਦੇ ਰੁਜ਼ਗਾਰ ਨੂੰ ਵੱਡੇ ਪੱਧਰ ’ਤੇ ਨੁਕਸਾਨ ਪੁੱਜਾ ਹੈ। ਸਾਡੀ ਸਰਕਾਰ ਅੱਗੇ ਫਰਿਆਦ ਹੈ ਕਿ ਸਾਡਾ ਰੁਜ਼ਗਾਰ ਬਚਾਉਣ ਲਈ ਬੋਰਡ ਦੀਆਂ ਸਕੂਲੀ ਕਿਤਾਬਾਂ ਦੀ ਸਪਲਾਈ ਮੁੜ ਬਹਾਲ ਕੀਤੀ ਜਾਵੇ। ਇਹ ਪ੍ਰਗਟਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਦੀ ਸਪਲਾਈ ਕਰਨ ਵਾਲੇ ਅਤੇ ਪੁਸਤਕ ਵਿਕਰੇਤਾਵਾਂ ਦੀ ਜਥੇਬੰਦੀ ਬੁੱਕ ਡਿਸਟਰੀਬਿਊਟਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਮਾਈ ਹੀਰਾਂ ਗੇਟ, ਅੱਡਾ ਟਾਂਡਾ ਤੇ ਅੱਡਾ ਹੁਸ਼ਿਆਰਪੁਰ ਦੇ ਦੁਕਾਨਦਾਰਾਂ ਨੇ ਪ੍ਰੈੱਸ ਕਲੱਬ ਵਿਖੇ ਗੱਲਬਾਤ ਕਰਦਿਆਂ ਕੀਤਾ। ਐਸੋਸੀਏਸ਼ਨ ਦੇ ਉਪ ਪ੍ਰਧਾਨ ਰਾਜੇਸ਼ ਆਨੰਦ ਨੇ ਕਿਹਾ ਕਿ ਉਹ ਪਿਛਲੇ 50-60 ਸਾਲਾਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਵੇਚਦੇ ਆ ਰਹੇ ਹਨ ਪਰ ਇਸ ਵਾਰ ਬੋਰਡ ਵਲੋਂ ਉਨ੍ਹਾਂ ਨੂੰ ਸਪਲਾਈ ਦੇਣ ਤੋਂ ਮਨ੍ਹਾ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਗੱਲ ਸਰਕਾਰ ਤੇ ਸਿੱਖਿਆ ਮੰਤਰੀ ਤਕ ਪਹੁੰਚਾਉਣ ਲਈ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੂੰ ਮਿਲ ਕੇ ਫਰਿਆਦ ਕੀਤੀ ਪਰ ਕਿਸੇ ਨੇ ਵੀ ਬਾਂਹ ਨਹੀਂ ਫੜੀ। ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਸਿੱਧੇ ਤੌਰ ’ਤੇ 15 ਫੀਸਦੀ ਰਿਆਇਤ ’ਤੇ ਕਿਤਾਬਾਂ ਵੇਚਣ ਉਪਰ ਕੋਈ ਇਤਰਾਜ਼ ਨਹੀਂ ਹੈ ਪਰ ਉਨ੍ਹਾਂ ਦੇ ਕਾਰੋਬਾਰ ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰ ਕਿਤਾਬਾਂ ਦੀ ਸਪਲਾਈ ਉਨ੍ਹਾਂ ਨੂੰ ਵੀ ਦੇਵੇ। ਰਾਜੇਸ਼ ਆਨੰਦ ਨੇ ਕਿਹਾ ਕਿ ਵਿਦਿਆਰਥੀ ਆਪਣੀ ਮਰਜ਼ੀ ਤੇ ਲੋੜ ਮੁਤਾਬਕ ਜਿੱਥੋਂ ਚਾਹੇ ਕਿਤਾਬਾਂ ਖਰੀਦ ਲਵੇ। ਇਸ ਨਾਲ ਪੁਸਤਕ ਵਿਕਰੇਤਾਵਾਂ ਦਾ ਕਾਰੋਬਾਰ ਚੱਲਦਾ ਰਹੇਗਾ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵਲੋਂ ਜਾਰੀ ਨਵੀਂ ਨੀਤੀ ਦਾ ਜਾਰੀ ਕੀਤਾ ਗਿਆ ਸਰਕੂਲਰ ਛੇਤੀ ਤੋਂ ਛੇਤੀ ਵਾਪਸ ਲਿਆ ਜਾਵੇ ਤਾਂ ਕਿ ਪੰਜਾਬ ਦੇ ਬੁੱਕ ਡਿਸਟਰੀਬਿਊਟਰਾਂ ਦੀ ਰੋਜ਼ੀ-ਰੋਟੀ ਚੱਲਦੀ ਰਹੇ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਪੁਨੀਤ ਮਹਾਜਨ ਅਤੇ ਹੋਰ ਪੁਸਤਕ ਵਿਕਰੇਤਾ ਹਾਜ਼ਰ ਸਨ।
ਪਿਛਲੀ ਖ਼ਬਰ ਫੋਲ਼ੜੀਵਾਲ ਕੋਲ ਬਣਾਈ ਕੰਕਰੀਟ ਦੀ ਸੜਕ ਕੁੱਝ ਸਮੇਂ ਵਿਚ ਹੋਈ ਖ਼ਰਾਬ ਪੰਜਾਬ ਸਰਕਾਰ ਸੜਕ ਦੀ ਗੁਣਵੱਤਾ ਦੀ ਕਰਵਾਏ ਜਾਂਚ-ਸੁਦ... ਅਗਲੀ ਖ਼ਬਰ ਮੀਂਹ ਪੈਣ ਨਾਲ ਵਧੀ ਹੁੰਮਸ ਭਰੀ ਗਰਮੀ ਬਿਜਲੀ ਸਪਲਾਈ ਦਾ ਕੰਮ ਪ੍ਰਭਾਵਿਤ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।