07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਮੁਰਾਜਵਾਲਾ ਗਰਿੱਡ ਤੋਂ ਬਿਜਲੀ ਸਪਲਾਈ ਦੇ ਮੰਦੜੇ ਹਾਲ ਦੇ ਚਲਦੇ ਕਿਸਾਨਾਂ ’ਚ ਰੋਸ

ਅਜੀਤ ਡੈਸਕ 25-06-2026
ਲੋਹੀਆਂ ਖਾਸ, 24 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਪੰਜਾਬ ਸਰਕਾਰ ਜਾਂ ਪਾਵਰਕਾਮ ਭਾਵੇਂ ਲੱਖ ਕਹੇ ਕਿ ਅਸੀਂ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਸਪਲਾਈ ਦੇ ਰਹੇ ਹਾਂ ਜਾਂ ਵਾਧੂ ਸਪਲਾਈ ਦੇ ਰਹੇ ਹਾਂ, ਪਰ ਜਦੋਂ ਇਸ ਸਬੰਧੀ ਜ਼ਮੀਨੀ ਹਕੀਕਤ ਸਾਹਮਣੇ ਆਉਂਦੀ ਹੈ ਤਾਂ ਉਪਰੋਕਤ ਸਤਰਾਂ ਝੂਠੀਆਂ ਪੈ ਜਾਂਦੀਆਂ ਹਨ, ਇਸੇ ਦੌਰਾਨ ਲੋਹੀਆਂ ਦੇ ਪਿੰਡ ਨੱਲ੍ਹ, ਨਸੀਰਪੁਰ ਸਮੇਤ ਹੋਰ ਪਿੰਡਾਂ ਦੇ ਕਿਸਾਨਾਂ ਨੇ ਪਿੰਡ ਮੁਰਾਜਵਾਲਾ ਤੋਂ ਚਲਦੇ ਗਰਿਡ ਦੀ ਬਿਜਲੀ ਸਪਲਾਈ ਦੇ ਮੰਦੜੇ ਹਾਲ ਦੇ ਕਿਸੇ ਸੁਣਾਏ ਹਨ| ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਮੁੱਖ ਆਗੂ ਕਵੀਸ਼ਰ ਜਗਤਾਰ ਸਿੰਘ ਨੱਲ੍ਹ, ਬੂਟਾ ਸਿੰਘ, ਅੰਮ੍ਰਿਤਪਾਲ ਸਿੰਘ, ਸਰਵਨ ਸਿੰਘ ਸਾਬਕਾ ਸਰਪੰਚ, ਸੰਦੀਪ ਸਿੰਘ, ਗੁਰਮੁਖ ਸਿੰਘ, ਪਿੰਡ ਨਸੀਰਪੁਰ ਦੇ ਕਿਸਾਨਾਂ ’ਚ ਸਰਵਣ ਸਿੰਘ ਸਰਪੰਚ ਆਗੂ, ਤਰਸੇਮ ਸਿੰਘ ਟੁਰਨਾ ਪੰਚ, ਗੁਰਮੇਲ ਸਿੰਘ, ਪਰਮਿੰਦਰ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਕਰਮਜੀਤ ਸਿੰਘ, ਜਗਰੂਪ ਸਿੰਘ, ਮਾਸਟਰ ਜਸਪਾਲ ਸਿੰਘ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ, ਸਰਬਜੀਤ ਸਿੰਘ, ਡਾਕਟਰ ਬਲਦੇਵ ਸਿੰਘ, ਸੰਦੀਪ ਸਿੰਘ ਅਤੇ ਹੋਰਾਂ ਨੇ ਕਿਹਾ ਕਿ ਵੱਖ ਵੱਖ ਬਿਜਲੀ ਅਫ਼ਸਰਾਂ ਅਤੇ ਕਰਮਚਾਰੀਆਂ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਗਰਿਡ ਓਵਰਲੋਡ ਚੱਲ ਰਿਹਾ ਹੈ, ਜੋ ਕਪੈਸਿਟੀ ਤੋਂ ਵੱਧ ਲੋਡ ਕਾਰਨ ਹੈ| ਉਨ੍ਹਾਂ ਕਿਹਾ ਕਿ ਸਾਡੇ ਪਿੰਡਾਂ ’ਚ ਤਾਂ 24 ਘੰਟੇ ਘਰੇਲੂ ਬਿਜਲੀ ਸਪਲਾਈ ਵੀ ਜਿਆਦਾਤਰ ਬੰਦ ਰਹਿੰਦੀ ਹੈ| ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੱਲ ਤੱਕ ਸਪਲਾਈ ਇਸੇੇ ਤਰ੍ਹਾਂ ਰਹੀ ਤਾਂ ਕਿਸਾਨ ਰੋਡ ਜਾਮ ਕਰ ਦੇਣਗੇ, ਜਿਸਦੀ ਜਿੰਮੇਵਾਰੀ ਬਿਜਲੀ ਮਹਿਕਮੇ ਦੀ ਜਾਂ ਪ੍ਰਸ਼ਾਸਨ ਦੀ ਹੋਵੇਗੀ| ਇਸ ਸਬੰਧੀ ਗਰਿਡ ਦੇ ਇੰਚਾਰਜ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਉਕਤ ਗਰਿਡ ਓਵਰਲੋਡ ਤਾਂ ਚੱਲ ਹੀ ਰਿਹਾ ਹੈ, ਪਰ ਜੋ ਕੱਟ ਲੱਗ ਰਹੇ ਹਨ ਉਹ ਪਿੱਛਲੀਆਂ ਹਦਾਇਤਾਂ ਮੁਤਾਬਕ ਹੀ ਲਾਏ ਜਾ ਰਹੇ ਹਨ|
ਦੂਜੇ ਗਰਿੱਡਾਂ ’ਤੇ ਵੀ ਬਿਜਲੀ ਸਪਲਾਈ ਰਹਿੰਦੀ ਹੈ ਗੁੱਲ- ਪ੍ਰਧਾਨ ਅਲੀਵਾਲ
ਲੋਹੀਆਂ ਖਾਸ, 24 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਇਸੇ ਦੌਰਾਨ ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਦੇ ਸੂਬਾ ਆਗੂ ਰਣਜੀਤ ਸਿੰਘ ਅਲੀਵਾਲ ਅਤੇ ਨਿਰਮਲ ਸਿੰਘ ਦੋਨੇਵਾਲ ਨੇ ਲੋਹੀਆਂ ਸਥਿਤ ‘ਅਜੀਤ’ ਦੇ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਲੋਹੀਆਂ ਅਧੀਨ ਚੱਲਦੇ ਦੂਜੇ ਗਰਿਡਾਂ ’ਤੇ ਵੀ ਸਪਲਾਈ ਦਾ ਬੁਰਾ ਹਾਲ ਹੈ| ਉਨ੍ਹਾਂ ਕਿਹਾ ਕਿ 8 ਘੰਟੇ ਲਗਾਤਾਰ ਬਿਜਲੀ ਸਪਲਾਈ ਦੀਆਂ ਗੱਲਾਂ ਕਰ ਰਹੀ ਸਰਕਾਰ ਨੇ ਝੋਨੇ ਦੀ ਫਸਲ ਸਮੇਤ ਕਿਸਾਨਾਂ ਨੂੰ ਵੀ ਸੁੱਕਣੇ ਪਾਇਆ ਹੋਇਆ ਹੈ| ਉਨ੍ਹਾਂ ਕਿਹਾ ਕਿ ਲੋਹੀਆਂ ਅਧੀਨ ਚੱਲਦੇ ਸਾਰੇ ਗਰਿਡਾਂ ’ਤੇ ਬਿਜਲੀ ਸਪਲਾਈ ਨਿਯਮਤ ਕੀਤੀ ਜਾਵੇ, ਨਹੀਂ ਤਾਂ ਕਿਸਾਨ ਕਿਸੇ ਵੱਡੇ ਸੰਘਰਸ਼ ਦਾ ਐਲਾਨ ਕਰ ਦੇਣਗੇ|
ਪਿਛਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਵਲੋਂ ਪਹਿਲੀ ਨੂੰ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਰਿਹਾਇਸ਼ ਮੂਹਰੇ ਰੋਸ ਪ੍ਰਦ... ਅਗਲੀ ਖ਼ਬਰ ਫੋਰੈਂਸਿਕ ਰਿਪੋਰਟਾਂ ਮਾਮਲੇ ਵਿਚ ਭਾਜਪਾ ਦੀ ਕੋਈ ਭੂਮਿਕਾ ਨਹੀਂ- ਰਵਨੀਤ ਸਿੰਘ ਬਿੱਟੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।