07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦਾ 1956 ’ਚ ਬਣਿਆ ਗੁਰਦੁਆਰਾ ਐਕਟ ਰੱਦ ਕਰਨ ਦੀ ਸਿੰਘ ਸਭਾਵਾਂ ਤੇ ਸਿੱਖ ਜਥੇਬੰਦੀਆਂ ਵਲੋਂ ਨਿੰਦਾ

ਅਜੀਤ ਡੈਸਕ 25-06-2026
ਜਲੰਧਰ, 24 ਜੂਨ (ਐੱਮ. ਐੱਸ. ਲੋਹੀਆ)- ਸ਼ਹਿਰ ਦੀਆਂ ਸਿੰਘ ਸਭਾਵਾਂ ਅਤੇ ਧਾਰਮਿਕ ਜਥੇਬੰਦੀਆਂ ਨੇ ਸਿੱਖ ਧਰਮ ਦੇ ਪੰਜ ਤਖ਼ਤਾਂ ’ਚੋ ਇਕ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦਾ 1956 ’ਚ ਬਣੇ ਗੁਰਦੁਆਰਾ ਐਕਟ ਨੂੰ ਮਹਾਂਰਾਸ਼ਟਰ ਦੀ ਭਾਜਪਾ ਸਰਕਾਰ ਵਲੋਂ ਰੱਦ ਕਰ ਦਿੱਤੇ ਜਾਣ ਦੀ ਜ਼ੋਰਦਾਰ ਨਿੰਦਾ ਕੀਤੀ ਹੈ। ਆਗੂਆਂ ਨੇ ਕਿਹਾ ਕਿ ਬੋਰਡ ਭੰਗ ਕਰਕੇ ਨਵਾਂ ਐਕਟ ਲਿਆਉਣ ਦਾ ਫ਼ੈਸਲਾ ਭਾਰੀ ਵਿਵਾਦ ਅਤੇ ਸਿੱਖ ਸੰਗਤ ’ਚ ਰੋਸ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜ੍ਹੀ ਹੈ। ਇਸ ਫ਼ੈਸਲੇ ਦੇ ਵਿਰੋਧ ’ਚ ਇਕੱਠੀਆਂ ਹੋਈਆਂ ਸਿੰਘ ਸਭਾਵਾਂ ਅਤੇ ਸਿੱਖ ਜਥੇਬੰਦੀਆਂ ’ਚ ਗੁਰਦੁਆਰਾ ਆਦਰਸ਼ ਨਗਰ ਦੇ ਪ੍ਰਧਾਨ ਸਰਬਜੀਤ ਸਿੰਘ ਰਾਜਪਾਲ, ਹਰਿੰਦਰ ਪਾਲ ਸਿੰਘ ਨਰੂਲਾ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਸੈਂਟਰਲ ਟਾਊਨ ਤੋਂ ਪਰਮਿੰਦਰ ਸਿੰਘ ਡਿੰਪੀ, ਜਤਿੰਦਰ ਸਿੰਘ ਖ਼ਾਲਸਾ, ਮਨਵਿੰਦਰ ਸਿੰਘ ਸਹਿਗਲ, ਗੁਰਦੁਆਰਾ ਅਜੀਤ ਨਗਰ ਤੋਂ ਹਰਜੋਤ ਸਿੰਘ ਲੱਕੀ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਤੋਂ ਸੁਖਦੇਵ ਸਿੰਘ ਗਾਂਧੀ, ਗੁਰਦੁਆਰਾ ਆਸਾ ਪੂਰਨ ਤੋਂ ਕੁਲਜੀਤ ਸਿੰਘ ਚਾਵਲਾ, ਸਿੱਖ ਤਾਲਮੇਲ ਕਮੇਟੀ ਤੋਂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਭਾਈ ਘਨ੍ਹਈਆ ਜੀ ਸੇਵਕ ਦਲ ਤੋਂ ਭਾਈ ਗੁਰਮੇਲ ਸਿੰਘ, ਸਤਪਾਲ ਸਿੰਘ ਨੀਲਾ ਮਹਿਲ, ਆਗਾਜ਼ ਐੱਨ. ਜੀ.ਓ. ਤੋਂ ਪਰਮਪ੍ਰੀਤ ਸਿੰਘ ਵਿੱਟੀ, ਰਣਜੀਤ ਸਿੰਘ ਗੋਲਡੀ, ਐਡਵੋਕੇਟ ਸੰਦੀਪ ਕੰਵਰ ਸਿੰਘ ਛਾਬੜਾ, ਜਸਬੀਰ ਸਿੰਘ ਦਕੋਹਾ, ਗੁਰਬਚਨ ਸਿੰਘ ਮੱਕੜ ਅਤੇ ਹੋਰਾਂ ਨੇ ਕਿਹਾ ਕਿ ਇਹ ਫ਼ੈਸਲਾ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖੇਡਣ ਦੇ ਬਰਾਬਰ ਹੈ ਅਤੇ ਸਿੱਖ ਗੁਰਧਾਮਾਂ ’ਤੇ ਸਰਕਾਰੀ ਕੰਟਰੋਲ ਕਰਨ ਦੀ ਕੋਸ਼ਿਸ਼ ਹੈ। ਇਸ ਦਾ ਵੱਧ ਤੋਂ ਵੱਧ ਵਿਰੋਧ ਕਰਨਾ ਅਤਿਅੰਤ ਜ਼ਰੂਰੀ ਹੈ, ਕਿਉਂਕਿ ਇਸ ਨਾਲ ਸਿੱਖ ਗੁਰੂ ਘਰਾਂ ਦਾ ਸੁਤੰਤਰ ਪ੍ਰਬੰਧ ਖ਼ਤਰੇ ’ਚ ਪੈ ਜਾਵੇਗਾ। ਇਸ ਕੰਮ ਲਈ ਪੰਥਕ ਏਕਤਾ ਅਤੇ ਇਕਜੁੱਟ ਹੋਣ ਦੀ ਲੋੜ ਹੈ। ਆਗੂਆਂ ਨੇ ਮਹਾਂਰਾਸ਼ਟਰ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਇਸ ਫੈਸਲੇ ਨੂੰ ਵਾਪਿਸ ਲਿਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸਰਕਾਰ ਸਿੱਖ ਕੌਮ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਪਿਛਲੀ ਖ਼ਬਰ ਫੀਫਾ ਵਿਸ਼ਵ ਕੱਪ ਤੋਂ ਪ੍ਰੇਰਿਤ ਹੋ ਕੇ ਮੰਗੂਵਾਲ ‘ਚ ਕਰਾਇਆ ਫੁੱਟਬਾਲ ਮੈਚ ਅਗਲੀ ਖ਼ਬਰ ਮਿੱਡ ਡੇ ਮੀਲ ਵਰਕਰ ਯੂਨੀਅਨ ਨੇ ਮੁੱਖ ਮੰਤਰੀ ਦੇ ਨਾਂਅ ’ਤੇ ਭੇਜਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।