ਕਪੂਰਥਲਾ, 7 ਸਤੰਬਰ (ਅਮਨਜੋਤ ਸਿੰਘ ਵਾਲੀਆ)- ਨਵਾਂ ਪਿੰਡ ਵਿਖੇ ਦੋ ਧਿਰਾਂ ਦੀ ਹੋਈ ਲੜਾਈ ਉਪਰੰਤ ਦੋਵੇਂ ਧਿਰ ਥਾਣਾ ਕੋਤਵਾਲੀ ਦਰਖਾਸਤ ਦੇਣ ਪਹੁੰਚੀਆਂ ਤਾਂ ਥਾਣੇ ਦੇ ਬਾਹਰ ਆਪਸ ਵਿਚ ਫਿਰ ਭਿੜ ਗਈਆਂ। ਜਿਸ ਕਾਰਨ ਦੋਵੇਂ ਧਿਰਾਂ ਵਿਚ ਦੋ ਔਰਤਾਂ ਸਮੇਤ 7 ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਤੇ ਪੁਲਿਸ ਵਾਲਿਆਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ।
ਜੇਰੇ ਇਲਾਜ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਸੰਗੀਤਾ ਜੋ ਘਰਾਂ ਵਿਚ ਕੰਮ ਕਰਦੀ ਹੈ ਦੀ ਬਲਵਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਵਲੋਂ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਜਿਸ ਸਬੰਧੀ ਉਹ ਆਪਣੀ ਪਤਨੀ ਤੋਂ ਇਲਾਵਾ ਅਮਰਜੀਤ ਸਿੰਘ, ਅਮਰੀਕ ਕੌਰ ਤੇ ਵੀਰ ਨਾਲ ਥਾਣਾ ਕੋਤਵਾਲੀ ਵਿਖੇ ਦਰਖਾਸਤ ਦੇਣ ਆਏ ਤਾਂ ਮੁੜ ਉਨ੍ਹਾਂ 'ਤੇ ਹਮਲਾ ਕਰਕੇ ਪੰਜਾਂ ਨੂੰ ਜ਼ਖਮੀ ਕਰ ਦਿੱਤਾ ਗਿਆ।
ਦੂਜੀ ਧਿਰ ਦੇ ਬਲਵਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਝਗੜਾ ਨਵਾਂ ਪਿੰਡ ਭੱਠੇ ਹੋਇਆ ਸੀ ਜਿਸ ਸਬੰਧੀ ਉਹ ਦਰਖਾਸਤ ਦੇਣ ਆਏ ਸੀ ਤਾਂ ਥਾਣਾ ਕੋਤਵਾਲੀ ਮੂਹਰੇ ਜਤਿੰਦਰਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ। ਥਾਣਾ ਕੋਤਵਾਲੀ ਦੇ ਐਸ.ਐਚ.ਓ. ਲਖਬੀਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦਾ ਝਗੜਾ ਕੋਤਵਾਲੀ ਦੇ ਬਾਹਰ ਹੋਇਆ ਹੈ ਜਿਨ੍ਹਾਂ ਵਿਚ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ ਜਿੱਥੇ ਡਿਊਟੀ ਡਾ. ਇੰਦਰਪ੍ਰੀਤ ਸਿੰਘ ਵਲੋਂ ਤੇ ਜ਼ਖਮੀਆਂ ਦੀ ਇਲਾਜ ਜਾਰੀ ਹੈ ਤੇ ਜਦਕਿ ਵੀਰ ਦੀ ਹਾਲਤ ਗੰਭੀਰ ਦੇਖਦਿਆਂ ਉਸਨੂੰ ਮੈਡੀਕਲ ਕਾਲਜ ਅੰਮਿ੍ਤਸਰ ਰੈਫ਼ਰ ਕਰ ਦਿੱਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਐਮ.ਐਲ.ਆਰ. ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।