ਮਲਸੀਆਂ, 2 ਜੂਨ (ਸੁਖਦੀਪ ਸਿੰਘ)-ਪੰਜਾਬ ਦੇ ਜਲ ਸਰੋਤ ਬਾਰੇ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਕੀਤੀਆਂ ਕਿ ਉਹ ਗਿੱਦੜਪਿੰਡੀ ਰੇਲਵੇ ਪੁੱਲ ਦੇ ਹੇਠੋਂ ਜੰਮੀ ਗਾਰ ਨੂੰ ਕੱਢਣ ਦੇ ਕੰਮ 'ਚ ਤੇਜ਼ੀ ਲਿਆਉਣ | ਉਹ ਅੱਜ ਪਿੰਡ ਸੀਚੇਵਾਲ ਵਿਖੇ ਚੱਲ ਰਹੇ ਖੇਡ ਮੇਲੇ 'ਚ ਸ਼ਿਰਕਤ ਕਰਨ ਤੋਂ ਬਾਅਦ ਡਰੇਨਜ਼ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਨਿਰਮਲ ਕੁਟੀਆ ਵਿੱਚ ਮੀਟਿੰਗ ਕਰ ਰਹੇ ਸਨ | ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਮਿੱਟੀ ਕੱਢਣ ਲਈ ਲੱਗੇ ਟਿੱਪਰਾਂ ਦੀ ਗਿਣਤੀ ਵਧਾਈ ਜਾਵੇ | ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਧਿਆਨ 'ਚ ਲਿਆਂਦਾ ਕਿ ਸਤਲੁਜ ਦਰਿਆ ਦੇ ਜਲੰਧਰ ਵਾਲੇ ਪਾਸੇ ਪਿੰਡ ਮੰਡਾਲਾ ਛੰਨਾ ਨੇੜੇ 16 ਕਰੋੜ ਦੇ ਪੱਥਰ ਲਗਾ ਕੇ ਬੰਨ੍ਹ ਮਜ਼ਬੂਤ ਤਾਂ ਕਰ ਦਿੱਤਾ ਗਿਆ ਹੈ, ਪਰ ਜੇਕਰ ਦਰਿਆ ਦੇ ਪਾਣੀ ਨੂੰ ਕਰੀਕ ਰਾਹੀਂ ਦਰਿਆ ਦੇ ਵਿਚਕਾਰ ਨਾ ਕੀਤਾ ਗਿਆ ਤੇ ਪੁਲ ਹੇਠੋਂ ਮਿੱਟੀ ਨਾ ਕੱਢੀ ਗਈ ਤਾਂ ਵਿਭਾਗ ਵੱਲੋਂ ਲਗਾਏ ਗਏ 16 ਕਰੋੜ ਦੇ ਪੱਥਰ ਵੀ ਹੜ੍ਹ ਨੂੰ ਰੋਕਣ ਦੇ ਸਮਰੱਥ ਨਹੀਂ ਹੋਣਗੇ | ਉਨ੍ਹਾਂ ਕੈਬਨਿਟ ਮੰਤਰੀ ਦੇ ਧਿਆਨ 'ਚ ਇਹ ਵੀ ਲਿਆਂਦਾ ਕਿ ਰੇਲਵੇ ਪੁਲ ਹੇਠੋਂ ਮਿੱਟੀ ਕੱਢਣ ਦੇ ਕੰਮ ਦੀ ਰਫ਼ਤਾਰ ਬਹੁਤ ਸੁਸਤ ਹੈ | ਜੇ ਇਸੇ ਰਫ਼ਤਾਰ ਨਾਲ ਕੰਮ ਚੱਲਦਾ ਰਿਹਾ ਤਾਂ ਪੁੱਲ ਹੇਠੋਂ ਪਾਣੀ ਦੀ ਨਿਕਾਸੀ ਲਈ ਰਾਹ ਪੱਧਰਾ ਕਰਨਾ ਅÏਖਾ ਹੋ ਜਾਵੇਗਾ | ਸੰਤ ਸੀਚੇਵਾਲ ਨੇ ਕੈਬਨਿਟ ਮੰਤਰੀ ਗੋਇਲ ਦੇ ਧਿਆਨ 'ਚ ਲਿਆਂਦਾ ਕਿ ਜੇਕਰ ਦਰਿਆ 'ਚੋਂ ਮਿੱਟੀ ਕੱਢਣ ਦੇ ਕੰਮ ਵਿੱਚ ਤੇਜ਼ੀ ਨਾ ਲਿਆਂਦੀ ਗਈ ਤਾਂ ਬਰਸਾਤਾਂ ਤੋਂ ਪਹਿਲਾਂ ਗਿੱਦੜਪਿੰਡੀ ਦੇ ਰੇਲਵੇ ਪੁਲ ਹੇਠੋਂ ਪਾਣੀ ਦੀ ਨਿਕਾਸੀ ਔਖੀ ਹੋ ਜਾਵੇਗੀ, ਜਿਸ ਨਾਲ ਇਹ ਇਲਾਕਾ ਹੜ੍ਹਾਂ ਦੀ ਮਾਰ ਹੇਠਾਂ ਆ ਸਕਦਾ ਹੈ |