ਸ਼ਾਹਕੋਟ, 2 ਜੂਨ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ, ਨਗਿੰਦਰ ਸਿੰਘ ਬਾਂਸਲ)- ਐੱਸ.ਐੱਸ.ਪੀ (ਦਿਹਾਤੀ) ਜਲੰਧਰ ਹਰਵਿੰਦਰ ਸਿੰਘ ਵਿਰਕ ਦੀਆਂ ਹਦਾਇਤਾਂ ਅਨੁਸਾਰ ਸ਼ਾਹਕੋਟ ਪੁਲਿਸ ਵਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਬ-ਇੰਸਪੈਕਟਰ ਦਿਲਬਾਗ ਸਿੰਘ ਮੁੱਖ ਅਫ਼ਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵਲੋਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ 5 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ 5 ਦਾਤਰ, 1 ਖਿਡੌਣਾ ਪਿਸਤੌਲ, 1 ਗੱਡੀ, 1 ਮੋਟਰਸਾਈਕਲ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ | ਡੀ.ਐੱਸ.ਪੀ ਸ਼ਾਹਕੋਟ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਮਿਤੀ 1 ਜੂਨ ਦੀ ਰਾਤ ਨੂੰ ਅੰਗਰੇਜ ਸਿੰਘ ਇੰਚਾਰਜ ਚੌਕੀ ਮਲਸੀਆਂ ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਦੇ ਡਬਰੀ ਰੋਡ ਮਲਸੀਆਂ ਪਾਣੀ ਵਾਲੀ ਟੈਂਕੀ ਦੇ ਨਜ਼ਦੀਕ ਤੋਂ ਮਾਰੂ ਹਥਿਆਰਾਂ ਨਾਲ ਲੈੱਸ ਵਿਅਕਤੀ ਗੌਰਵ ਪੁੱਤਰ ਸੁਰਿੰਦਰ ਕੁਮਾਰ ਵਾਸੀ ਮੁਹੱਲਾ ਅਜ਼ਾਦ ਨਗਰ ਸ਼ਾਹਕੋਟ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਪਰਜੀਆਂ ਖੁਰਦ, ਵਿਕਾਸ ਉਰਫ ਵਿੱਕੀ ਪੁੱਤਰ ਸੁਖਦੇਵ ਵਾਸੀ ਡਬਰੀ ਕਲੋਨੀ ਮਲਸੀਆਂ, ਰੋਹਿਤ ਉਰਫ ਰਾਹਤ ਸ਼ਾਹਕੋਟੀ ਪੁੱਤਰ ਟੋਨੀ ਵਾਸੀ ਮੁਹੱਲਾ ਬਾਗਵਾਲਾ ਸ਼ਾਹਕੋਟ ਤੇ ਅਸ਼ਮਨਦੀਪ ਸਿੰਘ ਉਰਫ਼ ਅਸ਼ਮਨ ਪੁੱਤਰ ਬਲਦੇਵ ਸਿੰਘ ਵਾਸੀ ਨਿਹਾਲੂਵਾਲ ਥਾਣਾ ਲੋਹੀਆਂ ਨੂੰ ਗਿ੍ਫ਼ਤਾਰ ਕਰਕੇ ਇਕ ਮੋਟਰਸਾਈਕਲ ਬੁਲਟ (ਨੰਬਰ ਪੀ.ਬੀ-08-ਸੀ.ਪੀ-4431), ਇਕ ਰੈਨੋਲਟ ਟਰਾਈਬਰ ਗੱਡੀ (ਨੰਬਰ ਪੀ.ਬੀ-67-ਈ-3843) ਤੇ 5 ਦਾਤਰ ਬਰਾਮਦ ਕੀਤੇ ਹਨ | ਇਨ੍ਹਾਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 155, ਧਾਰਾ 310(4),310(5) ਬੀ.ਐੱਨ.ਐੱਸ ਤਹਿਤ ਥਾਣਾ ਸ਼ਾਹਕੋਟ ਵਿਖੇ ਦਰਜ ਕਰਕੇ ਗਿ੍ਫ਼ਤਾਰ ਕੀਤਾ ਗਿਆ ਹੈ | ਉਕਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਵਿਕਾਸ ਉਰਫ਼ ਵਿੱਕੀ ਵਲੋਂ ਪੁੱਛ-ਗਿੱਛ ਕਰਕੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਲਈ ਰੱਖਿਆ ਹੋਇਆ ਇਕ ਖਿਡੌਣਾ ਪਿਸਤੌਲ, ਲੋਹੀਆਂ ਰੋਡ ਮਲਸੀਆਂ ਨਜਦੀਕ ਵਈ 'ਤੇ ਬਣੇ ਪੁੱਲ ਦੇ ਹੇਠਾਂ ਤੋਂ ਬਰਾਮਦ ਕੀਤਾ ਗਿਆ ਹੈ | ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ | ਦੋਸ਼ੀ ਗਰਪ੍ਰੀਤ ਸਿੰਘ ਗੋਪੀ, ਵਿਕਾਸ ਵਿੱਕੀ ਤੇ ਅਸ਼ਮਨਦੀਪ ਸਿੰਘ ਅਸ਼ਮਨ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਹਨ |