ਸ਼ਾਹਕੋਟ, 2 ਜੂਨ (ਸੁਖਦੀਪ ਸਿੰਘ)-ਪੰਜਾਬ ਭਰ 'ਚ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਅੱਜ ਜ਼ਿਲ੍ਹਾ/ਤਹਿਸੀਲ ਪੱਧਰ ਦੇ ਅਧਿਕਾਰੀਆਂ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਸਾਨੀ ਅਤੇ ਹੋਰ ਮੰਗਾਂ ਸਬੰਧੀ ਮੰਗ ਪੱਤਰ ਭੇਜੇ ਗਏ | ਤਹਿਸੀਲ ਸ਼ਾਹਕੋਟ ਵਿਖੇ ਐੱਸ.ਕੇ.ਐਮ. 'ਚ ਸ਼ਾਮਲ ਸਰਗਰਮ ਜਥੇਬੰਦੀਆਂ 'ਤੇ ਅਧਾਰਤ ਮੋਰਚੇ ਦੇ ਸੱਦੇ 'ਤੇ ਅੱਜ ਸੈਂਕੜਿਆਂ ਦੀ ਗਿਣਤੀ 'ਚ ਕਿਸਾਨ ਅਤੇ ਮਜ਼ਦੂਰ ਇਕੱਠੇ ਹੋਏ | ਇਸ ਇਕੱਠ ਨੂੰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਬਲਦੇਵ ਸਿੰਘ, ਬਲਕਾਰ ਸਿੰਘ, ਬੂਟਾ ਸਿੰਘ, ਵਰਿੰਦਰਪਾਲ ਸਿੰਘ ਕਾਲਾ ਅਤੇ ਗੁਰਚਰਨ ਸਿੰਘ ਚਾਹਲ ਨੇ ਸੰਬੋਧਨ ਕਰਦਿਆਂ ਕਿਸਾਨੀ ਨਾਲ ਸਬੰਧਤ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ | ਇਸ ਦੇ ਨਾਲ-ਨਾਲ ਭਵਿੱਖ ਬਾਰੇ ਚਿੰਤਾ ਪ੍ਰਗਟ ਕਰਦਿਆਂ ਬੁਲਾਰਿਆਂ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਅਤੇ ਅਮਰੀਕਾ ਨਾਲ ਖੇਤੀ ਵਸਤਾਂ ਨਾਲ ਸੰਬੰਧਿਤ ਹੋਣ ਜਾ ਰਹੇ ਸਮਝੌਤੇ ਕਿਸ ਤਰ੍ਹਾਂ ਦੇਸ਼ ਦੀ ਅਰਥਵਿਵਸਥਾ ਅਤੇ ਖੇਤੀ ਖੇਤਰ ਨੂੰ ਪ੍ਰਭਾਵਿਤ ਕਰਨਗੇ | ਦੇਸ਼ ਦੀ 60 ਫ਼ੀਸਦੀ ਤੋਂ ਵੱਧ ਅਬਾਦੀ ਸਿੱਧੇ ਤੌਰ 'ਤੇ ਖੇਤੀ ਖੇਤਰ 'ਚ ਲੱਗੀ ਹੋਈ ਹੈ | ਪਹਿਲਾਂ ਹੀ ਗੰਭੀਰ ਸੰਕਟ ਦਾ ਸ਼ਿਕਾਰ ਇਹ ਖੇਤਰ ਫ਼ਸਲਾਂ ਦੀ ਵਾਜਬ ਕੀਮਤ ਨਾ ਮਿਲਣ ਅਤੇ ਵਧ ਰਹੀ ਮਹਿੰਗਾਈ ਕਾਰਨ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ | ਦੇਸ਼ ਅੰਦਰ ਵਿਦੇਸ਼ੀ ਵਪਾਰ ਅਤੇ ਉਤਪਾਦਨ ਦੇ ਸਾਰੇ ਖੇਤਰ ਬਹੁਤ ਵੱਡੇ ਘਾਟੇ 'ਚ ਚੱਲ ਰਹੇ ਹਨ | ਕੇਵਲ ਖੇਤੀ ਖੇਤਰ ਹੀ ਇੱਕ ਅਜਿਹਾ ਖੇਤਰ ਹੈ, ਜਿਸ ਨੇ ਕੁੱਝ ਹੱਦ ਤੱਕ ਦੇਸ਼ ਦੀ ਆਰਥਿਕਤਾ ਨੂੰ ਸੰਭਾਲਿਆ ਹੋਇਆ ਹੈ | ਇਸ ਮੌਕੇ ਆਗੂਆਂ ਐੱਸ.ਡੀ.ਐਮ. ਆਦਿੱਤਿਆ ਗੁਪਤਾ ਨੂੰ ਮੰਗ ਪੱਤਰ ਸੌਂਪਿਆ | ਪਿ੍ੰਸੀਪਲ ਮਨਜੀਤ ਸਿੰਘ ਨੇ ਦਿੱਤੇ ਗਏ ਮੰਗ ਪੱਤਰ 'ਚ ਸ਼ਾਮਲ ਮੰਗਾਂ ਨੂੰ ਹਾਜ਼ਰ ਇਕੱਠ ਵਿੱਚ ਪੜ੍ਹ ਕੇ ਸੁਣਾਇਆ ਅਤੇ ਸੰਖੇਪ ਵਿੱਚ ਇਹਨਾਂ ਮੰਗਾਂ ਦੀ ਵਿਆਖਿਆ ਕੀਤੀ ਅਤੇ ਦੱਸਿਆ ਕਿ ਕਿਸ ਤਰ੍ਹਾਂ ਇਹ ਮੰਗਾਂ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ, ਮੁਲਾਜ਼ਮਾਂ ਅਤੇ ਮੱਧ ਵਰਗ ਦੀਆਂ ਮੰਗਾਂ ਦੀ ਨੁਮਾਇੰਦਗੀ ਕਰਦੀਆਂ ਹਨ | ਇਸ ਮੌਕੇ ਜਸਵੀਰ ਸਿੰਘ, ਬਲਕਾਰ ਸਿੰਘ, ਮਲਕੀਤ ਸਿੰਘ, ਸੁਰਿੰਦਰ ਸਿੰਘ, ਕੇਵਲ ਸਿੰਘ, ਗੁਰਜੀਤ ਸਿੰਘ, ਹਰਦਿਆਲ ਸਿੰਘ, ਜਸਪ੍ਰੀਤ ਸਿੰਘ, ਗੁਰਦੀਪ ਸਿੰਘ, ਬਚਿੱਤਰ ਸਿੰਘ, ਅਮਨਦੀਪ ਸਿੰਘ, ਨਿਰਮਲ ਸਿੰਘ, ਮਨਵੀਰ ਸਿੰਘ, ਪ੍ਰੀਤਮ ਸਿੰਘ, ਜਸਮੇਲ ਸਿੰਘ, ਨਰਿੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਜਸਪਾਲ ਸਿੰਘ, ਪਰਮਿੰਦਰ ਸਿੰਘ, ਦਵਿੰਦਰ ਸਿੰਘ, ਮੁਖਤਾਰ ਸਿੰਘ, ਅਮਰਜੀਤ ਸਿੰਘ, ਮੁਖਤਾਰ ਸਿੰਘ, ਹਜੂਰਾ ਸਿੰਘ, ਬਲਵਿੰਦਰ ਸਿੰਘ, ਕਰਨੈਲ ਸਿੰਘ, ਰਣਜੀਤ ਸਿੰਘ, ਮੇਜਰ ਸਿੰਘ, ਗੁਰਪ੍ਰੀਤ ਸਿੰਘ, ਬਲਕਾਰ ਸਿੰਘ, ਧਰਮਿੰਦਰ ਸਿੰਘ, ਬਗੀਚਾ ਸਿੰਘ, ਜਗੀਰ ਜੋਸਨ, ਮਾਸਟਰ ਕੁਲਦੀਪ ਸਿੰਘ, ਜਿੰਦਰ ਬਾਗਪੁਰ ਆਦਿ ਸਮੇਤ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਸ਼ਾਮਿਲ ਸਨ |