26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਲੁੱਕ, ਬਜਰੀ ਦੀਆਂ ਕੀਮਤਾਂ ਵਧਣ ਕਾਰਨ ਕਰੋੜਾਂ ਦੀਆਂ ਸੜਕਾਂ ਬਣਾਉਣ ਦਾ ਕੰਮ ਲਟਕਿਆ

ਅਜੀਤ ਡੈਸਕ 03-06-2026

ਜਲੰਧਰ, 2 ਜੂਨ (ਸ਼ਿਵ)-ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਜਿੱਥੇ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਸੜਕਾਂ ਬਣਾਉਣ ਦੇ ਸਾਰੇ ਕੰਮ 30 ਜੂਨ ਤੱਕ ਪੂਰੇ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ ਤੇ ਉੱਥੇ ਜਲੰਧਰ ਵਿਚ ਪੁਰਾਣੇ ਰੇਟਾਂ 'ਤੇ ਲੁੱਕ ਬਜਰੀ ਦੇ ਅਲਾਟ ਕੀਤੇ ਗਏ 30 ਕਰੋੜ ਤੋਂ ਲੈ ਕੇ 35 ਕਰੋੜ ਤੱਕ ਦੇ ਕੰਮ ਲਟਕ ਗਏ ਹਨ ਜਿਸ ਦੇ ਅਜੇ ਜਲਦੀ ਪੂਰੇ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ | ਬੀਤੇ ਦਿਨੀਂ ਮੇਅਰ ਵਨੀਤ ਧੀਰ ਦੀ ਪ੍ਰਧਾਨਗੀ ਵਿਚ ਹੋਈ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਠੇਕੇਦਾਰਾਂ ਨੂੰ ਇਕ ਮਹੀਨੇ ਵਿਚ ਸੜਕਾਂ ਬਣਾਉਣ ਦੇ ਕੰਮ ਪੂਰੇ ਕਰਨ ਦੀ ਹਦਾਇਤ ਦਿੱਤੀ ਹੈ ਪਰ ਦੂਜੇ ਪਾਸੇ ਲੁੱਕ, ਬਜਰੀ ਦੀਆਂ ਸੜਕਾਂ ਤਿਆਰ ਕਰਨ ਵਾਲੇ ਠੇਕੇਦਾਰਾਂ ਲਈ ਪੁਰਾਣੀਆਂ ਕੀਮਤਾਂ 'ਤੇ ਕੰਮ ਕਰਨੇ ਔਖੇ ਹੋ ਰਹੇ ਹਨ ਤੇ ਕਰੋੜਾਂ ਦੇ ਕੰਮ ਇਸ ਕਰਕੇ ਲਟਕ ਗਏ ਹਨ ਕਿ ਲੁੱਕ, ਬਜਰੀ ਦੀਆਂ ਕੀਮਤਾਂ ਕਾਫੀ ਵਧ ਗਈਆਂ ਹਨ | ਕੁੱਝ ਸਮੇਂ ਤੋਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ 8 ਰੁਪਏ ਪ੍ਰਤੀ ਲੀਟਰ ਤੱਕ ਵਧ ਚੁੱਕੀਆਂ ਹਨ ਤੇ ਇਸ ਨਾਲ ਲੁੱਕ ਦੀ ਕੀਮਤ ਵੀ ਦੁੱਗਣੀ ਕੀਮਤ ਕਰੀਬ 80 ਰੁਪਏ ਕਿੱਲੋ ਹੋ ਗਈ ਹੈ | ਇਸੇ ਤਰਾਂ ਨਾਲ ਲੁੱਕ, ਬਿਜਲੀ ਨੂੰ ਮਿਕਸ ਕਰਨ ਵਾਲਾ ਤੇਲ ਮਹਿੰਗਾ ਹੋਣ ਤੋਂ ਇਲਾਵਾ ਡੀਜ਼ਲ ਦੀਆਂ ਕੀਮਤਾਂ ਵਧਣ ਕਰੈਸ਼ਰ ਵੀ ਮਹਿੰਗਾ ਹੋ ਗਿਆ ਹੈ | ਪਹਿਲਾਂ ਤਾਂ ਤੇਲ ਦੀਆਂ ਕੀਮਤਾਂ ਵਧਣ ਦੇ ਨਾਲ ਲੁੱਕ ਦੀ ਕੀਮਤ ਦੁੱਗਣੀ ਹੋ ਗਈ ਸੀ ਤਾਂ ਲੁੱਕ, ਬਜਰੀ ਮਿਕਸ ਕਰਨ ਵਾਲੇ ਹਾਟ ਮਿਕਸ ਪਲਾਂਟ ਵਾਲਿਆਂ ਨੇ ਕੰਮ ਬੰਦ ਕਰ ਦਿੱਤੇ ਸੀ ਪਰ ਜਦੋਂ ਹੁਣ ਡੀਜ਼ਲ ਦੀ ਕੀਮਤ ਵੀ ਵਧ ਗਈ ਹੈ ਤਾਂ ਕਿਰਾਏ ਵਧਣ ਕਾਰਨ ਕਰੈਸ਼ਰ ਵੀ ਮਹਿੰਗਾ ਹੋ ਗਿਆ ਹੈ | ਲੁੱਕ ਮਹਿੰਗੀ ਹੋਣ ਨਾਲ ਕਈ ਠੇਕੇਦਾਰਾਂ ਨੇ ਲੁੱਕ ਪਾਉਣ ਦਾ ਕੰਮ ਬੰਦ ਕਰ ਦਿੱਤਾ ਸੀ ਪਰ ਲੁੱਕ ਨਾਲ ਮਿਕਸ ਹੋਈ ਬਜਰੀ ਪਾਉਣ ਦਾ ਕੰਮ ਬਾਅਦ ਵਿਚ ਕੀਤਾ ਜਾਂਦਾ ਹੈ ਤਾਂ ਉਸ ਦੇ ਹੇਠਾਂ ਪਾਇਆ ਜਾਣ ਵਾਲਾ ਪੱਥਰ ਅਤੇ ਮਿੱਟੀ ਨੂੰ ਕਿਹਾ ਜਾਂਦਾ ਗਟਕਾ ਪਾਇਆ ਜਾਂਦਾ ਹੈ ਪਰ ਠੇਕੇਦਾਰਾਂ ਵਲੋਂ ਕਈ ਥਾਵਾਂ 'ਤੇ ਗਟਕਾ ਪਾਉਣ ਦੇ ਕੰਮ ਦੀ ਵੀ ਗਤੀ ਹੌਲੀ ਕਰ ਦਿੱਤੀ ਹੈ | ਉਧਰ ਲੁੱਕ, ਬਜਰੀ ਦਾ ਕੰਮ ਕਰਨ ਵਾਲੇ ਠੇਕੇਦਾਰ ਦਾ ਕਹਿਣਾ ਸੀ ਕਿ ਪੁਰਾਣੀਆਂ ਕੀਮਤਾਂ 'ਤੇ ਕੰਮ ਅਲਾਟ ਹੋਏ ਕੰਮ ਹੁਣ ਲੁੱਕ, ਬਜਰੀ ਮਹਿੰਗਾ ਹੋਣ ਕਰਕੇ ਪੂਰੇ ਨਹੀਂ ਹੋ ਰਹੇ ਹਨ ਜੇਕਰ ਸਰਕਾਰ ਵਲੋਂ ਕੰਮਾਂ ਦੀਆਂ ਕੀਮਤਾਂ ਵਿਚ ਵਾਧਾ ਨਾ ਕੀਤਾ ਗਿਆ ਤਾਂ ਕੰਮ ਕਰਨੇ ਔਖੇ ਹੋ ਸਕਦੇ ਹਨ | ਉਧਰ ਸਥਾਨਕ ਸਰਕਾਰਾਂ ਵਿਭਾਗ ਦੇ ਇਕ ਉੱਚ ਅਧਿਕਾਰੀ ਨ ਦੱਸਿਆ ਕਿ ਜਿਨਾਂ ਠੇਕੇਦਾਰਾਂ ਨੇ ਪੁਰਾਣੀਆਂ ਕੀਮਤਾਂ 'ਤੇ ਕੰਮ ਲਏ ਹਨ | ਉਨਾਂ ਨੂੰ ਉਹ ਕੰਮ ਪੂਰੇ ਕਰਨੇ ਪੈਣਗੇ | ਨਵੇਂ ਅਲਾਟ ਹੋਏ ਕੰਮ ਕੀਮਤਾਂ ਵਧਣ ਨਾਲ ਕੀਮਤਾਂ ਨੂੰ ਸੋਧ ਕੇ ਅਲਾਟ ਕੀਤੇ ਗਏ ਹਨ |
ਅੱਜ ਕਮੇਟੀ ਦੀ ਮੀਟਿੰਗ ਵਿਚ ਉੱਠੇਗਾ ਟੁੱਟੀਆਂ ਸੜਕਾਂ ਦਾ ਮਾਮਲਾ
ਜਲੰਧਰ, ਅੱਜ ਸੜਕ ਸੁਰੱਖਿਆ ਕਮੇਟੀ ਦੀ ਹੋਣ ਵਾਲੀ ਮੀਟਿੰਗ ਵਿਚ ਸ਼ਹਿਰ ਵਿਚ ਕਈ ਟੁੱਟੀਆਂ ਸੜਕਾਂ ਦਾ ਮੁੱਦਾ ਉੱਠਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਸ਼ਹਿਰ ਦੇ ਕਈ ਹਿੱਸਿਆਂ ਤੋਂ ਇਲਾਵਾ ਜਲੰਧਰ ਤੋਂ ਲੰਘਦੇ ਹਾਈਵੇ ਦੀ ਵੀ ਅਜੇ ਕਾਫੀ ਥਾਵਾਂ ਤੋਂ ਹਾਲਤ ਖ਼ਰਾਬ ਹੈ | ਹਾਈਵੇ ਦੀ ਸਰਵਿਸ ਰੋਡ ਸਮੇਤ ਹੋਰ ਵੀ ਕਈ ਥਾਵਾਂ 'ਤੇ ਸੁਧਾਰ ਕੀਤੇ ਜਾਣ ਦੀ ਲੋੜ ਹੈ | ਮੇਅਰ ਵਨੀਤ ਧੀਰ ਨੇ ਕੁੱਝ ਦਿਨ ਪਹਿਲਾਂ ਹੀ ਹਾਈਵੇ ਦਾ ਦੌਰਾ ਕਰਕੇ ਕੀਤੇ ਜਾ ਰਹੇ ਕੰਮਾਂ ਦੀ ਗੁਣਵੱਤਾ 'ਤੇ ਸਵਾਲ ਉਠਾਏ ਸਨ | ਮੀਟਿੰਗ ਵਿਚ ਟੁੱਟੀਆਂ ਸੜਕਾਂ ਦੀ ਮੁਰੰਮਤ ਅਤੇ ਨਜਾਇਜ਼ ਕਬਜ਼ੇ ਹਟਾਉਣ ਦਾ ਪ੍ਰਸਤਾਵ ਵੀ ਸ਼ਾਮਿਲ ਕੀਤਾ ਗਿਆ ਹੈ | ਨਗਰ ਨਿਗਮ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਟੁੱਟੀਆਂ ਸੜਕਾਂ ਦੀ ਤੁਰੰਤ ਮੁਰੰਮਤ ਕਰਨ ਅਤੇ ਆਵਾਜਾਈ ਵਿਚ ਵਿਘਨ ਪਾਉਣ ਵਾਲੇ ਨਜਾਇਜ਼ ਕਬਜ਼ਿਆਂ ਨੂੰ ਸੜਕਾਂ ਤੋਂ ਹਟਾਉਣ ਲਈ ਕਿਹਾ ਜਾਵੇਗਾ ਅਤੇ ਸੁਪਰੀਮ ਕੋਰਟ ਦੇ ਜਾਰੀ ਆਦੇਸ਼ਾਂ 'ਤੇ ਸ਼ਹਿਰ ਵਿਚ ਬੇਸਹਾਰਾ ਪਸ਼ੂਆਂ ਅਤੇ ਲਾਵਾਰਿਸ ਕੁੱਤਿਆਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਯੋਜਨਾ 'ਤੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ |

ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਡੀ.ਸੀ. ਦਫਤਰ ਬਾਹਰ ਧਰਨਾ ਅਗਲੀ ਖ਼ਬਰ ਕੇਂਦਰੀ ਹਲਕੇ ਦੇ ਬਜ਼ੁਰਗਾਂ ਲਈ ਨਿਤਿਨ ਕੋਹਲੀ ਦੀ ਅਹਿਮ ਪਹਿਲਕਦਮੀ, ਮੁਫ਼ਤ ਈ-ਰਿਕਸ਼ਾ ਸੇਵਾ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।