ਜਲੰਧਰ, 2 ਜੂਨ (ਜਤਿੰਦਰ ਪੰਮੀ)-ਆਮ ਆਦਮੀ ਪਾਰਟੀ ਦੇ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਵਲੋਂ ਸੀਨੀਅਰ ਸਿਟੀਜ਼ਨਾਂ ਦੀ ਸਹੂਲਤ ਲਈ ਵਿਲੱਖਣ ਲੋਕ ਭਲਾਈ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ | 'ਬਜ਼ੁਰਗਾਂ ਦੀ ਸਹੂਲਤ, ਸਾਡੀ ਜ਼ਿੰੰਮੇਵਾਰੀ' ਦੇ ਸੰਦੇਸ਼ ਨਾਲ ਸ਼ੁਰੂ ਕੀਤੀ ਗਈ ਇਹ ਮੁਫਤ ਈ-ਰਿਕਸ਼ਾ ਸੇਵਾ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਰੋਜ਼ਾਨਾ ਦੇ ਜ਼ਰੂਰੀ ਕੰਮਾਂ ਲਈ ਆਵਾਜਾਈ ਦੀ ਸਹੂਲਤ ਮੁਹੱਈਆ ਕਰਵਾਏਗੀ | ਇਸ ਸੇਵਾ ਰਾਹੀਂ ਸੀਨੀਅਰ ਸਿਟੀਜ਼ਨ ਗੁਰਦੁਆਰਿਆਂ, ਮੰਦਰਾਂ, ਸਤਿਸੰਗ ਸਮਾਗਮਾਂ, ਸਮਾਜਿਕ ਪ੍ਰੋਗਰਾਮਾਂ, ਦਵਾਈਆਂ ਦੀ ਖਰੀਦਦਾਰੀ ਅਤੇ ਹੋਰ ਜ਼ਰੂਰੀ ਕੰਮਾਂ ਲਈ ਮੁਫਤ ਆਵਾਜਾਈ ਸਹੂਲਤ ਦਾ ਲਾਭ ਲੈ ਸਕਣਗੇ | ਇਸ ਮੌਕੇ ਗੱਲਬਾਤ ਕਰਦਿਆਂ ਨਿਤਿਨ ਕੋਹਲੀ ਨੇ ਕਿਹਾ ਕਿ ਸਾਡੇ ਬਜ਼ੁਰਗ ਸਮਾਜ ਦੀ ਅਨਮੋਲ ਵਿਰਾਸਤ ਹਨ | ਉਨ੍ਹਾਂ ਦੇ ਤਜ਼ਰਬੇ, ਮਿਹਨਤ ਅਤੇ ਯੋਗਦਾਨ ਨੇ ਅੱਜ ਦੇ ਸਮਾਜ ਦੀ ਨੀਂਹ ਰੱਖੀ ਹੈ | ਇਸ ਲਈ ਉਨ੍ਹਾਂ ਦੀ ਸਹੂਲਤ, ਸੁਰੱਖਿਆ ਅਤੇ ਸਨਮਾਨ ਨੂੰ ਯਕੀਨੀ ਬਣਾਉਣਾ ਸਾਡਾ ਫਰਜ਼ ਹੈ | ਉਨ੍ਹਾਂ ਕਿਹਾ ਕਿ ਇਹ ਸੇਵਾ ਸਿਰਫ ਇੱਕ ਆਵਾਜਾਈ ਸਹੂਲਤ ਨਹੀਂ, ਸਗੋਂ ਬਜੁਰਗਾਂ ਪ੍ਰਤੀ ਸਤਿਕਾਰ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਪ੍ਰਤੀਕ ਹੈ | ਇਸ ਉਪਰਾਲੇ ਦਾ ਮੁੱਖ ਉਦੇਸ਼ ਬਜ਼ੁਰਗਾਂ ਨੂੰ ਸਨਮਾਨ ਨਾਲ ਸੁਤੰਤਰ ਅਤੇ ਸੁਖਾਲਾ ਜੀਵਨ ਜਿਊਣ ਵਿੱਚ ਸਹਾਇਤਾ ਕਰਨਾ ਹੈ | ਕੋਹਲੀ ਨੇ ਕਿਹਾ ਕਿ ਉਨ੍ਹਾਂ ਦਾ ਨਜ਼ਰੀਆ ਜਲੰਧਰ ਸੈਂਟਰਲ ਨੂੰ ਅਜਿਹਾ ਹਲਕਾ ਬਣਾਉਣਾ ਹੈ ਜਿੱਥੇ ਵਿਕਾਸ ਦੇ ਨਾਲ-ਨਾਲ ਹਰ ਵਰਗ ਦੀਆਂ ਲੋੜਾਂ ਦਾ ਵੀ ਖਾਸ ਧਿਆਨ ਰੱਖਿਆ ਜਾਵੇ | ਕੋਹਲੀ ਨੇ ਕਿਹਾ ਕਿ ਇਸ ਸੇਵਾ ਦਾ ਲਾਭ ਲੈਣ ਲਈ ਸੀਨੀਅਰ ਸਿਟੀਜ਼ਨ 0181-5018181 ਅਤੇ 89686-21277 'ਤੇ ਸੰਪਰਕ ਕਰ ਸਕਦੇ ਹਨ | ਇਸ ਮੌਕੇ ਸੁਭਾਸ਼ ਸ਼ਰਮਾ, ਗੋਲਡੀ ਮਰਵਾਹਾ, ਮਨੀਸ਼ ਸਰਮਾ, ਪਰਵੀਨ ਪੱਬੀ, ਐੱਮ.ਬੀ. ਬਾਲੀ, ਸੁਮਿਤ ਸ਼ਰਮਾ, ਰਾਜੀਵ ਗਿੱਲ, ਗੁਰਪ੍ਰੀਤ ਕੌਰ, ਲਵ ਰੌਬਿਨ, ਅਜੈ ਚੋਪੜਾ, ਮਨਮੋਹਨ ਰਾਜੂ, ਦੀਪਕ ਕੁਮਾਰ, ਅਮਰਦੀਪ ਸਿੰਘ ਕਿੰਨੂ, ਜਸਵਿੰਦਰ ਸਿੰਘ, ਤਰਲੋਕ ਸਾਰਨ, ਪਰਵੀਨ ਪਹਿਲਵਾਨ, ਨਰੇਸ਼ ਸ਼ਰਮਾ, ਜਤਿਨ ਗੁਲਾਟੀ, ਨਿਖਿਲ ਅਰੋੜਾ, ਹਰਪਾਲ ਮਿੰਟੂ, ਅਸ਼ੋਕ ਸਾਬਰਵਾਲ, ਤਰਨਦੀਪ ਸੰਨੀ, ਲਗਨਦੀਪ ਅਤੇ ਜਸਪ੍ਰੀਤ ਸਿੰਘ ਰਿੱਪੀ ਵੀ ਮੌਜੂਦ |