ਜਲੰਧਰ, 25 ਮਾਰਚ (ਸ਼ਿਵ)- ਸ਼ਹਿਰ ਵਿਚ ਇਸ਼ਤਿਹਾਰੀ ਬੋਰਡਾਂ ਅਤੇ ਬੈਨਰਾਂ ਦਾ ਠੇਕਾ ਦੇਣ ਦੇ ਬਾਵਜੂਦ ਸ਼ਹਿਰ ਵਿਚ ਕਈ ਥਾਵਾਂ 'ਤੇ ਅਜੇ ਵੀ ਨਾਜਾਇਜ ਤੌਰ 'ਤੇ ਬੈਨਰ ਅਤੇ ਬੋਰਡ ਲਗਾਏ ਜਾ ਰਹੇ ਹਨ | ਜਿਸ ਕਰਕੇ ਠੇਕਾ ਲੈਣ ਵਾਲੀ ਕੰਪਨੀ ਵੀ ਕਾਫੀ ਪੇ੍ਰਸ਼ਾਨ ਦੱਸੀ ਜਾ ਰਹੀ ਹੈ | ਨਿਗਮ ਵਲੋਂ ਇਸ ਤਰ੍ਹਾਂ ਦੇ ਨਾਜਾਇਜ਼ ਬੋਰਡ ਅਤੇ ਬੈਨਰਾਂ ਨੂੰ ਉਤਾਰਨ ਲਈ ਇਕ ਟੀਮ ਵੀ ਬਣਾਈ ਗਈ ਹੈ ਤੇ ਉਕਤ ਟੀਮ ਸਮੇਂ-ਸਮੇਂ ਸਿਰ ਇਨ੍ਹਾਂ ਬੋਰਡਾਂ ਅਤੇ ਬੈਨਰਾਂ ਨੂੰ ਉਤਾਰ ਰਹੀ ਹੈ | ਦੱਸਿਆ ਜਾਂਦਾ ਹੈ ਕਿ ਮਾਡਲ ਟਾਊਨ ਦੇ ਕੋਲ ਹੀ ਗੈਰ ਕਾਨੂੰਨੀ ਤੌਰ 'ਤੇ ਬੈਨਰ ਅਤੇ ਬੋਰਡ ਲਗਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨਿਗਮ ਵਲੋਂ ਇਕ ਫ਼ਰਮ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ | ਨਿਗਮ ਦੇ ਵਿਗਿਆਪਨ ਵਿਭਾਗ ਦੇ ਸੁਪਰਡੈਂਟ ਵਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਸ਼ਹਿਰ ਵਿਚ ਨਿਯਮਾਂ ਮੁਤਾਬਿਕ ਕਈ ਥਾਵਾਂ 'ਤੇ ਬੋਰਡ ਨਹੀਂ ਲਗਾਏ ਜਾ ਸਕਦੇ | ਇਨ੍ਹਾਂ ਬਾਈਲਾਜ ਮੁਤਾਬਿਕ ਨਗਰ ਨਿਗਮ ਦੀ ਲਿਖਿਤ ਪ੍ਰਵਾਨਗੀ ਤੋਂ ਬਿਨਾਂ ਕੋਈ ਵੀ ਇਸ਼ਤਿਹਾਰਬਾਜ਼ੀ ਨਹੀਂ ਕੀਤੀ ਜਾ ਸਕਦੀ | ਇਹ ਸੂਚਨਾ ਹਿਤ ਹੈ ਕਿ ਸੈਕਸ਼ਨ 123 ਪੰਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ, 1976 ਵਿਚ ਸੋਧ ਕਰਕੇ ਹੁਣ ਬਿਨਾਂ ਆਗਿਆ ਅਣਅਧਿਕਾਰਤ ਇਸ਼ਤਿਹਾਰਬਾਜ਼ੀ ਕਰਨ 'ਤੇ 50,000 ਰੁਪਏ ਜੁਰਮਾਨਾ ਰੱਖਿਆ ਗਿਆ ਹੈ | ਇਸ ਨੋਟਿਸ ਰਾਹੀਂ ਸਖ਼ਤ ਹਦਾਇਤ ਕੀਤੀ ਜਾਂਦੀ ਹੈ ਕਿ ਇਸ ਨੋਟਿਸ ਦੇ ਪ੍ਰਾਪਤ ਹੋਣ 'ਤੇ ਅਣਅਧਿਕਾਰਤ ਇਸ਼ਤਿਹਾਰਾਬਾਜ਼ੀ ਬੈਨਰ, ਬੋਰਡ ਆਦਿ ਨੂੰ ਆਪਣੇ ਪੱਧਰ 'ਤੇ 2 ਦਿਨਾਂ ਦੇ ਅੰਦਰ-ਅੰਦਰ ਨਹੀਂ ਹਟਾਈ ਜਾਂਦੀ ਤਾਂ ਨਿਗਮ ਆਪਣੀ ਕਾਰਵਾਈ ਕਰੇਗੀ |