ਜਲੰਧਰ, 22 ਜਨਵਰੀ (ਪਵਨ ਖਰਬੰਦਾ)-ਸਟੇਟ ਪਬਲਿਕ ਸਕੂਲ ਕੈਂਟ ਦੇ 12ਵੀਂ ਜਮਾਤ (ਸਾਇੰਸ) ਦੇ ਵਿਦਿਆਰਥੀ ਗੁਰਜਿੰਦ ਸਿੰਘ ਨੇ ਅੰਡਰ-19 ਲੜਕਿਆਂ ਦੀ ਰਾਸ਼ਟਰੀ ਹਾਕੀ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਟੀਮ ਨਾਲ ਮਿਲ ਕੇ ਕਾਂਸੀ ਦਾ ਮੈਡਲ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਦੇਸ਼ ਭਰ ਤੋਂ ਆਈਆਂ ਮਜ਼ਬੂਤ ਅਤੇ ਪ੍ਰਤਿਭਾਸ਼ਾਲੀ ਟੀਮਾਂ ਨਾਲ ਤਗੜੇ ਮੁਕਾਬਲੇ ਦੌਰਾਨ ਗੁਰਜਿੰਦ ਸਿੰਘ ਨੇ ਆਪਣੀ ਖੇਡ ਕਾਬਲੀਅਤ, ਅਟੱਲ ਮਿਹਨਤ, ਅਨੁਸ਼ਾਸਨ ਅਤੇ ਟੀਮ ਭਾਵਨਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ | ਉਸ ਦੀ ਲਗਨ ਅਤੇ ਦਿ੍ੜ ਨਿਸ਼ਚੇ ਨੇ ਟੀਮ ਦੀ ਸਫਲਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ | ਪੂਰੇ ਟੂਰਨਾਮੈਂਟ ਦੌਰਾਨ ਟੀਮ ਨੇ ਉੱਚ ਕੋਟੀ ਦਾ ਖੇਡ ਜਜ਼ਬਾ ਦਿਖਾਉਂਦਿਆਂ ਹਰ ਮੈਚ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ ਅਤੇ ਆਖ਼ਰਕਾਰ ਕਾਂਸੀ ਦਾ ਮੈਡਲ ਆਪਣੇ ਨਾਮ ਕੀਤਾ | ਗੁਰਜਿੰਦ ਸਿੰਘ ਦੀ ਇਹ ਮਹੱਤਵਪੂਰਨ ਉਪਲੱਬਧੀ ਇਸ ਗੱਲ ਦਾ ਸਪਸ਼ੱਟ ਪ੍ਰਮਾਣ ਹੈ ਕਿ ਉਹ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਬੇਹੱਦ ਸਮਰਪਿਤ, ਮਿਹਨਤੀ ਅਤੇ ਲਕਸ਼ ਪ੍ਰਤੀ ਸਚੇਤ ਵਿਦਿਆਰਥੀ ਹੈ | ਇਸ ਮੌਕੇ ਸਕੂਲ ਦੇ ਪ੍ਰਧਾਨ ਨਰੋਤਮ ਸਿੰਘ, ਮੀਤ ਪ੍ਰਧਾਨ ਗਗਨਦੀਪ ਕੌਰ, ਸਕੂਲ ਪਿ੍ੰਸੀਪਲ ਸਵੀਨਾ ਬਹਿਲ ਅਤੇ ਵਾਇਸ ਪਿ੍ੰਸੀਪਲ ਸ੍ਰੀਮਤੀ ਗਗਨਦੀਪ ਖੈਰਾ ਵੱਲੋਂ ਗੁਰਜਿੰਦ ਸਿੰਘ ਨੂੰ ਇਸ ਵਿਲੱਖਣ ਅਤੇ ਸ਼ਾਨਦਾਰ ਸਫਲਤਾ ਲਈ ਦਿਲੋਂ ਵਧਾਈ ਦਿੱਤੀ ਗਈ | ਉਨ੍ਹਾਂ ਨੇ ਉਸ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਆਸ ਜਤਾਈ ਕਿ ਗੁਰਜਿੰਦ ਆਉਣ ਵਾਲੇ ਸਮੇਂ ਵਿੱਚ ਰਾਜ ਅਤੇ ਦੇਸ਼ ਪੱਧਰ 'ਤੇ ਹੋਰ ਵੀ ਉੱਚੀਆਂ ਉਪਲੱਬਧੀਆਂ ਹਾਸਲ ਕਰੇਗਾ |