ਜਲੰਧਰ, 21 ਜਨਵਰੀ (ਐੱਮ. ਐੱਸ. ਲੋਹੀਆ)-ਦੀ ਕੌਂਸਲ ਆਫ਼ ਸੁਪਰ ਸਪੈਸ਼ਲਿਸਟ ਵਲੋਂ ਆਪਣੇ ਮੈਂਬਰ ਡਾਕਟਰਾਂ ਨੂੰ ਖ਼ਾਸ ਕਰਕੇ ਬਲੱਡ ਕੈਂਸਰ ਦੇ ਆਧੁਨਿਕ ਇਲਾਜ ਸੰਬੰਧੀ ਜਾਣਕਾਰੀ ਦੇਣ ਲਈ ਉਪਰਾਲਾ ਕਰਦੇ ਹੋਏ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਡੀ. ਐੱਮ. ਸੀ. ਲੁਧਿਆਣਾ ਦੇ ਹੇਮੇਟੋਲੋਜਿਸਟ ਡਾ. ਸੁਵੀਰ ਸਿੰਘ ਤੇ ਫੋਰਟਿਸ ਹਸਪਤਾਲ ਜਲੰਧਰ ਵਿਖੇ ਚੱਲ ਰਹੇ ਅਮੈਰੀਕਨ ਆਨਕੋਲੋਜੀ ਇੰਸਟੀਚਿਊਟ ਦੇ ਮੈਡੀਕਲ ਐਨਕੋਲੋਜਿਸਟ ਡਾ. ਬੁਰਹਾਨ ਵਾਨੀ ਵਲੋਂ ਵੱਖ-ਵੱਖ ਤਰਾਂ ਦੇ ਕੈਂਸਰ ਦੇ ਆਧੁਨਿਕ ਇਲਾਜ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਕੌਂਸਲ ਦੇ ਸਰਪਰਸਤ ਡਾ. ਅਸ਼ਵਨੀ ਸੂਰੀ ਤੇ ਪ੍ਰਧਾਨ ਡਾ. ਦੇਵੇਂਦਰ ਪੰਵਾਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਸ਼ਹਿਰ ਦੇ ਸੁਪਰਸਪੈਸ਼ਲਿਸਟ ਡਾਕਟਰਾਂ ਨੇ ਭਾਗ ਲਿਆ | ਸਕੱਤਰ ਡਾ. ਭਰਤ ਗੁਪਤਾ ਵਲੋਂ ਮਾਹਿਰਾਂ ਅਤੇ ਵਿਚਾਰੇ ਜਾਣ ਵਾਲੇ ਵਿਸ਼ਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਇਸ ਮੌਕੇ ਡਾ. ਸੁਵੀਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਬਲੱਡ ਕੈਂਸਰ ਦੇ ਇਲਾਜ ਲਈ ਬੋਨ ਮੈਰੋ ਟ੍ਰਾਂਸਪਲਾਂਟ ਬਹੁਤ ਕਾਰਗਰ ਹੈ, ਜਿਸ ਨਾਲ 60 ਤੋਂ 70 ਪ੍ਰਤੀਸ਼ਤ ਮਰੀਜ਼ ਸਿਹਤਯਾਬ ਹੋ ਜਾਂਦੇ ਹਨ | ਉਨ੍ਹਾਂ ਕਿਹਾ ਕਿ ਇਹ ਕੋਈ ਸਰਜਰੀ ਨਹੀਂ ਹੈ, ਬਲਕਿ ਇਕ ਸਿਹਤਮੰਦ ਵਿਅਕਤੀ ਦੇ ਬਲੱਡ ਸੈੱਲ ਲੈ ਕੇ ਰੋਗੀ ਨੂੰ ਚੜ੍ਹਾਏ ਜਾਂਦੇ ਹਨ | ਇਸ ਪ੍ਰਕਿਰਿਆ 'ਚ ਮਰੀਜ਼ ਬਿਲਕੁੱਲ ਸਹਿਜ ਅਵਸਥਾ 'ਚ ਹੁੰਦਾ ਹੈ ਅਤੇ ਉਸ ਦੀ ਬਿਮਾਰੀ ਦਾ ਇਲਾਜ ਵੀ ਚੱਲਦਾ ਰਹਿੰਦਾ ਹੈ | ਡਾ. ਬੁਰਹਾਨ ਵਾਨੀ ਨੇ ਜਾਣਕਾਰੀ ਦਿੱਤੀ ਕਿ ਕੈਂਸਰ ਦੇ ਇਲਾਜ 'ਚ ਹੁਣ ਕਈ ਆਧੁਨਿਕ ਦਵਾਈਆਂ ਤੇ ਇਲਾਜ ਆ ਗਏ ਹਨ, ਜਿਨ੍ਹਾਂ ਜ਼ਰੀਏ ਮਰੀਜ਼ਾਂ ਦਾ ਇਲਾਜ ਸਫ਼ਲਤਾ ਨਾਲ ਹੋ ਸਕਦਾ ਹੈ | ਸਮਾਗਮ ਦੇ ਅੰਤ 'ਚ ਪ੍ਰਬੰਧਕਾਂ ਵਲੋਂ ਬੁਲਾਰਿਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਡਾ. ਐੱਨ. ਕੇ. ਸਰਦਾਨਾ, ਡਾ. ਰਮਨ ਚਾਵਲਾ, ਡਾ. ਐੱਚ. ਐੱਸ. ਭੁਟਾਨੀ, ਡਾ. ਕਨੂੰਪ੍ਰੀਆ ਭਾਟੀਆ, ਡਾ. ਸੰਜੇ ਮਿੱਤਲ, ਡਾ. ਰੋਹਨ ਸਰਦਾਨਾ, ਡਾ. ਰਿਪਿਨ ਮਿਗਲਾਨੀ ਤੇ ਹੋਰ ਹਾਜ਼ਰ ਸਨ |