ਡੱਬਵਾਲੀ, 14 ਜੂਨ (ਇਕਬਾਲ ਸਿੰਘ ਸ਼ਾਂਤ)-ਐਨਐਚਏਆਈ ਹਿਸਾਰ ਅਤੇ ਸਿੰਚਾਈ ਵਿਭਾਗ ਦੀ ਲਾਪਰਵਾਹੀ ਕਾਰਨ ਡੱਬਵਾਲੀ-ਸਿਰਸਾ ਕੌਮੀ ਸ਼ਾਹ ਰਾਹ-9 ਹੇਠਿਓਾ ਲੰਘਦੀ ਡੱਬਵਾਲੀ ਡਿਸਟਰੀਬਿਊਟਰੀ ਦੇ ਮਾਈਨਰ ਨੰਬਰ-6 ਵਿਚ ਓਵਰਫਲੋ ਦੀ ਸਥਿਤੀ ਬਣ ਗਈ | ਪੁਲੀ 'ਚ ਝਾੜੀਆਂ, ਕੂੜਾ-ਕਰਕਟ ਤੇ ਮਲਬਾ ਫਸਣ ਕਰਕੇ ਪਾਣੀ ਦਾ ਵਹਾਅ ਰੁਕ ਗਿਆ ਅਤੇ ਮਾਈਨਰ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਸੀ, ਜੋ ਮਸੀਤਾਂ ਪਿੰਡ ਦੇ ਕਿਸਾਨਾਂ ਦੀ ਮੁਸਤੈਦੀ ਨਾਲ ਵੱਡਾ ਨੁਕਸਾਨ ਟਲ ਗਿਆ | ਜਾਣਕਾਰੀ ਅਨੁਸਾਰ ਪਾਣੀ ਦਾ ਦਬਾਅ ਵਧਣ ਕਾਰਨ ਮਾਈਨਰ ਦਾ ਪਾਣੀ ਪੱਧਰ ਲਗਾਤਾਰ ਚੜ੍ਹਨ ਲੱਗ ਪਿਆ ਅਤੇ ਪਾਣੀ ਖੇਤਾਂ ਵੱਲ ਵਗਣ ਲੱਗਾ | ਸਥਿਤੀ ਗੰਭੀਰ ਹੁੰਦੀ ਦੇਖ ਕਿਸਾਨਾਂ ਨੇ ਆਪਣੇ ਪੱਧਰ 'ਤੇ ਜੇਸੀਬੀ ਮਸ਼ੀਨ ਦਾ ਪ੍ਰਬੰਧ ਕਰਕੇ ਪੁਲੀ ਵਿੱਚ ਫਸਿਆ ਮਲਬਾ ਤੇ ਗੰਦਗੀ ਕੱਢਵਾਈ, ਜਿਸ ਉਪਰੰਤ ਪਾਣੀ ਦਾ ਵਹਾਅ ਆਮ ਹੋ ਸਕਿਆ | ਇਸ ਦੌਰਾਨ ਕਿਸਾਨ ਸਰਵਜੀਤ ਸਿੰਘ ਮਸੀਤਾਂ, ਪਿੰਡ ਸਾਵੰਤਖੇੜਾ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਅਤੇ ਪਿੰਡ ਮਸੀਤਾਂ ਦੇ ਸਾਬਕਾ ਸਰਪੰਚ ਮਨਜੀਤ ਸਿੰਘ ਦਲੇਹ ਨੇ ਮੌਕੇ 'ਤੇ ਪੁੱਜ ਕੇ ਰਾਹਤ ਕਾਰਜਾਂ ਦੀ ਦੇਖ-ਰੇਖ ਕੀਤੀ | ਕਿਸਾਨਾਂ ਦਾ ਕਹਿਣਾ ਹੈ ਕਿ ਮਾਈਨਰ ਦੀ ਸਮਰੱਥਾ ਕਰੀਬ 200 ਕਿਊਸਿਕ ਹੈ | ਹੁਣੇ ਜਿਹੇ ਇਸਦੀ ਮੁੜ ਉਸਾਰੀ ਕੀਤੀ ਗਈ, ਪਰ ਐਨਐਚ-9 ਹੇਠਾਂ ਬਣੀ ਪੁਰਾਣੀ ਤੰਗ ਪੁਲੀ ਨੂੰ ਚੌੜਾ ਨਹੀਂ ਕੀਤਾ ਗਿਆ | ਇਸੇ ਕਰਕੇ ਬਰਸਾਤੀ ਮਲਬਾ ਅਤੇ ਝਾੜੀਆਂ ਵਾਰ-ਵਾਰ ਪੁਲੀ 'ਚ ਫਸ ਜਾਂਦੀਆਂ ਹਨ ਤੇ ਓਵਰਫਲੋ ਦੀ ਸਥਿਤੀ ਬਣ ਜਾਂਦੀ ਹੈ | ਇਸਦਾ ਅਸਰ ਕੌਮੀ ਸ਼ਾਹ ਰਾਹ-9 'ਤੇ ਵੀ ਪੈ ਰਿਹਾ ਹੈ | ਡੱਬਵਾਲੀ-ਸਿਰਸਾ ਸੜਕ ਦਾ ਇੱਕ ਹਿੱਸਾ ਮਾਈਨਰ ਨੇੜੇ ਧੱਸ ਚੁੱਕਾ ਹੈ, ਜੋ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ | ਪੁਲੀ ਬਾਰੇ ਅਗਾਊਾ ਚੌਕਸ ਕਿਸਾਨਾਂ ਨੇ ਦੱਸਿਆ ਕਿ ਉ੍ਹਨਾਂ ਸ਼ੁੱਕਰਵਾਰ ਨੂੰ ਤਹਿਸੀਲਦਾਰ ਰਾਹੀਂ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਮੌਕੇ ਦਾ ਮੁਆਇਨਾ ਕਰਨ ਅਤੇ ਸਮੱਸਿਆ ਦੇ ਤੁਰੰਤ ਹੱਲ ਦੀ ਮੰਗ ਕੀਤੀ ਸੀ, ਪਰ ਸਮੇਂ ਸਿਰ ਕੋਈ ਕਾਰਵਾਈ ਨਹੀਂ ਹੋਈ | ਸਰਵਜੀਤ ਸਿੰਘ ਮਸੀਤਾਂ ਅਨੁਸਾਰ ਇਹ ਮਾਈਨਰ ਮਸੀਤਾਂ, ਗੋਬਿੰਦਗੜ੍ਹ, ਅਲੀਕਾਂ ਅਤੇ ਸ਼ੇਰਗੜ੍ਹ ਸਮੇਤ ਕਈ ਪਿੰਡਾਂ ਦੀ ਸਿੰਚਾਈ ਅਤੇ ਪੀਣ ਵਾਲੇ ਪਾਣੀ ਦਾ ਮੁੱਖ ਜਰੀਆ ਹੈ | ਉਨ੍ਹਾਂ ਐਨਐਚਏਆਈ ਅਤੇ ਸਿੰਚਾਈ ਵਿਭਾਗ ਤੋਂ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ ਹੈ |