04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

04-08-2026

04-08-2026

ਅਜੀਤ ਡੈਸਕ 04-08-2026

ਛੱਪੜਾਂ ਨੂੰ ਬਚਾਓ

ਸਾਢੇ ਚਾਰ ਦਹਾਕੇ ਪਹਿਲਾਂ ਬਹੁਤ ਬਾਰਿਸ਼ਾਂ ਹੁੰਦੀਆਂ ਸਨ, ਜਿਸ ਨਾਲ ਪਿੰਡਾਂ ਦੇ ਛੱਪੜ ਨੱਕੋ-ਨੱਕ ਭਰ ਜਾਂਦੇ ਸਨ ਅਤੇ ਲੋਕਾਂ ਦੇ ਕੱਚੇ ਕੋਠੇ ਵੀ ਢਹਿ ਜਾਂਦੇ ਸਨ। ਜਿਥੇ ਛੱਪੜਾਂ ਵਿਚ ਪੀਲੇ-ਪੀਲੇ ਡੱਡੂ ਗੜੈਂ-ਗੜੈਂ ਕਰਦੇ ਸਨ, ਉਥੇ ਹੀ ਕੱਛੂਕੁੰਮੇ, ਜੋਕਾਂ ਆਦਿ ਹੁੰਦੀਆਂ ਸਨ ਅਤੇ ਪਿੰਡ ਦੇ ਲੋਕ ਆਪਣੇ ਡੰਗਰਾਂ ਨੂੰ ਵੀ ਛੱਪੜਾਂ ਵਿਚ ਹੀ ਨਹਾਉਂਦੇ ਤੇ ਪਾਣੀ ਪਿਆਉਂਦੇ ਸਨ ਅਤੇ ਬਰਸਾਤਾਂ ਬੰਦ ਹੋ ਜਾਣ ਤੋਂ ਬਾਅਦ ਛੱਪੜ ਦੀ ਚੀਕਣੀ ਮਿੱਟੀ ਕੱਢ ਕੇ ਕੰਧਾਂ-ਕੋਠੇ ਲਿੱਪਦੇ ਸਨ। ਬਰਸਾਤਾਂ ਤੋਂ ਬਾਅਦ ਘਰਾਂ 'ਚ ਲੱਗੇ ਨਲਕਿਆਂ ਦਾ ਪਾਣੀ ਨਾਲੀਆਂ ਰਾਹੀਂ ਛੱਪੜਾਂ ਵਿਚ ਪੈਂਦਾ ਰਹਿੰਦਾ ਸੀ ਅਤੇ ਪਾਣੀ-ਸੀਵਰੇਜ ਦੀ ਵੀ ਕੋਈ ਸਮੱਸਿਆ ਨਹੀਂ ਹੁੰਦੀ ਸੀ।  ਹੁਣ ਬਾਰਿਸ਼ਾਂ ਵੀ ਘਟ ਗਈਆਂ ਹਨ ਅਤੇ ਪਿੰਡਾਂ ਦੀ ਅਬਾਦੀ ਵੀ ਵਧ ਗਈ ਹੈ ਅਤੇ ਛੱਪੜਾਂ ਵਿਚ ਗੰਦਾ ਪਾਣੀ ਪੈਣ ਅਤੇ ਕੂੜਾ ਕਰਕਟ ਸੁੱਟਣ ਕਾਰਨ ਛੱਪੜ ਜਾਂ ਤਾਂ ਪੂਰੇ ਜਾ ਚੁੱਕੇ ਹਨ ਜਾਂ ਪੂਰੇ ਜਾ ਰਹੇ ਹਨ ਅਤੇ ਛੱਪੜਾਂ ਵਾਲੀ ਜਗ੍ਹਾ 'ਤੇ ਹੌਲੀ-ਹੌਲੀ ਕਬਜ਼ੇ ਕਰਕੇ, ਨਾਜਾਇਜ਼ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ। ਕੁਝ ਸਾਲ ਪਹਿਲਾਂ ਤੰਦਰੁਸਤ ਮਿਸ਼ਨ ਤਹਿਤ ਪੰਜਾਬ ਸਰਕਾਰ ਵਲੋਂ ਛੱਪੜਾਂ ਦੀ ਸਾਫ-ਸਫ਼ਾਈ ਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਵਿਆਪਕ ਮੁਹਿੰਮ ਚਲਾਈ ਗਈ ਸੀ, ਪਰ ਉਸ ਨੂੰ ਵੀ ਕੋਈ ਬਹੁਤਾ ਬੂਰ ਨਹੀਂ ਪਿਆ। ਸਰਕਾਰ ਨੂੰ ਚਾਹੀਦਾ ਹੈ ਕਿ ਜ਼ਮੀਨੀ ਪੱਧਰ 'ਤੇ ਛੱਪੜਾਂ ਦੀ ਜਗ੍ਹਾ ਦੀ ਨਿਸ਼ਾਨਦੇਹੀ ਕਰਵਾ ਕੇ ਨਾਜਾਇਜ਼ ਕਬਜ਼ੇ ਹਟਾਏ ਜਾਣ ਅਤੇ ਜੋ ਛੱਪੜ ਗੰਦਗੀ ਦਾ ਰੂਪ ਧਾਰ ਚੁੱਕੇ ਹਨ, ਉਨ੍ਹਾਂ ਦੀ ਸਾਫ਼-ਸਫ਼ਾਈ ਕਰਵਾ ਕੇ ਉਥੇ ਪਾਣੀ ਦਾ ਪ੍ਰਬੰਧ ਕਰਕੇ ਸੁੰਦਰ ਬਗੀਚੇ ਅਤੇ ਪਾਰਕਾਂ ਬਣਾਈਆਂ ਜਾਣ। ਅਜਿਹਾ ਕਰਨ ਨਾਲ ਜਿੱਥੇ ਛੱਪੜਾਂ ਵਾਲੀ ਜਗ੍ਹਾ ਦੀ ਹੋਂਦ ਬਚੀ ਰਹੇਗੀ, ਆਪਸੀ ਰੰਜਿਸ਼ਾਂ ਘਟਣਗੀਆਂ, ਉਥੇ ਹੀ ਵਾਤਾਵਰਨ ਵੀ ਸਾਫ਼-ਸੁਥਰਾ ਹੋਵੇਗਾ ਅਤੇ ਗੰਦਗੀ, ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ।
 
-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।
 
ਫਾਸ਼ੀਵਾਦ ਦਾ ਖੌਫ਼
 
ਕੀ ਭਾਰਤ ਵੀ ਫਾਸੀਵਾਦ ਵੱਲ ਵਧ ਰਿਹਾ ਹੈ ? 2014 ਤੋਂ ਬਾਅਦ ਦੀਆਂ ਕਈ ਨੀਤੀਆਂ ਫਾਸੀਬਾਦ ਵਿਚਾਰਧਾਰਾ ਨੂੰ ਗਤੀ ਦੇਣ ਵਾਲੀਆਂ ਹਨ। ਫਾਸੀਬਾਦ ਦਾ ਦੈਂਤ ਸਭ ਤੋਂ ਪਹਿਲਾਂ 20ਵੀਂ ਸਦੀ ਦੇ ਸ਼ੁਰੂ 'ਚ ਇਟਲੀ ਤੇ ਜਰਮਨ 'ਚ ਆਇਆ, ਜਿਸ ਦਾ ਮੁੱਢ ਪਹਿਲੀ ਸੰਸਾਰ ਜੰਗ ਤੋਂ ਬਾਅਦ ਭੁੱਖਮਰੀ ਤੋਂ ਬੱਝਿਆ ਸੀ। ਜਰਮਨੀ ਦਾ ਹਿਟਲਰ ਤੇ ਇਟਲੀ ਦਾ ਮੁਸੋਲਿਨੀ ਫਾਸੀਵਾਦ ਵਿਚਾਰਧਾਰਾ ਦੇ ਮੋਢੀ ਸਨ।  ਕੱਟੜਪੰਥੀ, ਤਾਨਾਸ਼ਾਹੀ, ਅੰਧ-ਰਾਸ਼ਟਰਵਾਦ, ਫਿਰਕਾਪ੍ਰਸਤੀ ਨੂੰ ਉਤਸ਼ਾਹਿਤ ਕਰਨਾ ਅਤੇ ਵਿਅਕਤੀਗਤ ਆਜ਼ਾਦੀ ਤੇ  ਸਮਾਜਵਾਦੀ ਮਾਰਕਸਵਾਦੀ/ ਲੈਨਿਨਵਾਦੀ ਵਿਚਾਰਧਾਰਾ ਦਾ ਵਿਰੋਧ ਫਾਸੀਵਾਦ ਦੇ ਮੁੱਖ ਲੱਛਣ ਹਨ। ਫਾਸੀਵਾਦ 'ਚ ਰਾਜਨੀਤਕ ਹਿੰਸਾ, ਗਰੀਬ ਤੇ ਸਾਧਨਹੀਣ ਲੋਕਾਂ ਤੇ ਘੱਟ-ਗਿਣਤੀਆਂ 'ਤੇ ਜਬਰ ਜੁਲਮ ਕਰਨਾ ਅਤੇ ਸਾਮਰਾਜਵਾਦ ਨੂੰ ਰਾਸ਼ਟਰੀ ਪੁਨਰ ਸੁਰਜੀਤੀ ਦਾ ਸਾਧਨ ਸਮਝਿਆ ਜਾਂਦਾ ਹੈ।  ਭਾਰਤ ਇਕ ਬਹੁ-ਭਾਸ਼ਾਈ, ਬਹੁ-ਜਾਤੀ ਤੇ ਬਹੁ-ਭਾਈਚਾਰਿਆਂ ਵਾਲਾ ਇਕ ਕੌਮੀ ਦੇਸ਼ ਹੈ, ਜਿੱਥੇ ਸੰਘੀ ਢਾਂਚੇ 'ਚ 28 ਸੂਬੇ 'ਚ 8 ਕੇਂਦਰੀ ਸ਼ਾਸਿਤ ਪ੍ਰਦੇਸ਼ ਹਨ। ਭਾਰਤ 'ਚ ਭੁੱਖਮਰੀ ਜਾਂ ਆਰਥਿਕ ਅਸਥਿਰਤਾ ਜਿਹਾ ਕੋਈ ਖ਼ਤਰਾ ਵੀ ਨਹੀਂ ਹੈ, ਫਿਰ ਦੇਸ਼ ਫਾਸੀਵਾਦੀ ਵਿਚਾਰਧਾਰਾ ਵਾਲੀਆਂ ਤਾਕਤਾਂ ਦਾ ਬੋਲਬਾਲਾ ਕਿਉਂ ਵਧ ਰਿਹਾ ਹੈ। ਭਾਰਤ ਦਾ ਇਕ ਲੋਕਤੰਤਰਿਕ ਦੇਸ਼ ਹੋਣਾ ਵੀ ਫਾਸੀਵਾਦ ਨੂੰ ਨਕਾਰਦਾ ਹੈ  ਕਿਉਂਕਿ ਸੰਵਿਧਾਨ ਦੇ ਉਲਟ ਕੀਤਾ ਜਾਣ ਵਾਲਾ ਕੋਈ ਵੀ ਕੰਮ ਗ਼ੈਰਕਾਨੂੰਨੀ ਹੈ। ਕੇਂਦਰ ਤੇ ਸੂਬਿਆਂ ਦੀਆਂ ਸਰਕਾਰਾਂ ਲੋਕਾਂ ਦੁਆਰਾ ਵੋਟਾਂ ਪਾ ਕੇ ਚੁਣੀਆਂ ਜਾਂਦੀਆਂ ਹਨ। ਭਾਵੇਂ ਹਾਲ ਹੀ 'ਚ ਨੌਜਵਾਨ ਵਿਦਿਆਰਥੀਆਂ ਦੇ ਅੰਦੋਲਨ ਨੇ ਸਰਕਾਰ ਨੂੰ ਲੋਕਤੰਤਰਿਕ ਕਦਰਾਂ-ਕੀਮਤਾਂ ਦੀ ਰਾਖੀ ਕਰਨ ਲਈ ਪ੍ਰੇਰਿਤ ਕੀਤਾ ਹੈ। ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਦੇਸ਼ 'ਚ ਸੱਤਾ ਪੱਖੀ ਫਾਸੀਵਾਦੀ ਤਾਕਤਾਂ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਅਣਡਿੱਠ ਕਰਨ ਲਈ ਪੂਰਾ ਜ਼ੋਰ ਲਗਾ ਰਹੀਆਂ ਹਨ। ਸਭ ਨਾਗਰਿਕਾਂ ਨੂੰ ਵੋਟ ਦੇ ਅਧਿਕਾਰ ਸਮੇਤ ਆਪਣੇ ਸਭ ਮੌਲਿਕ ਅਧਿਕਾਰਾਂ ਪ੍ਰਤੀ ਸੁਚੇਤ ਹੋਣਾ ਪਵੇਗਾ ਕਿਉਂਕਿ ਫਾਸੀਵਾਦੀ ਤਾਕਤਾਂ ਧਾਰਮਿਕ ਕੱਟੜਤਾ ਦੇ ਚੱਲਦੇ ਆਪਣੀ ਫਿਰਕੂ ਵਿਚਾਰਧਾਰਾ ਜਬਰੀ ਲਾਗੂ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗੀਆਂ ਹੋਈਆਂ ਹਨ, ਭਾਵੇਂ ਉਨ੍ਹਾਂ ਨੂੰ ਅਜੇ ਤੱਕ ਪੂਰੀ ਸਫਲਤਾ ਨਹੀਂ ਮਿਲ ਸਕੀ ਹੈ।
-ਦਰਸ਼ਨ ਸਿੰਘ ਕਲਸੀ,
ਕਪੂਰਥਲਾ
 

ਅਸਲ ਜ਼ਿੰਦਗੀ ਕੀ ਹੈ..?

 
ਅੱਜ ਦਾ ਇਨਸਾਨ ਮਸ਼ੀਨੀ ਯੁੱਗ ਵਿਚ ਆਪਣੇ ਆਪ ਨੂੰ ਵੀ ਮਸ਼ੀਨ ਬਣਾਈ ਫਿਰਦਾ ਹੈ, ਜ਼ਿੰਦਗੀ ਦੀ ਭੱਜ-ਦੌੜ ਵਿਚ ਉਹ ਆਪਣੇ ਆਲੇ-ਦੁਆਲੇ ਦੀ ਦੁਨੀਆ ਤੋਂ ਬੇਮੁਖ ਹੋਇਆ ਫਿਰਦਾ ਹੈ, ਜੋ ਉਸ ਦੀ ਜ਼ਿੰਦਗੀ ਹੈ ਹੀ ਨਹੀਂ, ਅਸਲ ਵਿਚ ਇਨਸਾਨ ਦੀ ਜ਼ਿੰਦਗੀ ਹੈ ਕੀ? ਅਸੀਂ ਸੋਸ਼ਲ ਮੀਡੀਆ ਤੇ ਮਸ਼ੀਨਰੀ ਦੀਆਂ ਜੰਗਾਂ ਵਿੱਚ ਅਸਲ ਜ਼ਿੰਦਗੀ ਨੂੰ ਭੁੱਲੀ ਬੈਠੇ ਹਾਂ। ਸਾਡੀਆਂ ਆਪਣਿਆਂ ਤੋਂ ਦੂਰੀਆਂ ਵਧਦੀਆਂ ਜਾ ਰਹੀਆਂ ਹਨ। ਦੋਸਤੋ ਜ਼ਿੰਦਗੀ ਬਹੁਤ ਛੋਟੀ ਹੈ। ਇਸ ਨੂੰ ਵੱਡੀ ਕਰਕੇ ਵੇਖਣਾ ਅਤੇ ਜਿਊਣਾ ਸਾਡੇ ਸਭ ਦੇ ਹੱਥ ਹੈ। ਪਰ ਅਸੀਂ ਉਹ ਨਹੀਂ ਕਰ ਰਹੇ। ਅਸਲ ਵਿੱਚ ਅਸੀਂ ਜ਼ਿੰਦਗੀ ਦਾ ਅਸਲ ਮਕਸਦ ਸਮਝ ਹੀ ਨਹੀਂ ਪਾਏ। ਅਸੀਂ ਸਾਰੇ ਬੱਚਿਆਂ ਦੀਆਂ ਗਲਤੀਆਂ ਤੋਂ ਸਿੱਖ ਸਕਦੇ ਹਾਂ, ਆਪਣਿਆਂ ਦੀ ਸੰਗਤ ਕਰਕੇ ਸਿੱਖ ਸਕਦੇ ਹਾਂ। ਜੇਕਰ ਜ਼ਿੰਦਗੀ ਦਾ ਆਨੰਦ ਮਾਨਣਾ ਚਾਹੁੰਦੇ ਹੋ, ਤਾਂ ਆਪਣਿਆਂ ਨੂੰ ਸਮਾਂ ਦੇਣਾ ਪਵੇਗਾ। ਜਦੋਂ ਤੁਸੀਂ ਹਰੇਕ ਵਿਅਕਤੀ ਲਈ ਸਮਾਂ ਕੱਢਣ ਲੱਗ ਜਾਵੋਗੇ ਤਾਂ ਤੁਹਾਨੂੰ ਜ਼ਿੰਦਗੀ ਜਿਊਣੀ ਵੀ ਆ ਜਾਵੇਗੀ ਅਤੇ ਤੁਹਾਨੂੰ ਸਿੱਖਣਾ ਵੀ ਆ ਜਾਵੇਗਾ।
 
-ਪਲਵਿੰਦਰ ਕੌਰ (ਹੈੱਡ ਟੀਚਰ)
 
ਸ.ਐਲੀ. ਸਕੂਲ ਨਿਊ, ਯਾਦਵਿੰਦਰਾ ਕਾਲੋਨੀ, ਪਟਿਆਲਾ ।
 

ਆਦਤਾਂ ਤੇ ਆਚਰਣ

 
ਤਜਰਬੇ ਅਤੇ ਖੋਜ ਨੇ ਇਹ ਗੱਲ ਪੂਰਨ ਤੌਰ 'ਤੇ ਸਿੱਧ ਕਰ ਦਿੱਤੀ ਹੈ ਕਿ ਆਦਤ ਸਾਡੇ ਕੰਮ ਕਰਨ ਨੂੰ ਹੀ ਨਹੀਂ ਕਹਿੰਦੇ। ਆਦਤ ਸਾਡੇ ਵਿਅਕਤੀਤਵ ਅਤੇ ਆਚਰਣ ਦੀ ਜੜ੍ਹ ਤੱਕ ਆਪਣਾ ਪ੍ਰਭਾਵ ਰੱਖਦੀ ਹੈ। ਮਿਸਾਲ ਦੇ ਤੌਰ 'ਤੇ ਖ਼ੁਸ਼ ਰਹਿਣ ਦੀ ਆਦਤ ਮਨੁੱਖ ਨੂੰ ਆਸ਼ਾਵਾਦੀ ਬਣਾਉਂਦੀ ਹੈ ਅਤੇ ਉਸ ਨੂੰ ਆਸ਼ਾਵਾਂ ਨਾਲ ਭਰਿਆ ਹੋਇਆ ਇਕ ਖੁਸ਼ੀ ਭਰਪੂਰ ਵਿਅਕਤੀਤਵ ਵੀ ਪ੍ਰਦਾਨ ਕਰਦੀ ਹੈ। ਸਾਫ਼ ਰਹਿਣ ਦੀ ਆਦਤ ਨਾਲ ਦਿਮਾਗ਼ ਕਾਬੂ ਵਿਚ ਰਹਿੰਦਾ ਹੈ ਅਤੇ ਤਰਕ-ਸ਼ਕਤੀ ਵੀ ਵਧਦੀ ਹੈ। ਅਸੀਂ ਸਾਰੇ ਆਪਣੇ ਨਿੱਜੀ ਤਜਰਬਿਆਂ ਤੋਂ ਜਾਣਦੇ ਹਾਂ ਕਿ ਉਮਰ ਦੇ ਵਧਣ ਨਾਲ ਕੋਈ ਨਵੀਂ ਆਦਤ ਪਾਉਣਾ ਬਿਲਕੁਲ ਕਠਿਨ ਹੈ। ਮਾਨਸਿਕ ਜਾਂ ਸਰੀਰਕ ਆਦਤਾਂ ਜੋ ਸਾਡੇ ਆਚਰਣਾਂ ਨੂੰ ਬਣਾਉਂਦੀਆਂ ਹਨ ਜਾਂ ਵਿਗਾੜਦੀਆਂ ਹਨ, ਜਿਹੜੀਆਂ ਸਾਡੇ ਜੀਵਨ ਵਿਚ ਤਬਦੀਲੀਆਂ ਲਿਆਉਂਦੀਆਂ ਹਨ ਅਤੇ ਸ਼ਾਇਦ ਸਾਡੀ ਕਿਸਮਤ ਵੀ ਬਣਾਉਂਦੀਆਂ ਤੇ ਵਿਗਾੜਦੀਆਂ ਹਨ, ਉਹ ਸਾਰੀਆਂ ਸਾਡੀ ਬਾਲ ਅਵਸਥਾ ਜਾਂ ਚੜ੍ਹਦੀ ਜਵਾਨੀ ਦੀ ਕੱਚੀ ਉਮਰ ਵਿਚ ਪੈਂਦੀਆਂ ਹਨ।
 
-ਜੁਝਾਰ ਸਿੰਘ ਖੁਸ਼ਦਿਲ
ਹਰੀਗੜ੍ਹ, ਬਰਨਾਲਾ।
ਪਿਛਲੀ ਖ਼ਬਰ ਐੱਚ.ਪੀ. ਗੈਸ ਸਿਲੰਡਰ ਉਪਭੋਗਤਾ 16 ਤੱਕ ਈ-ਕੇ.ਵਾਈ.ਸੀ. ਜ਼ਰੂਰ ਕਰਵਾਉਣ-ਇੰਜ. ਸੁਖਬੀਰ ਸਿੰਘ ਅਗਲੀ ਖ਼ਬਰ ਟਾਂਡਾ ਡਾਕਘਰ 10 ਦਿਨਾਂ ਵਿਚ ਸ਼ੁਰੂ ਨਾ ਕੀਤਾ ਤਾਂ ਉੜਮੁੜ ਡਾਕਘਰ ਦਾ ਕਰਾਂਗੇ ਘਿਰਾਓ - ਅਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।