26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਨੌਕਰੀ ਬਚਾਉਣ ਲਈ ਦੇਸ਼ ਬਦਲੋ ਜਾਂ ਆਈ . ਬੀ . ਐੱਮ . ਛੱਡੋ

ਨਿਊਯਾਰਕ, 25 ਨਵੰਬਰ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਵਿਚ ਸਾਲਾਂ ਦੀ ਮਿਹਨਤ ਨਾਲ ਆਪਣਾ ਘਰ-ਪਰਿਵਾਰ ਵਸਾ ਚੁੱਕੇ ਆਈ. ਬੀ.

ਅਜੀਤ ਡੈਸਕ 26-11-2026

ਨਿਊਯਾਰਕ, 25 ਨਵੰਬਰ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਵਿਚ ਸਾਲਾਂ ਦੀ ਮਿਹਨਤ ਨਾਲ ਆਪਣਾ ਘਰ-ਪਰਿਵਾਰ ਵਸਾ ਚੁੱਕੇ ਆਈ.ਬੀ.ਐੱਮ. ਦੇ ਕਈ ਪਰਵਾਸੀ ਕਰਮਚਾਰੀਆਂ ਅੱਗੇ ਹੁਣ ਨੌਕਰੀ ਬਚਾਉਣ ਲਈ ਦੇਸ਼ ਬਦਲਣ ਦੀ ਨੌਬਤ ਆ ਗਈ ਹੈ। ਕੰਪਨੀ ਨੇ ਆਪਣੇ ਕੰਸਲਟਿੰਗ ਵਿਭਾਗ ਦੇ ਬਹੁਤੇ ਅਹੁਦਿਆਂ ਲਈ ਅਮਰੀਕੀ ਵੀਜ਼ਾ ਅਤੇ ਗ੍ਰੀਨ ਕਾਰਡ ਦੀ ਸਪਾਂਸਰਸ਼ਿਪ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਪ੍ਰਭਾਵਿਤ ਕਾਮਿਆਂ ਨੂੰ ਕੰਪਨੀ ਦੇ ਕਿਸੇ ਵਿਦੇਸ਼ੀ ਦਫ਼ਤਰ ਵਿਚ ਅਹੁਦਾ ਲੈਣ ਜਾਂ ਸਾਲ ਦੇ ਅੰਤ ਤੱਕ ਆਈ.ਬੀ.ਐੱਮ. ਛੱਡਣ ਦੀ ਚੋਣ ਦਿੱਤੀ ਗਈ ਹੈ। ਰਿਪੋਰਟਾਂ ਮੁਤਾਬਕ ਕਰਮਚਾਰੀਆਂ ਨੂੰ ਫ਼ੈਸਲਾ ਕਰਨ ਲਈ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਜਾ ਰਿਹਾ ਹੈ। ਵਿਦੇਸ਼ ਵਿਚ ਅਹੁਦਾ ਨਾ ਚੁਣਨ ਵਾਲਿਆਂ ਲਈ 31 ਦਸੰਬਰ ਆਖ਼ਰੀ ਕੰਮਕਾਜੀ ਦਿਨ ਹੋਵੇਗਾ ਅਤੇ ਉਨ੍ਹਾਂ ਨੂੰ ਤਿੰਨ ਮਹੀਨਿਆਂ ਦੀ ਤਨਖ਼ਾਹ ਦੇ ਬਰਾਬਰ ਵਿਦਾਈ ਰਕਮ ਮਿਲੇਗੀ। ਕਈ ਕਰਮਚਾਰੀਆਂ ਨੂੰ ਇਹ ਜਾਣਕਾਰੀ ਮੈਨੇਜਰ ਨਾਲ ਨਿੱਜੀ ਮੁਲਾਕਾਤ ਦੌਰਾਨ ਅਚਾਨਕ ਮਿਲੀ। ਪਰ ਦੇਸ਼ ਬਦਲ ਕੇ ਨੌਕਰੀ ਜਾਰੀ ਰੱਖਣਾ ਵੀ ਸੌਖਾ ਰਾਹ ਨਹੀਂ ਹੈ। ਇਸ ਨਾਲ ਜੀਵਨ ਸਾਥੀ ਦੀ ਨੌਕਰੀ, ਬੱਚਿਆਂ ਦੀ ਪੜ੍ਹਾਈ, ਸਿਹਤ ਸਹੂਲਤਾਂ ਅਤੇ ਪਰਿਵਾਰ ਦੀ ਸਾਲਾਂ ਦੀ ਯੋਜਨਾਬੰਦੀ ਪ੍ਰਭਾਵਿਤ ਹੋ ਸਕਦੀ ਹੈ। ਨਵੀਂ ਥਾਂ ਉੱਤੇ ਤਨਖ਼ਾਹ, ਕੰਮਕਾਜੀ ਰਾਬਤੇ ਅਤੇ ਤਰੱਕੀ ਦੇ ਮੌਕੇ ਵੀ ਪਹਿਲਾਂ ਵਰਗੇ ਹੋਣੇ ਜ਼ਰੂਰੀ ਨਹੀਂ। ਕਰਮਚਾਰੀਆਂ ਦੇ ਆਨਲਾਈਨ ਮੰਚ ‘ਬਲਾਈਂਡ’ ਉੱਤੇ ਇਕ ਆਈ.ਬੀ.ਐੱਮ. ਕਰਮਚਾਰੀ ਨੇ ਆਪਣੀ ਸੰਭਾਵਿਤ ਤਬਦੀਲੀ ਬਾਰੇ ਲਿਖਿਆ ਕਿ ਭਾਰਤ ਜਾਣ ਨਾਲ ਉਸ ਦੀ ਤਨਖ਼ਾਹ ਲਗਭਗ 80 ਫ਼ੀਸਦੀ ਘਟ ਸਕਦੀ ਹੈ। ਉੱਧਰ ਕੰਪਨੀ ਦੇ ਨੌਕਰੀ ਪੋਰਟਲ ਉੱਤੇ ਅਮਰੀਕਾ ਤੋਂ ਬਾਹਰ ਕੰਸਲਟਿੰਗ ਦੇ ਦਰਜ 1,278 ਖ਼ਾਲੀ ਅਹੁਦਿਆਂ ਵਿਚੋਂ 1,125 ਭਾਰਤ ਵਿਚ ਸਨ। ਇਸ ਕਾਰਨ ਵਿਦੇਸ਼ ਤਬਦੀਲੀ ਦਾ ਵੱਡਾ ਹਿੱਸਾ ਭਾਰਤ ਵੱਲ ਹੋਣ ਦੀ ਸੰਭਾਵਨਾ ਦਿਖਾਈ ਦਿੰਦੀ ਹੈ। ਮਾਹਿਰਾਂ ਮੁਤਾਬਿਕ ਵਿਦੇਸ਼ੀ ਦਫ਼ਤਰ ਵਿਚ ਅਹੁਦਾ ਮਿਲਣਾ ਹਰ ਪ੍ਰਭਾਵਿਤ ਕਰਮਚਾਰੀ ਲਈ ਯਕੀਨੀ ਨਹੀਂ ਹੈ। ਇਹ ਉਪਲਬਧ ਨੌਕਰੀਆਂ, ਕਰਮਚਾਰੀ ਦੇ ਹੁਨਰ ਅਤੇ ਸਬੰਧਿਤ ਦੇਸ਼ ਵਿਚ ਕੰਮ ਕਰਨ ਦੀ ਮਨਜ਼ੂਰੀ ਉੱਤੇ ਨਿਰਭਰ ਕਰੇਗਾ। ਗ੍ਰੀਨ ਕਾਰਡ ਦੀ ਲੰਮੀ ਉਡੀਕ ਦੌਰਾਨ ਅਮਰੀਕਾ ਵਿਚ ਜ਼ਿੰਦਗੀ ਵਸਾ ਚੁੱਕੇ ਪੇਸ਼ੇਵਰਾਂ ਲਈ ਇਹ ਤਬਦੀਲੀ ਖ਼ਾਸ ਤੌਰ ’ਤੇ ਔਖੀ ਹੋ ਸਕਦੀ ਹੈ। ਆਈ.ਬੀ.ਐੱਮ. ਨੇ ਫ਼ੈਸਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹੁਨਰਮੰਦ ਕਾਮਿਆਂ ਦੀ ਉਪਲਬਧਤਾ ਅਤੇ ਗਾਹਕਾਂ ਦੀਆਂ ਲੋੜਾਂ ਬਦਲਣ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਕੰਸਲਟਿੰਗ ਵਿਭਾਗ ਵਿਚ ਦੁਨੀਆ ਭਰ ਵਿਚ ਡੇਢ ਲੱਖ ਤੋਂ ਵੱਧ ਲੋਕ ਕੰਮ ਕਰਦੇ ਹਨ, ਪਰ ਇਸ ਫ਼ੈਸਲੇ ਤੋਂ ਪ੍ਰਭਾਵਿਤ ਹੋਣ ਵਾਲਿਆਂ ਦੀ ਸਹੀ ਗਿਣਤੀ ਸਾਹਮਣੇ ਨਹੀਂ ਆਈ।

ਪਿਛਲੀ ਖ਼ਬਰ ਭਾਰਤੀ ਉਮੀਦਵਾਰ ਦੇ ਚੋਣ ਪੋਸਟਰ ਨਾਲ ਛੇੜਛਾੜ ਅਗਲੀ ਖ਼ਬਰ ਕਿਆਂਪੋ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ 29 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।