28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਆਰ.ਏ.ਐਫ. ਫੇਅਰਫੋਰਡ ਨੇੜੇ ਵੱਡੀ ਘਟਨਾ, ਪੁਲਿਸ ਵਲੋਂ ਕਈ ਵਿਅਕਤੀ ਗ੍ਰਿਫ਼ਤਾਰ

ਲੈਸਟਰ (ਇੰਗਲੈਂਡ), 27 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਗਲੌਸਟਰਸ਼ਾਇਰ ਸਥਿਤ ਅਮਰੀਕੀ ਹਵਾਈ ਫ਼ੌਜ ਵਲੋਂ ਵਰਤੇ ਜਾਂਦੇ ਆਰ. ਏ.

ਘਟਨਾ ਵਾਲੀ ਜਗ੍ਹਾ ’ਤੇ ਮੌਜੂਦ ਪੁਲਿਸ ਫੋਰਸ। ਤਸਵੀਰ :-ਸੁਖਜਿੰਦਰ ਸਿੰਘ ਢੱਡੇ 28-09-2026
ਲੈਸਟਰ (ਇੰਗਲੈਂਡ), 27 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਗਲੌਸਟਰਸ਼ਾਇਰ ਸਥਿਤ ਅਮਰੀਕੀ ਹਵਾਈ ਫ਼ੌਜ ਵਲੋਂ ਵਰਤੇ ਜਾਂਦੇ ਆਰ.ਏ.ਐਫ. ਫੇਅਰਫੋਰਡ ਹਵਾਈ ਅੱਡੇ ਨੇੜੇ ਐਤਵਾਰ ਤੜਕੇ ਵਾਪਰੀ ਇਕ ਗੰਭੀਰ ਘਟਨਾ ਤੋਂ ਬਾਅਦ ਕਈ ਵਿਅਕਤੀਆਂ ਨੂੰ ਧਮਾਕਾਖੇਜ਼ ਪਦਾਰਥਾਂ ਨਾਲ ਸੰਬੰਧਿਤ ਅਪਰਾਧਾਂ ਦੇ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਇਸ ਨੂੰ ‘ਮੇਜਰ ਇਨਸੀਡੈਂਟ’ ਐਲਾਨ ਦਿੱਤਾ, ਜਦਕਿ ਮਾਮਲੇ ਦੀ ਜਾਂਚ ਅੱਤਵਾਦ ਵਿਰੋਧੀ ਪੁਲਿਸ ਵਲੋਂ ਕੀਤੀ ਜਾ ਰਹੀ ਹੈ। ਗਲੌਸਟਰਸ਼ਾਇਰ ਪੁਲਿਸ ਅਨੁਸਾਰ ਘਟਨਾ ਤੋਂ ਬਾਅਦ ਆਰ.ਏ.ਐਫ. ਫੇਅਰਫੋਰਡ ਨੇੜਲੇ ਪਿੰਡ ਵ੍ਹੈਲਫੋਰਡ ਵਿਚ ਕਈ ਘਰਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਖਾਲੀ ਕਰਵਾਇਆ ਗਿਆ। ਲੋਕਾਂ ਨੂੰ ਤੜਕੇ ਹੀ ਆਪਣੇ ਘਰ ਛੱਡਣ ਲਈ ਕਿਹਾ ਗਿਆ ਅਤੇ ਪ੍ਰਭਾਵਿਤ ਵਸਨੀਕਾਂ ਨੂੰ ਨੇੜਲੇ ਲੈਜ਼ਰ ਸੈਂਟਰ ਵਿਚ ਲਿਜਾਇਆ ਗਿਆ। ਕਈ ਪਰਿਵਾਰਾਂ ਨੂੰ ਇੰਨੀ ਜਲਦੀ ਘਰ ਛੱਡਣਾ ਪਿਆ ਕਿ ਬੱਚੇ ਰਾਤ ਵਾਲੇ ਕੱਪੜਿਆਂ ਵਿਚ ਹੀ ਸੁਰੱਖਿਅਤ ਥਾਂ ’ਤੇ ਪਹੁੰਚੇ। ਇਸ ਦੌਰਾਨ ਫ਼ੌਜ ਦੀ ਮਾਹਿਰ ਐਕਸਪਲੋਸਿਵ ਆਰਡਨੈਂਸ ਡਿਸਪੋਜ਼ਲ (ਈ.ਓ.ਡੀ.) ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ, ਜਿਸ ਵਲੋਂ ਕਈ ਵਾਹਨਾਂ ਦੀ ਜਾਂਚ ਕੀਤੀ ਗਈ। ਘਟਨਾ ਸਥਾਨ ਦੀਆਂ ਹਵਾਈ ਤਸਵੀਰਾਂ ਵਿਚ ਤਿੰਨ ਚਿੱਟੀਆਂ ਵੈਨਾਂ ਦੇ ਨੇੜੇ ਪਹੀਆਂ ਵਾਲਾ ਇਕ ਰੋਬੋਟ ਵੀ ਦਿਖਾਈ ਦਿੱਤਾ। ਅਜਿਹੇ ਰੋਬੋਟ ਆਮ ਤੌਰ ’ਤੇ ਸ਼ੱਕੀ ਵਸਤੂਆਂ ਜਾਂ ਵਾਹਨਾਂ ਦੀ ਦੂਰੋਂ ਜਾਂਚ ਲਈ ਵਰਤੇ ਜਾਂਦੇ ਹਨ। ਹਾਲਾਂਕਿ, ਅਧਿਕਾਰੀਆਂ ਵਲੋਂ ਇਹ ਪੁਸ਼ਟੀ ਨਹੀਂ ਕੀਤੀ ਗਈ ਕਿ ਤਸਵੀਰਾਂ ਵਿਚ ਨਜ਼ਰ ਆ ਰਹੀਆਂ ਵੈਨਾਂ ਹੀ ਪੁਲਿਸ ਦੀ ਜਾਂਚ ਦਾ ਕੇਂਦਰ ਸਨ। ਸਥਾਨਕ ਵਸਨੀਕਾਂ ਅਨੁਸਾਰ ਘਟਨਾ ਬਹੁਤ ਤੇਜ਼ੀ ਨਾਲ ਵਾਪਰੀ। ਇਕ ਵਸਨੀਕ ਨੇ ਦੱਸਿਆ ਕਿ ਉਸ ਨੇ ਆਪਣੇ ਘਰ ਦੇ ਬਾਹਰ ਰੌਲਾ ਸੁਣਨ ਤੋਂ ਬਾਅਦ ਖਿੜਕੀ ਵਿਚੋਂ ਦੇਖਿਆ ਤਾਂ ਕੁਝ ਲੋਕਾਂ ਨੂੰ ਪੁਲਿਸ ਵਲੋਂ ਕਾਬੂ ਕੀਤਾ ਜਾ ਰਿਹਾ ਸੀ। ਇਕ ਹੋਰ ਵਸਨੀਕ ਮੁਤਾਬਿਕ ਰਾਤ ਸਮੇਂ ਪਿੰਡ ਵਿਚ ਤਿੰਨ ‘ਅਸਾਧਾਰਨ’ ਵੈਨਾਂ ਆ ਕੇ ਖੜ੍ਹੀਆਂ ਹੋਈਆਂ ਸਨ, ਜਿਸ ਸੰਬੰਧੀ ਇਕ ਵਸਨੀਕ ਵਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸੀ। ਪੁਲਿਸ ਨੇ ਹਾਲਾਂਕਿ ਇਨ੍ਹਾਂ ਦਾਅਵਿਆਂ ਦੇ ਸਾਰੇ ਵੇਰਵਿਆਂ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ। ਘਟਨਾ ਤੋਂ ਬਾਅਦ ਇਲਾਕੇ ਵਿਚ ਵੱਡੀ ਗਿਣਤੀ ਵਿਚ ਪੁਲਿਸ, ਐਂਬੂਲੈਂਸਾਂ ਅਤੇ ਹੋਰ ਐਮਰਜੈਂਸੀ ਸੇਵਾਵਾਂ ਤਾਇਨਾਤ ਕੀਤੀਆਂ ਗਈਆਂ। ਹਥਿਆਰਬੰਦ ਪੁਲਿਸ ਵਲੋਂ ਸੜਕਾਂ ’ਤੇ ਨਾਕੇ ਲਗਾ ਕੇ ਵਾਹਨਾਂ ਅਤੇ ਆਮ ਲੋਕਾਂ ਨੂੰ ਪ੍ਰਭਾਵਿਤ ਇਲਾਕੇ ਵੱਲ ਜਾਣ ਤੋਂ ਰੋਕਿਆ ਗਿਆ। ਬਾਅਦ ਵਿਚ ਸੁਰੱਖਿਆ ਘੇਰੇ ਨੂੰ ਹੋਰ ਵਧਾਉਂਦਿਆਂ ਆਰ.ਏ.ਐਫ. ਫੇਅਰਫੋਰਡ ਦੇ ਆਲੇ-ਦੁਆਲੇ ਵੀ ਪਹੁੰਚ ਸੀਮਤ ਕਰ ਦਿੱਤੀ ਗਈ।ਬਰਤਾਨੀਆ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਐਮਰਜੈਂਸੀ ਸੇਵਾਵਾਂ ਦੀ ਤੁਰੰਤ ਕਾਰਵਾਈ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਥਿਤੀ ਹੁਣ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੋਣ ਕਾਰਨ ਇਸ ਪੜਾਅ ’ਤੇ ਘਟਨਾ ਬਾਰੇ ਹੋਰ ਟਿੱਪਣੀ ਕਰਨਾ ਉਚਿਤ ਨਹੀਂ ਹੋਵੇਗਾ। ਇਸ ਘਟਨਾ ਨੇ ਇਸ ਲਈ ਵੀ ਵਧੇਰੇ ਧਿਆਨ ਖਿੱਚਿਆ ਹੈ, ਕਿਉਂਕਿ ਆਰ.ਏ.ਐਫ. ਫੇਅਰਫੋਰਡ ਬਰਤਾਨੀਆ ਵਿਚ ਅਮਰੀਕੀ ਹਵਾਈ ਫ਼ੌਜ ਲਈ ਅਹਿਮ ਟਿਕਾਣਾ ਹੈ। ਇਸ ਹਵਾਈ ਅੱਡੇ ਦਾ ਅਮਰੀਕੀ ਹਵਾਈ ਫ਼ੌਜ ਨਾਲ ਕਈ ਦਹਾਕਿਆਂ ਪੁਰਾਣਾ ਸੰਬੰਧ ਹੈ ਅਤੇ ਇਥੋਂ ਬੀ-52 ਅਤੇ ਬੀ-1 ਵਰਗੇ ਭਾਰੀ ਬੰਬਾਰ ਜਹਾਜ਼ਾਂ ਦੀ ਤਾਇਨਾਤੀ ਹੁੰਦੀ ਰਹੀ ਹੈ। ਇਸ ਸਾਲ ਵੀ ਅਮਰੀਕੀ ਹਵਾਈ ਫ਼ੌਜ ਵਲੋਂ ਇਥੋਂ ਫ਼ੌਜੀ ਕਾਰਵਾਈਆਂ ਕੀਤੀਆਂ ਗਈਆਂ ਸਨ। ਘਟਨਾ ਮਗਰੋਂ ਹੋਰ ਅਮਰੀਕੀ ਫ਼ੌਜੀ ਟਿਕਾਣਿਆਂ ’ਤੇ ਵੀ ਚੌਕਸੀ ਵਧਾਏ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਆਰ.ਏ.ਐਫ. ਲੇਕਨਹੀਥ ਵਿਖੇ ਵੀ ਸੁਰੱਖਿਆ ਪੱਧਰ ਵਧਾਇਆ ਗਿਆ। ਆਰ.ਏ.ਐਫ. ਫੇਅਰਫੋਰਡ ਵਿਖੇ ਮੌਜੂਦ ਅਮਰੀਕੀ ਹਵਾਈ ਫ਼ੌਜ ਨੇ ਕਿਹਾ ਹੈ ਕਿ ਉਸ ਦੇ ਕਰਮਚਾਰੀ ਚੌਕਸ ਹਨ।ਫਿਲਹਾਲ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਾਂ ਉਨ੍ਹਾਂ ਦੀ ਸਹੀ ਗਿਣਤੀ ਜਨਤਕ ਨਹੀਂ ਕੀਤੀ। ਇਹ ਵੀ ਅਧਿਕਾਰਤ ਤੌਰ ’ਤੇ ਸਪੱਸ਼ਟ ਨਹੀਂ ਕੀਤਾ ਗਿਆ ਕਿ ਉਨ੍ਹਾਂ ਕੋਲੋਂ ਕੀ ਬਰਾਮਦ ਹੋਇਆ, ਉਨ੍ਹਾਂ ਦਾ ਮਕਸਦ ਕੀ ਸੀ ਜਾਂ ਘਟਨਾ ਦਾ ਆਰ.ਏ.ਐਫ. ਫੇਅਰਫੋਰਡ ਨਾਲ ਸਿੱਧਾ ਸੰਬੰਧ ਸੀ ਜਾਂ ਨਹੀਂ। ਇਸ ਲਈ ਘਟਨਾ ਪਿੱਛੇ ਕਿਸੇ ਸੰਗਠਨ ਜਾਂ ਦੇਸ਼ ਦੀ ਭੂਮਿਕਾ ਬਾਰੇ ਇਸ ਸਮੇਂ ਕੋਈ ਨਤੀਜਾ ਕੱਢਣਾ ਜਲਦਬਾਜ਼ੀ ਹੋਵੇਗੀ। ਅੱਤਵਾਦ ਵਿਰੋਧੀ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਪਿਛਲੀ ਖ਼ਬਰ ਹੰਸ ਰਾਜ ਹੰਸ ਦੀ ਸੰਗੀਤਕ ਦੀ ਸ਼ਾਮ ਯਾਦਗਾਰੀ ਹੋ ਨਿਬੜੀ ਅਗਲੀ ਖ਼ਬਰ ਪਹਿਲਾ ਘਰ ਖਰੀਦਣ ਵਾਲਿਆਂ ਲਈ ਬਰਤਾਨੀਆ ਸਰਕਾਰ ਦੀ ਨਵੀਂ ਯੋਜਨਾ ‘ਤੁਹਾਡਾ ਪਹਿਲਾ ਘਰ’ ਤਹਿਤ 20 ਫ਼ੀਸਦੀ ਤੱਕ ਕਰਜ਼ਾ ਦੇਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।