ਅਮਰੀਕਾ ’ਚ ਟਰੱਕ ਡਰਾਈਵਰਾਂ ’ਤੇ ਸਖ਼ਤੀ ਵਧੀ, 51 ਪ੍ਰਵਾਸੀ ਹਿਰਾਸਤ ’ਚ
ਹੁਣ ਤੱਕ 28 ਹਾਜ਼ਰ ਤੋਂ ਵੱਧ ਲਾਇਸੈਂਸ ਕੀਤੇ ਰੱਦ
ਨਿਊਯਾਰਕ, 9 ਅਗਸਤ (ਰਾਜੂ ਸਹਿਬਾਜ਼ਪੁਰਾ)- ਟਰੰਪ ਪ੍ਰਸ਼ਾਸਨ ਨੇ ਅਮਰੀਕਾ ਦੇ ਟਰੱਕਿੰਗ ਖੇਤਰ ’ਚ ਇਮੀਗ੍ਰੇਸ਼ਨ, ਡਰਾਈਵਿੰਗ ਲਾਇਸੈਂਸ ਤੇ ਸੜਕ ਸੁਰੱਖਿਆ ਨਿਯਮਾਂ ਨੂੰ ਲੈ ਕੇ ਸਖ਼ਤੀ ਹੋਰ ਵਧਾ ਦਿੱਤੀ ਹੈ। “ਆਪਰੇਸ਼ਨ ਹਾਈਵੇ ਸ਼ੀਲਡ” ਦੇ ਦੂਜੇ ਪੜਾਅ ਤਹਿਤ ਇਲਿਨੋਇਸ, ਇੰਡਿਆਨਾ, ਆਇਓਵਾ ਤੇ ਓਹਾਇਓ ’ਚ ਤਿੰਨ ਦਿਨ ਵੱਡੀ ਜਾਂਚ ਮੁਹਿੰਮ ਚਲਾਈ ਗਈ।
ਨਿਊਯਾਰਕ, 9 ਅਗਸਤ (ਰਾਜੂ ਸਹਿਬਾਜ਼ਪੁਰਾ)- ਟਰੰਪ ਪ੍ਰਸ਼ਾਸਨ ਨੇ ਅਮਰੀਕਾ ਦੇ ਟਰੱਕਿੰਗ ਖੇਤਰ ’ਚ ਇਮੀਗ੍ਰੇਸ਼ਨ, ਡਰਾਈਵਿੰਗ ਲਾਇਸੈਂਸ ਤੇ ਸੜਕ ਸੁਰੱਖਿਆ ਨਿਯਮਾਂ ਨੂੰ ਲੈ ਕੇ ਸਖ਼ਤੀ ਹੋਰ ਵਧਾ ਦਿੱਤੀ ਹੈ। “ਆਪਰੇਸ਼ਨ ਹਾਈਵੇ ਸ਼ੀਲਡ” ਦੇ ਦੂਜੇ ਪੜਾਅ ਤਹਿਤ ਇਲਿਨੋਇਸ, ਇੰਡਿਆਨਾ, ਆਇਓਵਾ ਤੇ ਓਹਾਇਓ ’ਚ ਤਿੰਨ ਦਿਨ ਵੱਡੀ ਜਾਂਚ ਮੁਹਿੰਮ ਚਲਾਈ ਗਈ। ਇਸ ਕਾਰਵਾਈ ਦੌਰਾਨ 3,487 ਜਾਂਚਾਂ ਕੀਤੀਆਂ ਗਈਆਂ। ਹੋਮਲੈਂਡ ਸਿਕਿਉਰਿਟੀ ਵਿਭਾਗ, ਟਰਾਂਸਪੋਰਟੇਸ਼ਨ ਵਿਭਾਗ, ‘ਆਈਸ’, ਫੈਡਰਲ ਮੋਟਰ ਕੈਰੀਅਰ ਸੇਫਟੀ ਅਧਿਕਾਰੀਆਂ ਅਤੇ ਸੂਬਾਈ ਪੁਲਿਸ ਨੇ ਮਿਲ ਕੇ ਟਰੱਕਾਂ ਅਤੇ ਉਨ੍ਹਾਂ ਦੇ ਡਰਾਈਵਰਾਂ ਦੀ ਜਾਂਚ ਕੀਤੀ। ਅਧਿਕਾਰੀਆਂ ਮੁਤਾਬਕ 51 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ’ਚ ਲਿਆ ਗਿਆ। ਇਨ੍ਹਾਂ ’ਚ 21 ਅਜਿਹੇ ਡਰਾਈਵਰ ਸਨ, ਜਿਨ੍ਹਾਂ ਕੋਲ ਕੈਲੀਫੋਰਨੀਆ ਜਾਂ ਨਿਊਯਾਰਕ ਤੋਂ ਜਾਰੀ ਗੈਰ-ਨਿਵਾਸੀ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸਨ। ਇਸ ਕਾਰਵਾਈ ਵਿਚ 766 ਅਸੁਰੱਖਿਅਤ ਡਰਾਈਵਰਾਂ ਤੇ ਵਾਹਨਾਂ ਨੂੰ ਸੜਕ ਤੋਂ ਹਟਾ ਦਿੱਤਾ ਗਿਆ। 86 ਡਰਾਈਵਰਾਂ ਨੂੰ ਰੋਡ ਰੇਜ, ਘਰੇਲੂ ਹਿੰਸਾ ਤੇ ਹੋਰ ਦੋਸ਼ਾਂ ਨਾਲ ਸਬੰਧਤ ਮਾਮਲਿਆਂ ’ਚ ਗ੍ਰਿਫ਼ਤਾਰ ਕੀਤਾ ਗਿਆ। 36 ਡਰਾਈਵਰ ਅੰਗਰੇਜ਼ੀ ਭਾਸ਼ਾ ਦੀ ਯੋਗਤਾ ਨਾਲ ਸਬੰਧਤ ਨਿਯਮਾਂ ’ਤੇ ਖਰੇ ਨਹੀਂ ਉਤਰੇ। ਅਧਿਕਾਰੀਆਂ ਨੇ ਕਰੀਬ 10 ਲੱਖ ਡਾਲਰ ਮੁੱਲ ਦਾ ਚੋਰੀ ਹੋਇਆ ਮਾਲ ਵੀ ਬਰਾਮਦ ਕੀਤਾ। ਇਸ ਮੁਹਿੰਮ ਦਾ ਪਹਿਲਾ ਪੜਾਅ ਮਾਰਚ ਵਿੱਚ ਫਲੋਰੀਡਾ ਵਿੱਚ ਚਲਾਇਆ ਗਿਆ ਸੀ। ਉੱਥੇ 3,300 ਤੋਂ ਵੱਧ ਜਾਂਚਾਂ ਕੀਤੀਆਂ ਗਈਆਂ ਸਨ। 176 ਡਰਾਈਵਰਾਂ ਨੂੰ ਸੇਵਾ ਤੋਂ ਬਾਹਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 54 ਅੰਗਰੇਜ਼ੀ ਭਾਸ਼ਾ ਨਾਲ ਸਬੰਧਤ ਨਿਯਮ ਪੂਰੇ ਨਹੀਂ ਕਰ ਸਕੇ ਸਨ। ਇਸ ਤੋਂ ਇਲਾਵਾ 42 ਲੋਕਾਂ ਨੂੰ ਇਮੀਗ੍ਰੇਸ਼ਨ ਮਾਮਲਿਆਂ ਵਿਚ ਹਿਰਾਸਤ ਵਿਚ ਲਿਆ ਗਿਆ ਤੇ 35 ਲੋਕ ਅਪਰਾਧਿਕ ਦੋਸ਼ਾਂ ਹੇਠ ਗ੍ਰਿਫ਼ਤਾਰ ਹੋਏ ਸਨ। ਟਰੰਪ ਪ੍ਰਸ਼ਾਸਨ ਵੱਲੋਂ ਟਰੱਕਿੰਗ ਉਦਯੋਗ ਵਿੱਚ ਕੀਤੀਆਂ ਗਈਆਂ ਵੱਡੀਆਂ ਕਾਰਵਾਈਆਂ ਦੌਰਾਨ ਹੁਣ ਤੱਕ 28 ਹਜ਼ਾਰ ਤੋਂ ਵੱਧ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰੱਦ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ ਬਾਰੇ ਫੈਡ ਰਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਦੇਸ਼ੀ ਡਰਾਈਵਰਾਂ ਨੂੰ ਗਲਤ ਢੰਗ ਨਾਲ ਜਾਰੀ ਕੀਤੇ ਗਏ ਸਨ। ਇਸ ਦੇ ਨਾਲ ਹਜ਼ਾਰਾਂ ਡਰਾਈਵਰਾਂ ਨੂੰ ਅੰਗਰੇਜ਼ੀ ਬੋਲਣ ਜਾਂ ਸੜਕ ਦੇ ਨਿਸ਼ਾਨ ਪੜ੍ਹਨ ਦੀ ਲੋੜੀਂਦੀ ਯੋਗਤਾ ਪੂਰੀ ਨਾ ਕਰਨ ਕਾਰਨ ਸੇਵਾ ਤੋਂ ਬਾਹਰ ਕੀਤਾ ਗਿਆ ਹੈ।