ਕੋਲੰਬੋ, 7 ਅਗਸਤ (ਪੀ.ਟੀ.ਆਈ.)-ਪਿਛਲੇ 24 ਘੰਟਿਆਂ ਦੌਰਾਨ ਸ੍ਰੀਲੰਕਾ ਦੀਆਂ 2 ਜੇਲ੍ਹਾਂ ’ਚ ਝੜਪਾਂ ਵਿਚ 3 ਕੈਦੀਆਂ ਦੀ ਮੌਤ ਹੋ ਗਈ ਤੇ 23 ਹੋਰ ਜ਼ਖਮੀ ਹੋ ਗਏ। ਸ੍ਰੀਲੰਕਾ ’ਚ ਪਿਛਲੇ ਮਹੀਨੇ ਜੇਲ੍ਹ ਹਿੰਸਾ ਦੀਆਂ ਕਈ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ। ਜਨਤਕ ਸੁਰੱਖਿਆ ਮੰਤਰੀ ਨੇ ਕਿਹਾ ਹੈ ਕਿ ਇਹ ਘਟਨਾਵਾਂ ਇਕ ਸੰਗਠਿਤ ਸਾਜ਼ਿਸ਼ ਦਾ ਹਿੱਸਾ ਹੋਣ ਦਾ ਸ਼ੱਕ ਹੈ। ਕੋਲੰਬੋ ਤੋਂ ਲਗਭਗ 60 ਕਿਲੋਮੀਟਰ ਦੱਖਣ-ਪੂਰਬ ਵਿੱਚ ਸਥਿਤ ਕੁਰੂਵਿਤਾ ਜੇਲ੍ਹ ਵਿਚ ਸ਼ੁੱਕਰਵਾਰ ਨੂੰ ਹੋਈ ਝੜਪ ਵਿਚ 2 ਕੈਦੀਆਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਇਸ ਘਟਨਾ ਤੋਂ ਕੁਝ ਘੰਟੇ ਪਹਿਲਾਂ ਕੋਲੰਬੋ ਦੀ ਮੈਗਜ਼ੀਨ ਜੇਲ੍ਹ ’ਚ ਵੀ ਅਜਿਹੀ ਹੀ ਤਣਾਅਪੂਰਨ ਸਥਿਤੀ ਪੈਦਾ ਹੋ ਗਈ ਸੀ। ਜਨਤਕ ਸੁਰੱਖਿਆ ਮੰਤਰੀ ਵਿਜੇਪਾਲਾ ਨੇ ਸੰਸਦ ਨੂੰ ਦੱਸਿਆ ਕਿ ਵੀਰਵਾਰ ਰਾਤ 10:00 ਵਜੇ ਦੇ ਕਰੀਬ, ਲਗਭਗ 40 ਕੈਦੀਆਂ ਨੇ ਜੇਲ੍ਹ ਦੇ ਇਕ ਹਿੱਸੇ ’ਤੇ ਹਮਲਾ ਕੀਤਾ ਤੇ ਦੰਗਾ ਕੀਤਾ। ਹਿੰਸਾ ਵਿੱਚ ਇਕ ਕੈਦੀ ਦੀ ਮੌਤ ਹੋ ਗਈ ਤੇ 10 ਹੋਰ ਜ਼ਖਮੀ ਹੋ ਗਏ।ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਜੇਲ੍ਹਾਂ ’ਚ ਅਸ਼ਾਂਤੀ ਨੂੰ ਕਾਬੂ ਵਿਚ ਲਿਆ ਗਿਆ ਹੈ ਤੇ ਵਾਧੂ ਬਲ ਤਾਇਨਾਤ ਕੀਤੇ ਗਏ ਹਨ।