04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਬਰਤਾਨੀਆ ਦੇ ਸੰਸਦ ਮੈਂਬਰਾਂ ਨੂੰ ਜ਼ਿਆਦਾ ਸ਼ਰਾਬ ਪੀਣ ਕਰਕੇ ਪੇਟ ਤੱਕ ਸਾਫ਼ ਕਰਵਾਉਣੇ ਪੈ ਰਹੇ ਹਨ-ਰਿਪੋਰਟ

ਲੰਡਨ, 3 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ਼ਰਾਬ ਦਾ ਨਸ਼ਾ ਭਾਵੇਂ ਸਿਹਤ ਲਈ ਨੁਕਸਾਨਦੇਹ ਹੈ। ਪਰ ਵਿਸ਼ਵ ਭਰ ਵਿੱਚ ਸ਼ਰਾਬ ਪੀਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ।

ਰਤਾਨਵੀ ਸੰਸਦ ਦਾ ਬਾਹਰੀ ਦ੍ਰਿਸ਼ ਤਸਵੀਰਃ ਮਨਪ੍ਰੀਤ ਸਿੰਘ ਬੱਧਨੀ ਕਲਾਂ 04-08-2026
ਲੰਡਨ, 3 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ਼ਰਾਬ ਦਾ ਨਸ਼ਾ ਭਾਵੇਂ ਸਿਹਤ ਲਈ ਨੁਕਸਾਨਦੇਹ ਹੈ। ਪਰ ਵਿਸ਼ਵ ਭਰ ਵਿੱਚ ਸ਼ਰਾਬ ਪੀਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਲੇਕਨ ਹੈਰਾਨੀ ਇਸ ਗੱਲ ਦੀ ਹੈ ਕਿ ਜਿਹੜੇ ਲੋਕਾਂ ਨੇ ਨਸ਼ਾਬੰਦੀ ਨੂੰ ਲੈ ਕੇ ਨੀਤੀਆਂ ਬਣਾਉਣੀਆਂ ਹੁੰਦੀਆਂ ਹਨ ਜੇ ਉਹ ਹੀ ਸ਼ਰਾਬ ਦੇ ਵੱਧ ਸ਼ੌਕੀਨ ਹੋਣ ਤਾਂ ਆਮ ਲੋਕਾਂ ਨੂੰ ਕੋਈ ਕੀ ਕਹੂ। ਇੱਕ ਰਿਪੋਰਟ ਅਨੁਸਾਰ ਬ੍ਰਿਟਿਸ਼ ਸੰਸਦ ਦੇ ਕਈ ਸੰਸਦ ਮੈਂਬਰ ਇੰਨੀ ਜ਼ਿਆਦਾ ਸ਼ਰਾਬ ਪੀ ਰਹੇ ਹਨ ਕਿ ਉਨ੍ਹਾਂ ਦੇ ਪੇਟ ਤੱਕ ਸਾਫ਼ ਕਰਵਾਉਣੇ ਪਏ ਹਨ। ‘ਇੰਸਟੀਚਿਊਟ ਆਫ਼ ਅਲਕੋਹਲ ਸਟੱਡੀਜ਼’ ਦੀ ਇੱਕ ਨਵੀਂ ਰਿਪੋਰਟ ਨੇ ਇਸ ਨੂੰ ਬਹੁਤ ਹੀ ਗੰਭੀਰ ਮਾਮਲਾ ਦੱਸਦਿਆਂ ਚੇਤਾਵਨੀ ਦਿੱਤੀ ਹੈ। ਰਿਪੋਰਟ ਅਨੁਸਾਰ, ਵੈਸਟਮਿੰਸਟਰ ਦੇ ਅੰਦਰ ਦਿਨ ਭਰ ਸ਼ਰਾਬ ਆਸਾਨੀ ਨਾਲ ਮਿਲਦੀ ਹੈ ਅਤੇ ਇੱਥੇ ਸ਼ਰਾਬ ਪੀਣਾ ਇੱਕ ਆਮ ਗੱਲ ਬਣ ਚੁੱਕੀ ਹੈ। 190 ਸੰਸਦ ਮੈਂਬਰਾਂ ਅਤੇ ਉਨ੍ਹਾਂ ਦੇ ਸਟਾਫ਼ ‘ਤੇ ਕੀਤੇ ਗਏ ਸਰਵੇਖਣ ਤੋਂ ਬਾਅਦ ਖੋਜਕਰਤਾਵਾਂ ਨੇ ਚੇਤਾਵਨੀ ਦਿੱਤੀ ਕਿ ਇਹ ਪੀਣ ਦਾ ਸੱਭਿਆਚਾਰ ਨੁਕਸਾਨ ਪਹੁੰਚਾ ਰਿਹਾ ਹੈ, ਪਰ ਇਸ ਨੂੰ ਠੱਲ੍ਹ ਪਾਉਣ ਲਈ ਕੋਈ ਸਪੱਸ਼ਟ ਰਸਤਾ ਨਜ਼ਰ ਨਹੀਂ ਆ ਰਿਹਾ। ਸਰਵੇਖਣ ਵਿੱਚ ਲਗਭਗ 10 ਫ਼ੀਸਦੀ ਉੱਤਰਦਾਤਾਵਾਂ ਨੇ ਦੱਸਿਆ ਕਿ ਕੰਮ ਵਾਲੀ ਥਾਂ ‘ਤੇ ਕਿਸੇ ਹੋਰ ਵੱਲੋਂ ਸ਼ਰਾਬ ਪੀਣ ਕਾਰਨ ਉਨ੍ਹਾਂ ਨੂੰ ਮਾੜੇ ਅਨੁਭਵਾਂ ਦਾ ਸਾਹਮਣਾ ਕਰਨਾ ਪਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼ਕਤੀ ਪ੍ਰਦਰਸ਼ਨ ਜਾਂ ਸ਼ਰਾਬ ਪੀਣ ਦੇ ਵਧਦੇ ਦਬਾਅ ਕਾਰਨ ਨੌਜਵਾਨ ਕਾਮਿਆਂ ਨੂੰ ਜ਼ਿਆਦਾ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। 42 ਫ਼ੀਸਦੀ ਸੰਸਦ ਮੈਂਬਰਾਂ ਅਤੇ 29 ਫ਼ੀਸਦੀ ਸਟਾਫ਼ ਨੇ ਮੰਨਿਆ ਕਿ ਉਨ੍ਹਾਂ ਨੂੰ ਹਫ਼ਤਾਵਾਰੀ ਅਧਾਰ ‘ਤੇ ਕੰਮ ਦੀਆਂ ਮੀਟਿੰਗਾਂ ਜਾਂ ਸਮਾਗਮਾਂ ਵਿੱਚ ਸ਼ਰਾਬ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਨਾਸ਼ਤੇ ਵਿੱਚ ਵੀ ਵਾਈਨ ਫੜ੍ਹਾ ਦਿੱਤੀ ਜਾਂਦੀ ਹੈ। ਲਗਭਗ 60 ਫ਼ੀਸਦੀ ਲੋਕਾਂ ਨੇ ਕਿਹਾ ਕਿ ਵੈਸਟਮਿੰਸਟਰ ਵਿੱਚ ਸ਼ਰਾਬ ਹੋਰ ਕੰਮ ਵਾਲੀਆਂ ਥਾਵਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਆਸਾਨੀ ਨਾਲ ਉਪਲਬਧ ਹੈ। ਇੱਕ ਸਟਾਫ਼ ਮੈਂਬਰ ਨੇ ਦੱਸਿਆ, “ਕਿਸੇ ਹੋਰ ਕੰਮ ਵਾਲੀ ਥਾਂ ‘ਤੇ ਆਪਣੀ ਖ਼ੁਦ ਦੀ ਵਾਈਨ ਨਹੀਂ ਬਣਦੀ, ਪਰ ਇੱਥੇ ਅਜਿਹਾ ਹੈ।” ਇੱਕ ਐਮ ਪੀ ਦੇ ਹਵਾਲੇ ਨਾਲ ਰਿਪੋਰਟ ਵਿੱਚ ਦੱਸਿਆ ਗਿਆ ਕਿ ਕੁਝ ਸਹਿਯੋਗੀਆਂ ਨੂੰ ਜ਼ਿਆਦਾ ਸ਼ਰਾਬ ਪੀਣ ਕਰਕੇ ਹਸਪਤਾਲ ਵਿੱਚ ਪੇਟ ਸਾਫ਼ ਕਰਵਾਉਣਾ ਪਿਆ ਅਤੇ ਉਹ ਅਗਲੇ ਹੀ ਦਿਨ ਫਿਰ ਵੈਸਟਮਿੰਸਟਰ ਵਿੱਚ ਕੰਮ ‘ਤੇ ਵਾਪਸ ਆ ਗਏ। ਗ੍ਰੀਨ ਪਾਰਟੀ ਦੀ ਐਮ ਪੀ ਹਾਨਾਹ ਸਪੈਂਸਰ ਨੇ ਵੈਸਟਮਿੰਸਟਰ ਦੇ ਸ਼ਰਾਬ ਦੇ ਸੱਭਿਆਚਾਰ ਦੀ ਆਲੋਚਨਾ ਕਰਦਿਆਂ ਇਸ ਨੂੰ “ਗ਼ੈਰ-ਪੇਸ਼ੇਵਰ ਅਤੇ ਚਿੰਤਾਜਨਕ” ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਕੁਝ ਐਮ ਪੀ ਵੋਟਿੰਗ ਤੋਂ ਪਹਿਲਾਂ ਵੀ ਸ਼ਰਾਬ ਪੀਂਦੇ ਹਨ। ਇੰਸਟੀਚਿਊਟ ਆਫ਼ ਅਲਕੋਹਲ ਸਟੱਡੀਜ਼ ਦੀ ਸੀ ਈ ਓ ਡਾ. ਕੈਥਰੀਨ ਸੇਵੇਰੀ ਨੇ ਸੁਝਾਅ ਦਿੱਤਾ ਕਿ ਸ਼ਰਾਬ ਦੀ ਉਪਲਬਧਤਾ ਨੂੰ ਸਿਰਫ਼ ਸ਼ਾਮ ਦੇ ਸਮਾਗਮਾਂ ਤੱਕ ਸੀਮਤ ਕੀਤਾ ਜਾਣਾ ਚਾਹੀਦਾ ਹੈ ਅਤੇ ਸ਼ਰਾਬ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਲਈ ਮਦਦ ਦੇ ਉਪਾਅ ਵਧਾਏ ਜਾਣੇ ਚਾਹੀਦੇ ਹਨ। ਯੂ ਕੇ ਸੰਸਦ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਸ਼ਰਾਬ ਦੀ ਉਪਲਬਧਤਾ ਵਿੱਚ ਕੋਈ ਵੀ ਬਦਲਾਅ ਕਰਨਾ ਆਖ਼ਰਕਾਰ ਮੈਂਬਰਾਂ ਦਾ ਆਪਣਾ ਫ਼ੈਸਲਾ ਹੋਵੇਗਾ। ਉਨ੍ਹਾਂ ਕਿਹਾ ਕਿ ਸੰਸਦ ਦਾ ਮਾਹੌਲ ਵੱਖਰਾ ਹੈ ਜਿੱਥੇ ਆਮ ਜਨਤਾ ਦੀ ਪਹੁੰਚ ਹੈ ਅਤੇ ਵੱਡੇ ਸਮਾਗਮ ਹੁੰਦੇ ਹਨ। ਪਰ ਸੰਸਦ, ਸਮਾਗਮਾਂ ਵਿੱਚ ਆਉਣ ਵਾਲਿਆਂ ਨੂੰ ਮੁਫ਼ਤ ਸ਼ਰਾਬ ਨਹੀਂ ਦਿੰਦੀ। ਸ਼ਰਾਬ ਜਾਂ ਤਾਂ ਸਮਾਗਮ ਪ੍ਰਬੰਧਕਾਂ ਵੱਲੋਂ ਖ਼ਰੀਦੀ ਜਾਂਦੀ ਹੈ ਜਾਂ ਪੀਣ ਵਾਲੇ ਆਪ ਖ਼ਰੀਦਦੇ ਹਨ।” ਬੁਲਾਰੇ ਨੇ ਦੱਸਿਆ ਕਿ ਸਾਰੇ ਮੈਂਬਰਾਂ ਨੂੰ ਜ਼ਿੰਮੇਵਾਰੀ ਨਾਲ ਸ਼ਰਾਬ ਪੀਣ ਦੇ ਨਿਯਮਾਂ ਦੀ ਯਾਦ ਕਰਵਾਈ ਗਈ ਹੈ, ਅਤੇ ਜੋ ਲੋਕ ਜ਼ਿਆਦਾ ਨਸ਼ੇ ਵਿੱਚ ਹੁੰਦੇ ਹਨ, ਉਨ੍ਹਾਂ ਨੂੰ ਸ਼ਰਾਬ ਵੇਚਣ ਤੋਂ ਮਨ੍ਹਾ ਕਰਨ ਦੇ ਅਧਿਕਾਰ ਵੀ ਸਟਾਫ਼ ਕੋਲ ਹਨ। badni pic (R) ਤਸਵੀਰਃ ਬਰਤਾਨਵੀ ਸੰਸਦ ਦਾ ਬਾਹਰੀ ਦ੍ਰਿਸ਼ ਤਸਵੀਰਃ ਮਨਪ੍ਰੀਤ ਸਿੰਘ ਬੱਧਨੀ ਕਲਾਂ
ਪਿਛਲੀ ਖ਼ਬਰ ਐਡੀਲੇਡ ਦੇ ਗੁਰਦੁਆਰਾ ਸਾਹਿਬ ’ਚ ਅੱਗ ਲੱਗਣ ਦਾ ਮਾਮਲਾ ਪੰਜ ਮੈਂਬਰੀ ਜਾਂਚ ਕਮੇਟੀ ਦੀ ਮੁਢਲੀ ਰਿਪੋਰਟ ’ ਚ ਪ੍ਰਬੰਧਕਾਂ ਤੇ... ਅਗਲੀ ਖ਼ਬਰ ‘ ਮੇਲਾ ਗਦਰੀ ਬਾਬਿਆਂ ਦਾ’ ਅਮਿਟ ਯਾਦਾਂ ਛੱਡਦਾ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।