ਆਸਟ੍ਰੇਲੀਆ ’ਚ ਸਰਦ ਰੁੱਤ ਦਾ ਜ਼ੋਰ, ਨਿਊ ਸਾਊਥ ਵੇਲਸ ’ਚ ਕੜਾਕੇ ਦੀ ਠੰਡ ਨੇ ਵਧਾਈ ਲੋਕਾਂ ਦੀਆਂ ਮੁਸ਼ਕਲਾਂ
ਸਿਡਨੀ, 3 ਅਗਸਤ (ਹਰਕੀਰਤ ਸਿੰਘ ਸੰਦਰ)-ਜਿੱਥੇ ਇੱਕ ਪਾਸੇ ਭਾਰਤ ਦੇ ਕਈ ਰਾਜਾਂ ਵਿੱਚ ਇਸ ਸਮੇਂ ਗਰਮੀ ਦਾ ਪ੍ਰਕੋਪ ਜਾਰੀ ਹੈ, ਉੱਥੇ ਦੂਜੇ ਪਾਸੇ ਆਸਟ੍ਰੇਲੀਆ ਵਿੱਚ ਸਰਦ ਰੁੱਤ ਆਪਣੇ ਪੂਰੇ ਜ਼ੋਰ ’ਤੇ ਹੈ। ਖ਼ਾਸ ਕਰਕੇ ਨਿਊ ਸਾਊਥ ਵੇਲਸ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੜਾਕੇ ਦੀ ਠੰਡ ਪੈ ਰਹੀ ਹੈ, ਜਿਸ ਕਾਰਨ ਲੋਕਾਂ ਦਾ ਰੋਜ਼ਾਨਾ ਜੀਵਨ ਪ੍ਰਭਾਵਿਤ ਹੋਇਆ ਹੈ।
ਸਿਡਨੀ, 3 ਅਗਸਤ (ਹਰਕੀਰਤ ਸਿੰਘ ਸੰਦਰ)-ਜਿੱਥੇ ਇੱਕ ਪਾਸੇ ਭਾਰਤ ਦੇ ਕਈ ਰਾਜਾਂ ਵਿੱਚ ਇਸ ਸਮੇਂ ਗਰਮੀ ਦਾ ਪ੍ਰਕੋਪ ਜਾਰੀ ਹੈ, ਉੱਥੇ ਦੂਜੇ ਪਾਸੇ ਆਸਟ੍ਰੇਲੀਆ ਵਿੱਚ ਸਰਦ ਰੁੱਤ ਆਪਣੇ ਪੂਰੇ ਜ਼ੋਰ ’ਤੇ ਹੈ। ਖ਼ਾਸ ਕਰਕੇ ਨਿਊ ਸਾਊਥ ਵੇਲਸ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੜਾਕੇ ਦੀ ਠੰਡ ਪੈ ਰਹੀ ਹੈ, ਜਿਸ ਕਾਰਨ ਲੋਕਾਂ ਦਾ ਰੋਜ਼ਾਨਾ ਜੀਵਨ ਪ੍ਰਭਾਵਿਤ ਹੋਇਆ ਹੈ। ਰਾਜ ਦੇ ਕਈ ਅੰਦਰੂਨੀ ਅਤੇ ਪਹਾੜੀ ਇਲਾਕਿਆਂ ਵਿੱਚ ਤਾਪਮਾਨ ਸਿਫ਼ਰ ਤੋਂ ਹੇਠਾਂ ਚਲਾ ਗਿਆ ਹੈ ਅਤੇ ਕੁਝ ਥਾਵਾਂ ’ਤੇ ਮਾਈਨਸ ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਹੈ। ਸਵੇਰ ਵੇਲੇ ਖੇਤਾਂ, ਪਾਰਕਾਂ ਅਤੇ ਵਾਹਨਾਂ ਉੱਪਰ ਮੋਟੀ ਪਰਤ ਦੇ ਰੂਪ ਵਿੱਚ ਕੋਰਾ ਜਮਿਆ ਦੇਖਿਆ ਜਾ ਰਿਹਾ ਹੈ, ਜਿਸ ਨਾਲ ਠੰਡ ਦੀ ਤੀਬਰਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।ਨਿਊ ਸਾਊਥ ਵੇਲਸ ਦੇ ਮਸ਼ਹੂਰ ਪਹਾੜੀ ਸੈਰ-ਸਪਾਟਾ ਕੇਂਦਰ ਥ੍ਰੈਡਬੋ ਅਤੇ ਸਨੋਈ ਮਾਊਂਟੇਨਜ਼ ਖੇਤਰ ਵਿੱਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਤਾਜ਼ਾ ਬਰਫ਼ਬਾਰੀ ਕਾਰਨ ਇਲਾਕਾ ਪੂਰੀ ਤਰ੍ਹਾਂ ਸਫ਼ੈਦ ਚਾਦਰ ਨਾਲ ਢੱਕ ਗਿਆ ਹੈ ਅਤੇ ਸਕੀਇੰਗ ਦੇ ਸ਼ੌਕੀਨਾਂ ਲਈ ਇਹ ਮੌਸਮ ਖ਼ਾਸ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ।ਇੱਥੇ ਦਾ ਤਾਪਮਾਨ -8 ਤੱਕ ਦਰਜ ਕੀਤਾ ਹੈ । ਹਾਲੀਆ ਬਰਫ਼ਬਾਰੀ ਨੇ ਰਿਜ਼ੋਰਟਾਂ ਵਿੱਚ ਰੌਣਕ ਵਧਾ ਦਿੱਤੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅਗਾਹੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਨਿਊ ਸਾਊਥ ਵੇਲਸ ਦੇ ਪਹਾੜੀ ਖੇਤਰਾਂ ਵਿੱਚ ਹੋਰ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ, ਜਦਕਿ ਰਾਜ ਦੇ ਕਈ ਹਿੱਸਿਆਂ ਵਿੱਚ ਠੰਡ ਦਾ ਪ੍ਰਕੋਪ ਹੋਰ ਵਧ ਸਕਦਾ ਹੈ। ਲੋਕਾਂ ਨੂੰ ਸਵੇਰੇ ਅਤੇ ਰਾਤ ਸਮੇਂ ਬਿਨਾਂ ਲੋੜ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਗਰਮ ਕੱਪੜਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿੱਚ ਆਏ ਇਸ ਵੱਡੇ ਫ਼ਰਕ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਜਦੋਂ ਉੱਤਰੀ ਗੋਲਾਰਧ ਵਿੱਚ ਗਰਮੀ ਦਾ ਮੌਸਮ ਹੁੰਦਾ ਹੈ ਤਾਂ ਦੱਖਣੀ ਗੋਲਾਰਧ ਵਿੱਚ ਸਰਦੀ ਆਪਣੇ ਪੂਰੇ ਰੂਪ ਵਿੱਚ ਹੁੰਦੀ ਹੈ। ਇਸੇ ਕਾਰਨ ਭਾਰਤ ਵਿੱਚ ਲੋਕ ਗਰਮੀ ਨਾਲ ਜੂਝ ਰਹੇ ਹਨ, ਜਦਕਿ ਆਸਟ੍ਰੇਲੀਆ ਦੇ ਲੋਕ ਕੜਾਕੇ ਦੀ ਠੰਡ ਅਤੇ ਬਰਫ਼ਬਾਰੀ ਦਾ ਸਾਹਮਣਾ ਕਰ ਰਹੇ ਹਨ। Snow pic (1) (2) (3)