08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

6.2 ਕਰੋੜ ਡਾਲਰ ਦੇ ਸਾਈਬਰ ਜਾਲ ਦਾ ਪਰਦਾਫ਼ਾਸ਼

ਅਜੀਤ ਡੈਸਕ 17-07-2026
**ਤਿੰਨ ਰੂਸੀ ਨਾਗਰਿਕਾਂ ਖ਼ਿਲਾਫ਼ ਅਮਰੀਕਾ ’ਚ ਦੋਸ਼ ਪੱਤਰ ਦਾਖ਼ਲ
ਨਿਊਯਾਰਕ, 16 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕੀ ਅਧਿਕਾਰੀਆਂ ਨੇ ਇੱਕ ਵੱਡੇ ਅੰਤਰਰਾਸ਼ਟਰੀ ਸਾਈਬਰ ਅਪਰਾਧ ਨੈੱਟਵਰਕ ਖ਼ਿਲਾਫ਼ ਕਾਰਵਾਈ ਕਰਦਿਆਂ ਤਿੰਨ ਰੂਸੀ ਨਾਗਰਿਕਾਂ ਅਤੇ ਰੂਸ ਅਧਾਰਿਤ ਦੋ ਕੰਪਨੀਆਂ ਵਿਰੁੱਧ ਦੋਸ਼-ਪੱਤਰ ਜਨਤਕ ਕੀਤਾ ਹੈ। ਸੰਘੀ ਜਾਂਚ ਏਜੰਸੀਆਂ ਮੁਤਾਬਕ, ਇਸ ਕਥਿਤ ਨੈੱਟਵਰਕ ਨਾਲ ਜੁੜੀਆਂ ਸਾਈਬਰ ਗਤੀਵਿਧੀਆਂ ਕਾਰਨ ਅਮਰੀਕਾ ਦੇ 21 ਰਾਜਾਂ ਅਤੇ ਕਈ ਹੋਰ ਦੇਸ਼ਾਂ ਵਿਚ ਬੈਂਕਾਂ, ਸਕੂਲਾਂ, ਹਸਪਤਾਲਾਂ, ਸਰਕਾਰੀ ਸੰਸਥਾਵਾਂ, ਕਾਰੋਬਾਰਾਂ ਅਤੇ ਮੀਡੀਆ ਕੰਪਨੀਆਂ ਨੂੰ 6.2 ਕਰੋੜ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ। ਕਲੀਵਲੈਂਡ ਸਥਿਤ ਐਫ਼.ਬੀ.ਆਈ. ਦਫ਼ਤਰ ਅਤੇ ਨਾਰਦਰਨ ਡਿਸਟ੍ਰਿਕਟ ਆਫ਼ ਓਹਾਇਓ ਦੇ ਅਮਰੀਕੀ ਅਟਾਰਨੀ ਦਫ਼ਤਰ ਨੇ ਦੱਸਿਆ ਕਿ ਇਹ ਮਾਮਲਾ ਸੱਤ ਸਾਲ ਲੰਬੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਹੈ। ਜਾਂਚ ਦੀ ਸ਼ੁਰੂਆਤ ਕਲੀਵਲੈਂਡ ਵਿਚ ਦਰਜ ਹੋਈ ਇੱਕ ਸ਼ਿਕਾਇਤ ਤੋਂ ਹੋਈ ਸੀ। ਦੋਸ਼-ਪੱਤਰ ਵਿਚ ਸੇਂਟ ਪੀਟਰਜ਼ਬਰਗ ਦੇ 43 ਸਾਲਾ ਅਲੈਕਜ਼ੈਂਡਰ ਅਲੈਕਜ਼ੈਂਡਰੋਵਿਚ ਵੋਲੋਸੋਵਿਕ, 34 ਸਾਲਾ ਕਿਰਿਲ ਆਂਦਰੇਏਵਿਚ ਜ਼ਾਤੋਲੋਕਿਨ ਅਤੇ 29 ਸਾਲਾ ਯੂਲੀਆ ਵਲਾਦੀਮੀਰੋਵਨਾ ਪਾਨਕੋਵਾ ਦੇ ਨਾਂਅ ਸ਼ਾਮਲ ਹਨ। ਇਸ ਦੇ ਨਾਲ ਰੂਸ ਅਧਾਰਿਤ ਮੀਡੀਆ ਲੈਂਡ ਐਲਐਲਸੀ ਅਤੇ ਐਮਐਲ.ਕਲਾਊਡ ਐਲਐਲਸੀ ਨੂੰ ਵੀ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਮੀਡੀਆ ਲੈਂਡ ਅਤੇ ਐਮਐਲ.ਕਲਾਊਡ ਕਥਿਤ ਤੌਰ ’ਤੇ “ਬੁਲੇਟਪ੍ਰੂਫ ਹੋਸਟਿੰਗ” ਸੇਵਾਵਾਂ ਮੁਹੱਈਆ ਕਰਵਾਉਂਦੀਆਂ ਸਨ। ਇਸ ਤਰ੍ਹਾਂ ਦੀਆਂ ਸੇਵਾਵਾਂ ਸਾਈਬਰ ਅਪਰਾਧੀਆਂ ਨੂੰ ਆਪਣੇ ਸਰਵਰ, ਡਿਜ਼ੀਟਲ ਪਛਾਣ ਅਤੇ ਗਤੀਵਿਧੀਆਂ ਲੁਕਾਉਣ ਵਿਚ ਮਦਦ ਕਰਦੀਆਂ ਹਨ, ਤਾਂ ਜੋ ਉਹ ਰੈਨਸਮਵੇਅਰ, ਮਾਲਵੇਅਰ, ਫਿਸ਼ਿੰਗ, ਬਰੂਟ-ਫੋਰਸ ਹਮਲੇ ਅਤੇ ਹੋਰ ਆਨਲਾਈਨ ਧੋਖਾਧੜੀਆਂ ਚਲਾ ਸਕਣ।
ਸੰਘੀ ਅਧਿਕਾਰੀਆਂ ਦਾ ਦੋਸ਼ ਹੈ ਕਿ ਇਨ੍ਹਾਂ ਕੰਪਨੀਆਂ ਨੇ ਕਥਿਤ ਤੌਰ ’ਤੇ ਅਪਰਾਧਿਕ ਗਾਹਕਾਂ ਨੂੰ ਤਕਨੀਕੀ ਸਹਾਇਤਾ ਅਤੇ ਸਰਵਰ ਢਾਂਚਾ ਦਿੱਤਾ, ਜਿਸ ਰਾਹੀਂ ਪੀੜਤਾਂ ਦੇ ਕੰਪਿਊਟਰ ਸਿਸਟਮਾਂ ਵਿਚ ਮਾਲਵੇਅਰ ਦਾਖ਼ਲ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਸਿਸਟਮ ਲਾਕ ਕਰਕੇ ਪੈਸੇ ਜਾਂ ਕ੍ਰਿਪਟੋਕਰੰਸੀ ਦੀ ਮੰਗ ਕੀਤੀ ਜਾਂਦੀ ਸੀ। ਇਸੇ ਪਲੇਟਫਾਰਮ ਦੀ ਵਰਤੋਂ ਫਰਜ਼ੀ ਡੋਮੇਨ ਰਜਿਸਟ੍ਰੇਸ਼ਨ, ਅਪਰਾਧਿਕ ਆਨਲਾਈਨ ਮਾਰਕੀਟਾਂ ਅਤੇ ਹੋਰ ਸਾਈਬਰ ਹਮਲਿਆਂ ਲਈ ਕੀਤੇ ਜਾਣ ਦੇ ਵੀ ਦੋਸ਼ ਹਨ। ਅਮਰੀਕੀ ਅਟਾਰਨੀ ਡੇਵਿਡ ਐਮ. ਟੋਏਫਰ ਨੇ ਕਿਹਾ ਕਿ ਇਸ ਮਾਮਲੇ ਦੇ ਪੀੜਤ ਸਿਰਫ਼ ਓਹਾਇਓ ਤੱਕ ਸੀਮਤ ਨਹੀਂ ਹਨ, ਸਗੋਂ 20 ਹੋਰ ਅਮਰੀਕੀ ਰਾਜਾਂ ਵਿੱਚ ਵੀ ਲੋਕ ਅਤੇ ਸੰਸਥਾਵਾਂ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ ਵਿੱਚ ਨਿਊਯਾਰਕ, ਕੈਲੀਫ਼ੋਰਨੀਆ, ਟੈਕਸਾਸ, ਫਲੋਰੀਡਾ, ਮਿਸ਼ੀਗਨ, ਪੈਨਸਿਲਵੇਨੀਆ, ਵਰਜੀਨੀਆ ਅਤੇ ਵਾਸ਼ਿੰਗਟਨ ਸਮੇਤ ਕਈ ਰਾਜ ਸ਼ਾਮਲ ਹਨ।
——-ਰੂਸੀਅਨ ਪਿਕਸ———-
ਰੂਸ ਦੇ 3 ਕਥਿਤ ਦੋਸ਼ੀ।
ਪਿਛਲੀ ਖ਼ਬਰ ਈਰਾਨ ਵਲੋਂ ਅਮਰੀਕੀ ਮਹਿਲਾ ਨਾਗਰਿਕ ਰਿਹਾਅ ਅਗਲੀ ਖ਼ਬਰ ਵਿਸ਼ਵ ਰਾਏ ’ਚ ਵੱਡਾ ਉਲਟਫੇਰ —————ਕਈ ਦੇਸ਼ਾਂ ’ਚ ਅਮਰੀਕਾ ਨਾਲੋਂ ਚੀਨ ਅਤੇ ਟਰੰਪ ਨਾਲੋਂ ਸ਼ੀ ਜਿਨਪਿੰਗ ਨੂੰ ਵੱਧ ਪਸੰਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।