13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਬਰਤਾਨਵੀ ਭਾਰਤੀ ਫ਼ੌਜ ਦੇ ਭੁੱਲੇ-ਵਿਸਰੇ ਪੰਜਾਬੀ ਸੈਨਿਕਾਂ ਨੂੰ ਸਦੀ ਬਾਅਦ ਮਿਲਿਆ ਪਹਿਲੇ ਵਿਸ਼ਵ ਯੁੱਧ ਦਾ ਸਨਮਾਨ

ਅਜੀਤ ਡੈਸਕ 08-07-2026
ਲੰਡਨ, 7 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰਾਸ਼ਟਰਮੰਡਲ ਵਾਰ ਗ੍ਰੇਵਜ਼ ਕਮਿਸ਼ਨ ਨੇ ਪਹਿਲੇ ਵਿਸ਼ਵ ਯੁੱਧ ਦੇ 9,909 ਬਰਤਾਨਵੀ ਭਾਰਤੀ ਫ਼ੌਜ ਦੇ ਸੈਨਿਕਾਂ ਨੂੰ ਅਧਿਕਾਰਤ ਤੌਰ ’ਤੇ ਆਪਣੇ ਸ਼ਹੀਦਾਂ ਦੇ ਡੇਟਾਬੇਸ ’ਚ ਸ਼ਾਮਲ ਕਰ ਲਿਆ ਹੈ। ਇਹ ਪਿਛਲੇ 80 ਸਾਲਾਂ ਤੋਂ ਵੱਧ ਸਮੇਂ ’ਚ ਕਮਿਸ਼ਨ ਦੇ ਰਿਕਾਰਡ ’ਚ ਸਭ ਤੋਂ ਵੱਡਾ ਸੁਧਾਰ ਹੈ, ਜਿਸ ਨੇ ਇਕ ਸਦੀ ਪੁਰਾਣੀ ਬਸਤੀਵਾਦੀ ਅਣਗਹਿਲੀ ਨੂੰ ਦੂਰ ਕੀਤਾ ਹੈ। ਇਹ ਇਤਿਹਾਸਕ ਪ੍ਰਾਪਤੀ ਇਕ ਪੰਜ ਸਾਲਾ ਖੋਜ ਪ੍ਰੋਜੈਕਟ ਸਦਕਾ ਸੰਭਵ ਹੋਈ ਹੈ, ਜਿਸ ਤਹਿਤ ‘ਪੰਜਾਬ ਰਜਿਸਟਰਾਂ’ ਦਾ ਡਿਜੀਟਲੀਕਰਨ ਤੇ ਵਿਸ਼ਲੇਸ਼ਣ ਕੀਤਾ ਗਿਆ। ਇਹ ਦੁਰਲੱਭ, ਹੱਥ ਲਿਖਤ ਪਿੰਡਾਂ ਦੇ ਰਿਕਾਰਡ ਪਾਕਿਸਤਾਨ ਦੇ ਲਾਹੌਰ ਅਜਾਇਬ ਘਰ ਦੇ ਤਹਿਖਾਨੇ ਵਿਚ ਲਗਭਗ ਇਕ ਸਦੀ ਤੋਂ ਅਣਗੌਲੇ ਪਏ ਸਨ। ਪਹਿਲੇ ਵਿਸ਼ਵ ਯੁੱਧ ਦੌਰਾਨ, ਅਣਵੰਡਿਆ ਪੰਜਾਬ ਬਰਤਾਨਵੀ ਭਾਰਤੀ ਫ਼ੌਜ ਲਈ ਭਰਤੀ ਦਾ ਮੁੱਖ ਗੜ੍ਹ ਸੀ, ਜਿੱਥੋਂ ਲਗਭਗ 3,00,000 ਨੌਜਵਾਨ ਯੂਰਪ, ਅਫ਼ਰੀਕਾ ਤੇ ਮੱਧ ਪੂਰਬ ਵਿੱਚ ਲੜਨ ਲਈ ਗਏ ਸਨ। ਹਾਲਾਂਕਿ, ਬਸਤੀਵਾਦੀ ਦੌਰ ਦੇ ਪ੍ਰਸ਼ਾਸਨਿਕ ਨਿਯਮਾਂ ਨੇ ਜੰਗੀ ਸ਼ਹੀਦਾਂ ਦੀ ਪਰਿਭਾਸ਼ਾ ਬਹੁਤ ਸੀਮਤ ਰੱਖੀ ਸੀ। ਜਿਹੜੇ ਸੈਨਿਕ ਸਰਗਰਮ ਜੰਗ ਦੇ ਮੈਦਾਨ ਤੋਂ ਦੂਰ, ਜਾਂ ਭਾਰਤ ਵਾਪਸ ਪਰਤ ਕੇ ਗ਼ੈਰ-ਕਾਰਜਸ਼ੀਲ ਖੇਤਰਾਂ ਵਿਚ ਜ਼ਖ਼ਮਾਂ ਜਾਂ ਬੀਮਾਰੀਆਂ (ਜਿਵੇਂ ਕਿ 1919 ਦੀ ਇਨਫਲੂਐਂਜ਼ਾ ਮਹਾਂਮਾਰੀ) ਕਾਰਨ ਦਮ ਤੋੜ ਗਏ, ਉਨ੍ਹਾਂ ਨੂੰ ਇਸ ਸੂਚੀ ਵਿੱਚੋਂ ਬਾਹਰ ਰੱਖਿਆ ਗਿਆ ਸੀ। ਉਸ ਸਮੇਂ ਦੀ ਬਰਤਾਨਵੀ ਭਾਰਤੀ ਸਰਕਾਰ ਨੇ ਇਨ੍ਹਾਂ ਦੇ ਨਾਮ ਕਦੇ ਭੇਜੇ ਹੀ ਨਹੀਂ, ਜਿਸ ਕਾਰਨ ਉਹ ਰਾਸ਼ਟਰਮੰਡਲ ਵਾਰ ਗ੍ਰੇਵਜ਼ ਕਮਿਸ਼ਨ ਦੇ ਰਿਕਾਰਡ ਵਿਚ ਦਰਜ ਹੋਣੋਂ ਰਹਿ ਗਏ। ਨਵੇਂ ਮਾਨਤਾ ਪ੍ਰਾਪਤ ਸ਼ਹੀਦਾਂ ਵਿੱਚ ਅਣਵੰਡੇ ਪੰਜਾਬ ਦੇ ਵੱਖ-ਵੱਖ ਧਰਮਾਂ ਦੇ ਲੋਕ ਸ਼ਾਮਲ ਹਨ, ਜਿਨ੍ਹਾਂ ਵਿਚ ਲਗਭਗ 40 ਫ਼ੀਸਦ ਮੁਸਲਮਾਨ, 25 ਫ਼ੀਸਦ ਸਿੱਖ ਅਤੇ 25 ਫ਼ੀਸਦ ਹਿੰਦੂ ਸਨ। ਇਸ ਗੁੰਮ ਹੋਏ ਇਤਿਹਾਸ ਨੂੰ ਮੁੜ ਸੁਰਜੀਤ ਕਰਨ ਲਈ ਇਕ ਵੱਡਾ ਸਾਂਝਾ ਉਪਰਾਲਾ ਕਰਦਿਆਂ ਯੂ.ਕੇ. ਪੰਜਾਬ ਹੈਰੀਟੇਜ ਐਸੋਸੀਏਸ਼ਨ ਨੇ ਪਿੰਡਾਂ ਦੇ ਰਿਕਾਰਡ ਦੇ 26,000 ਪੰਨਿਆਂ ਨੂੰ ਡਿਜੀਟਾਈਜ਼ ਕਰਨ ਦੇ ਕੰਮ ਦੀ ਅਗਵਾਈ ਕੀਤੀ।
ਗ੍ਰੀਨਵਿਚ ਯੂਨੀਵਰਸਿਟੀ ਲੰਡਨ ਦੇ ਅਕਾਦਮਿਕ ਮਾਹਰਾਂ ਨੇ ਇਸ ਅਧੂਰੇ ਡੇਟਾ ਦੀ ਮਿਲਟਰੀ ਰਿਕਾਰਡਾਂ ਨਾਲ ਬਾਰੀਕੀ ਨਾਲ ਪੜਤਾਲ ਕੀਤੀ। ਭਾਰਤ, ਪਾਕਿਸਤਾਨ ਅਤੇ ਯੂ.ਕੇ. ਵਿੱਚ ਰਹਿ ਰਹੇ ਹਜ਼ਾਰਾਂ ਪ੍ਰਵਾਸੀ ਪਰਿਵਾਰਾਂ ਲਈ, ਇਹ ਅਪਡੇਟ ਉਨ੍ਹਾਂ ਦੇ ਵਡੇਰਿਆਂ ਨੂੰ ਬਣਦਾ ਸਨਮਾਨ ਦਿਵਾਉਣ ਵਰਗਾ ਹੈ ਜੋ ਇਤਿਹਾਸ ਦੇ ਪੰਨਿਆਂ ’ਚ ਗੁਆਚ ਗਏ ਸਨ।
ਪਿਛਲੀ ਖ਼ਬਰ ਆਈਸ ਖ਼ਿਲਾਫ਼ ਅਮਰੀਕੀ ਨਾਗਰਿਕ ਵੱਲੋਂ ਮੁਕੱਦਮਾ, ਈ-ਮੇਲ ਕਾਰਨ ਘਰ ਪਹੁੰਚੇ ਫੈਡਰਲ ਅਧਿਕਾਰੀਆਂ ’ਤੇ ਬੋਲਣ ਦੀ ਆਜ਼ਾਦੀ ਤੋੜ... ਅਗਲੀ ਖ਼ਬਰ ਸੜਕ ਹਾਦਸੇ ਦੇ ਮਾਮਲੇ ’ਚ ਪੰਜਾਬੀ ਡਰਾਈਵਰ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।