ਐਡੀਲੇਡ, 2 ਜੂਨ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ‘ਚ ਸਰਦੀਆਂ ਦੇ ਪਹਿਲੇ ਵੱਡੇ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ। ਤੇਜ਼ ਹਵਾਵਾਂ, ਮੋਹਲੇਧਾਰ ਮੀਂਹ ਤੇ ਉੱਚੀਆਂ ਸਮੁੰਦਰੀ ਲਹਿਰਾਂ ਕਾਰਨ ਐਡੀਲੇਡ ਸਮੇਤ ਕਈ ਖੇਤਰੀ ਇਲਾਕਿਆਂ ‘ਚ ਜਨਜੀਵਨ ਪ੍ਰਭਾਵਿਤ ਹੋ ਗਿਆ। ਮੌਸਮ ਵਿਭਾਗ ਵੱਲੋਂ ਜਾਰੀ ਚੇਤਾਵਨੀ ਅਨੁਸਾਰ ਕੁਝ ਖੇਤਰਾਂ ਵਿਚ ਹਵਾਵਾਂ ਦੀ ਰਫ਼ਤਾਰ 90 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ, ਜਦਕਿ ਕਈ ਥਾਵਾਂ ‘ਤੇ ਭਾਰੀ ਵਰਖਾ ਦਰਜ ਕੀਤੀ ਗਈ। ਤੂਫ਼ਾਨ ਦੇ ਪ੍ਰਭਾਵ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਅਤੇ ਰਾਜ ਭਰ ਵਿਚ ਐਮਰਜੈਂਸੀ ਸੇਵਾਵਾਂ ਨੂੰ ਵੱਡੀ ਗਿਣਤੀ ਵਿਚ ਸਹਾਇਤਾ ਕਾਲਾਂ ਪ੍ਰਾਪਤ ਹੋਈਆਂ। ਸਾਊਥ ਆਸਟ੍ਰੇਲੀਆ ਸਟੇਟ ਐਮਰਜੈਂਸੀ ਸਰਵਿਸ ਨੇ ਦੱਸਿਆ ਕਿ ਹਵਾਵਾਂ ਨਾਲ ਦਰੱਖਤ ਡਿੱਗਣ, ਛੱਤਾਂ ਨੂੰ ਨੁਕਸਾਨ ਪਹੁੰਚਣ ਤੇ ਸਥਾਨਕ ਹੜ੍ਹਾਂ ਵਰਗੀਆਂ ਘਟਨਾਵਾਂ ਲਈ 200 ਤੋਂ ਵੱਧ ਕਾਲਾਂ ਦਾ ਜਵਾਬ ਦਿੱਤਾ ਗਿਆ। ਐਡੀਲੇਡ ਦੇ ਕਈ ਇਲਾਕਿਆਂ ‘ਚ ਸੜਕਾਂ ਪਾਣੀ ਨਾਲ ਭਰ ਗਈਆਂ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਵੀ ਤੇਜ਼ ਹਵਾਵਾਂ ਤੇ ਛਿਟਪੁੱਟ ਮੀਂਹ ਜਾਰੀ ਰਹਿ ਸਕਦਾ ਹੈ। ਰਾਜ ਭਰ ‘ਚ ਐਮਰਜੈਂਸੀ ਏਜੰਸੀਆਂ ਹਾਲਾਤਾਂ ‘ਤੇ ਨਜ਼ਰ ਰੱਖ ਰਹੀਆਂ ਹਨ ਤੇ ਨਾਗਰਿਕਾਂ ਨੂੰ ਤਾਜ਼ਾ ਚੇਤਾਵਨੀਆਂ ‘ਤੇ ਧਿਆਨ ਦੇਣ ਲਈ ਕਿਹਾ ਗਿਆ ਹੈ।