ਟੋਰਾਂਟੋ, 30 ਮਾਰਚ (ਹਰਜੀਤ ਸਿੰਘ ਬਾਜਵਾ)-ਕੈਨੇਡਾ ਵਿਚ ਪੰਜਾਬੀਆਂ ਦੇ ਚਹੇਤੇ ਸ਼ਹਿਰ ਬਰੈਂਪਟਨ ਦੇ ਸੀ.ਏ.ਏ. ਸੈਂਟਰ ਵਿਚ ਗੁਰਦਾਸ ਮਾਨ ਵੱਲੋਂ ਲਾਈਵ ਸ਼ੋਅ ਦੀ ਪੇਸ਼ਕਾਰੀ ਕੀਤੀ ਗਈ ਜਿਸ ਵਿਚ ਉਹਨਾਂ ਨੇ ਆਪਣੇ ਨਵੇਂ ਤੇ ਪੁਰਾਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ | ਮਾਨ ਦੇ ਪੰਜਾਬੀ ਸੰਗੀਤ ਅਤੇ ਫ਼ਿਲਮ ਉਦਯੋਗ ਵਿਚ ਪਾਏ ਵੱਡੇ ਯੋਗਦਾਨ ਕਰਕੇ ਦਰਸ਼ਕਾਂ ਦੇ ਮਨਾਂ ਵਿਚ ਉਹਨਾਂ ਪ੍ਰਤੀ ਭਰਵਾਂ ਪਿਆਰ ਵੀ ਦੇਖਿਆ ਗਿਆ ਤੇ ਇਸ ਪ੍ਰੋਗਰਾਮ ਦੇ ਦੌਰਾਨ ਹੀ ਹਾਲ ਦੇ ਬਾਹਰ ਕੁਝ ਪੰਜਾਬੀ ਬੋਲੀ ਦੇ ਪਿਆਰਿਆਂ ਵੱਲੋਂ ਗੁਰਦਾਸ ਮਾਨ ਦੇ ਖਿਲਾਫ ਇਕ ਰੋਸ ਮੁਜ਼ਾਹਰਾ ਵੀ ਕੀਤਾ ਗਿਆ ਜਿਸ ਬਾਰੇ ਪੰਜਾਬੀ ਬੋਲੀ ਦੇ ਹਿਤੈਸ਼ੀ ਤੇ ਇਸ ਮੁਜ਼ਾਹਰੇ ਲਈ ਮੋਹਰੀ ਰੋਲ ਅਦਾ ਕਰਨ ਵਾਲੇ ਜਸਬੀਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਸਿਰ ਨੀਵਾਂ ਹੁੰਦਾ ਨਹੀ ਦੇਖਿਆ ਜਾ ਸਕਦਾ, ਜਿਸ ਕਰਕੇ ਬੀਤੇ ਸਮੇਂ ਦੀਆਂ ਕੁਝ ਘਟਨਾਵਾਂ ਕਰਕੇ ਮਾਨ ਪ੍ਰਤੀ ਲੋਕਾਂ ਦੇ ਮਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ, ਉਹਨਾਂ ਹੋਰ ਆਖਿਆ ਕਿ ਆਪਣੀ ਗਲਤ ਸ਼ਬਦਾਵਲੀ ਬਦਲੇ ਮਾਨ ਵੱਲੋਂ ਪੰਜਾਬੀਆਂ ਤੋਂ ਮੁਆਫੀ ਮੰਗੇ ਜਾਣ ਤੱਕ ਉਹਨਾਂ ਦਾ ਵਿਰੋਧ ਜਾਰੀ ਰਹੇਗਾ |