ਲੈਸਟਰ (ਇੰਗਲੈਂਡ), 29 ਮਾਰਚ (ਸੁਖਜਿੰਦਰ ਸਿੰਘ ਢੱਡੇ)-ਇੰਡਿਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬਿ੍ਟੇਨ) ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਮੈਂਬਰਾਂ ਨੇ ਸੈਂਟਰਲ ਲੰਡਨ ਵਿੱਚ ਹੋਈ ਵੱਡੀ ਨਸਲਵਾਦ ਵਿਰੋਧੀ ਰੈਲੀ ਵਿਚ ਵੱਡੀ ਗਿਣਤੀ ਵਿਚ ਭਾਗ ਲਿਆ | ਇਸ ਮਾਰਚ ਵਿਚ ਲੈਸਟਰ, ਬਰਮਿੰਘਮ, ਈਸਟ ਲੰਡਨ ਅਤੇ ਵੈਸਟ ਲੰਡਨ ਸਮੇਤ ਕਈ ਸ਼ਾਖਾਵਾਂ ਦੇ ਮੈਂਬਰ ਟੂਗੈਦਰ ਅਲਾਇੰਸ ਦੇ ਬੈਨਰ ਹੇਠ ਸ਼ਾਮਲ ਹੋਏ ਤੇ ਟਰੇਡ ਯੂਨੀਅਨਾਂ, ਕਮਿਊਨਿਟੀ ਸੰਸਥਾਵਾਂ ਤੇ ਸਮਾਜਿਕ ਗਰੁੱਪਾਂ ਦੇ ਲੱਖਾਂ ਲੋਕਾਂ ਨਾਲ ਇਕੱਠੇ ਕਦਮ ਮਿਲਾਏ | ਰੈਲੀ ਵਿਚ ਸ਼ਾਮਲ ਲੋਕਾਂ ਨੇ ਨਸਲਵਾਦ, ਫਾਸੀਵਾਦ ਅਤੇ ਬਿ੍ਟੇਨ ਦੀ ਰਾਜਨੀਤੀ ਵਿੱਚ ਵਧ ਰਹੀਆਂ ਫਾਰ ਰਾਈਟ ਤਾਕਤਾਂ ਦੇ ਖਿਲਾਫ਼ ਇਕਜੁਟ ਹੋ ਕੇ ਆਵਾਜ਼ ਬੁਲੰਦ ਕੀਤੀ | ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੇ ਬਰਾਬਰੀ, ਇਨਸਾਫ਼, ਅਮਨ ਅਤੇ ਇਕਜੁਟਤਾ ਦੇ ਹੱਕ ਵਿੱਚ ਆਪਣਾ ਸਮਰਥਨ ਜਤਾਇਆ | ਇੰਡਿਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬਿ੍ਟੇਨ) ਨੇ ਨਸਲਵਾਦ ਦੇ ਖਿਲਾਫ਼ ਲੜਾਈ ਤੇ ਮਜ਼ਦੂਰਾਂ, ਪ੍ਰਵਾਸੀਆਂ ਅਤੇ ਘੱਟ ਗਿਣਤੀ ਭਾਈਚਾਰਿਆਂ ਦੇ ਹੱਕਾਂ ਦੀ ਰੱਖਿਆ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ | ਸੰਸਥਾ ਨੇ ਕਿਹਾ ਕਿ ਆਪਣੀ ਸਥਾਪਨਾ ਤੋਂ ਹੀ ਇਹ ਬਰਾਬਰੀ, ਮਜ਼ਦੂਰ ਹੱਕਾਂ, ਨਸਲਵਾਦ ਵਿਰੋਧ ਅਤੇ ਸਮਾਜਿਕ ਨਿਆਂ ਲਈ ਸਰਗਰਮ ਰਹੀ ਹੈ | ਸੰਸਥਾ ਦੇ ਜਨਰਲ ਸਕੱਤਰ ਸੀਤਲ ਸਿੰਘ ਗਿੱਲ ਨੇ ਕਿਹਾ ਕਿ ਇੰਡਿਅਨ ਵਰਕਰਜ਼ ਐਸੋਸੀਏਸ਼ਨ ਨਸਲਵਾਦ, ਫਾਸੀਵਾਦ ਅਤੇ ਨਫ਼ਰਤ ਦੀ ਰਾਜਨੀਤੀ ਦੇ ਖਿਲਾਫ਼ ਡਟ ਕੇ ਖੜੀ ਹੈ | ਉਨ੍ਹਾਂ ਕਿਹਾ ਕਿ ਲੈਸਟਰ, ਬਰਮਿੰਘਮ, ਅਤੇ ਹੋਰ ਸ਼ਹਿਰਾਂ ਤੋਂ ਮੈਂਬਰ ਵੱਡੀ ਗਿਣਤੀ ਵਿੱਚ ਮਾਰਚ ਵਿੱਚ ਸ਼ਾਮਲ ਹੋਏ ਤਾਂ ਜੋ ਇਹ ਸਪਸ਼ਟ ਕੀਤਾ ਜਾ ਸਕੇ ਕਿ ਕਮਿਊਨਿਟੀਆਂ ਨੂੰ ਵੰਡਿਆ ਨਹੀਂ ਜਾ ਸਕਦਾ | ਉਨ੍ਹਾਂ ਕਿਹਾ ਕਿ ਬਿ੍ਟੇਨ ਦੇ ਨਿਰਮਾਣ ਵਿਚ ਵੱਖ-ਵੱਖ ਸੱਭਿਆਚਾਰਾਂ ਅਤੇ ਭਾਈਚਾਰਿਆਂ ਦੇ ਲੋਕਾਂ ਦਾ ਮਹੱਤਵਪੂਰਨ ਯੋਗਦਾਨ ਹੈ ਅਤੇ ਪ੍ਰਵਾਸੀਆਂ ਨੇ ਨੈਸ਼ਨਲ ਹੈਲਥ ਸਰਵਿਸ ਸਮੇਤ ਕਈ ਖੇਤਰਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ | ਉਨ੍ਹਾਂ ਕਿਹਾ ਕਿ ਫਾਰ ਰਾਈਟ ਤਾਕਤਾਂ ਵੱਲੋਂ ਸਮਾਜ ਵਿੱਚ ਡਰ ਅਤੇ ਨਫ਼ਰਤ ਫੈਲਾਉਣ ਦੀ ਹਰ ਕੋਸ਼ਿਸ਼ ਦਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ | ਇੰਡਿਅਨ ਵਰਕਰਜ਼ ਐਸੋਸੀਏਸ਼ਨ ਨੇ ਕਿਹਾ ਕਿ ਮਜ਼ਦੂਰਾਂ ਅਤੇ ਕਮਿਊਨਿਟੀਆਂ ਦੀ ਇਕਜੁਟਤਾ ਹੀ ਨਫ਼ਰਤ ਅਤੇ ਵੰਡ ਦੀ ਰਾਜਨੀਤੀ ਦਾ ਸਭ ਤੋਂ ਮਜ਼ਬੂਤ ਜਵਾਬ ਹੈ | ਸੰਸਥਾ ਨੇ ਟਰੇਡ ਯੂਨੀਅਨਾਂ ਅਤੇ ਕਮਿਊਨਿਟੀ ਗਰੁੱਪਾਂ ਨੂੰ ਅਪੀਲ ਕੀਤੀ ਕਿ ਉਹ ਨਸਲਵਾਦ ਦੇ ਖਿਲਾਫ਼ ਇਕੱਠੇ ਕੰਮ ਕਰਨ ਅਤੇ ਹਰ ਵਿਅਕਤੀ ਦੇ ਹੱਕਾਂ ਅਤੇ ਇਜ਼ਤ ਦੀ ਰੱਖਿਆ ਯਕੀਨੀ ਬਣਾਉਣ | ਸੰਸਥਾ ਨੇ ਦੁਨੀਆ ਵਿੱਚ ਵਧ ਰਹੀਆਂ ਜੰਗਾਂ ਅਤੇ ਟਕਰਾਵਾਂ ਬਾਰੇ ਵੀ ਚਿੰਤਾ ਜਤਾਉਂਦਿਆਂ ਕਿਹਾ ਕਿ ਨਸਲਵਾਦ, ਵੰਡ ਅਤੇ ਜੰਗ ਅਕਸਰ ਇਕ ਦੂਜੇ ਨਾਲ ਜੁੜੇ ਹੁੰਦੇ ਹਨ ਅਤੇ ਅਮਨ ਅਤੇ ਇਕਜੁਟਤਾ ਲਈ ਸਾਂਝੀ ਕੋਸ਼ਿਸ਼ਾਂ ਦੀ ਲੋੜ ਹੈ |