ਆਰ.ਐਸ.ਐਸ. (ਸੰਘ) ਦੇ ਤੀਜੇ ਨੰਬਰ ਦੇ ਨੇਤਾ ਅਤੁਲ ਲਿਮਯੇ ਦਾ ਕਹਿਣਾ ਹੈ ਕਿ ਕਾਕਰੋਚ ਅੰਦੋਲਨ ਰਾਸ਼ਟਰਵਿਰੋਧੀ ਸੀ। ਲਿਮਯੇ ਦਾ ਬਿਆਨ ਬਹੁਤ ਅਹਿਮ ਹੈ, ਕਿਉਂਕਿ ਸੰਘ ਉਨ੍ਹਾਂ 'ਚ ਆਪਣਾ ਭਵਿੱਖ ਦੇਖਦਾ ਹੈ ਤੇ ਉਹ ਭਾਗਵਤ ਤੋਂ ਬਾਅਦ ਸੰਘ 'ਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ। ਇਸ ਸਮੇਂ ਲਿਮਯੇ ਸਰ ਸਹਿਕਾਰਜਵਾਹਕ (ਸੰਯੁਕਤ ਜਨਰਲ ਸਕੱਤਰ) ਹਨ, ਕੇ.ਐਸ. ਸੁਦਰਸ਼ਨ ਵੀ ਸਰ ਸੰਘਚਾਲਕ ਬਣਨ ਤੋਂ ਪਹਿਲਾਂ ਸਰ ਸਹਿਕਾਰਜਵਾਹਕ ਹੀ ਸਨ। ਇਸ ਲਈ ਜਦੋਂ ਲਿਮਯੇ ਕਹਿੰਦੇ ਹਨ ਕਿ ਬੱਚਿਆਂ ਦਾ ਅੰਦੋਲਨ ਰਾਸ਼ਟਰ-ਵਿਰੋਧੀ ਤੇ ਸੰਵਿਧਾਨ-ਵਿਰੋਧੀ ਸੀ, ਤਾਂ ਉਨ੍ਹਾਂ ਦੇ ਬਿਆਨ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ। ਸਵਾਲ ਇਹ ਹੈ ਕਿ ਉਹ ਅਜਿਹਾ ਕਿਉਂ ਕਹਿ ਰਹੇ ਹਨ, ਆਪਣੇ 100 ਸਾਲ ਪੂਰੇ ਕਰਨ ਵਾਲਾ ਸੰਘ ਵਿਦਿਆਰਥੀ ਅੰਦੋਲਨ ਦੇ ਅਕਸ ਨੂੰ ਕਿਉਂ ਖਰਾਬ ਕਰਨਾ ਚਾਹੁੰਦਾ ਹੈ?


ਦਰਅਸਲ ਕਾਕਰੋਚ ਅੰਦੋਲਨ ਨੇ ਪ੍ਰਧਾਨ ਮੰਤਰੀ ਮੋਦੀ ਬਾਰੇ ਬਣਾਈਆਂ ਮਿੱਥਾਂ ਤੋੜ ਦਿੱਤੀਆਂ ਹਨ, ਮੋਦੀ ਨੇ ਗੁਜਰਾਤ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਜੋ ਅਕਸ ਬਹੁਤ ਮਿਹਨਤ ਨਾਲ ਬਣਾਇਆ ਸੀ, ਉਹ ਚਕਨਾਚੂਰ ਹੋ ਗਿਆ ਹੈ। ਮੋਦੀ ਦੇ ਪੈਰੋਕਾਰ ਉਨ੍ਹਾਂ ਨੂੰ ਹਿੰਦੂ ਦਿਲਾਂ ਦੇ ਸਮਰਾਟ ਤੇ ਸ਼ਹਿਰੀ ਮੱਧ ਵਰਗ ਦੇ ਚਹੇਤੇ ਦਰਸਾਉਣ ਦੀ ਕੋਸ਼ਿਸ਼ ਕਰਦਿਆਂ ਦਾਅਵਾ ਕਰਦੇ ਸਨ ਕਿ ਮੋਦੀ ਕੋਈ ਆਮ ਨੇਤਾ ਨਹੀਂ ਹਨ। ਉਹ ਮੋਦੀ ਨੂੰ ਆਜ਼ਾਦੀ ਤੋਂ ਬਾਅਦ ਭਾਰਤ ਨੂੰ ਦਰਪੇਸ਼ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਲਾ ਦੇਸ਼ ਦਾ ਮੁਕਤੀਦਾਤਾ ਦੱਸਦੇ ਸਨ। ਇਹ ਕੋਈ ਇਤਫ਼ਾਕ ਨਹੀਂ ਹੈ ਕਿ 2014 ਤੋਂ ਉਹ ਦੇਸ਼ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮੋਦੀ 'ਚ ਕੋਈ 'ਦੈਵੀ' ਤੱਤ ਹੈ ਤੇ ਉਨ੍ਹਾਂ ਦਾ ਜਨਮ ਕੋਈ ਮਹਾਨ ਕੰਮ ਕਰਨ ਲਈ ਹੋਇਆ ਹੈ। 2024 ਦੀਆਂ ਚੋਣਾਂ ਦੌਰਾਨ ਮੋਦੀ ਨੇ ਇਕ ਟੀ.ਵੀ. ਇੰਟਰਵਿਊ 'ਚ ਕਿਹਾ ਸੀ ਕਿ ਉਹ 'ਗੈਰ-ਜੈਵਿਕ' ਹਨ। ਅਕਸਰ ਬਹੁਤੇ ਬਾਬੇ ਵੀ ਆਪਣੇ-ਆਪ ਨੂੰ ਅਲੌਕਿਕ ਦਰਸਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਉਨ੍ਹਾਂ ਕੋਲ ਵੀ ਸ਼ਰਧਾਲੂਆਂ ਦੀ ਵੱਡੀ ਫੌਜ ਹੁੰਦੀ ਹੈ।
ਪਰ ਇਸ ਅੰਦੋਲਨ ਦੌਰਾਨ ਜਦੋਂ ਬੱਚਿਆਂ ਨੇ ਉਨ੍ਹਾਂ ਦਾ ਮਜ਼ਾਕ ਉਡਾਉਂਦਿਆਂ ਮੀਮਜ਼ 'ਤੇ ਰੀਲ ਬਣਾਏ, ਤਾਂ ਇਸ ਨੇ ਮੋਦੀ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਅੰਦਰ ਤੱਕ ਤੋੜ ਦਿੱਤਾ ਹੈ। ਉਹ ਸੋਚ ਰਹੇ ਹਨ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਹਾਲਾਂਕਿ ਅੰਦੋਲਨ ਦੌਰਾਨ ਕੁਝ ਬੱਚਿਆਂ ਵਲੋਂ ਪ੍ਰਧਾਨ ਮੰਤਰੀ ਨੂੰ ਗਾਲਾਂ ਦਿੰਦਿਆਂ ਮਾੜੀ ਭਾਸ਼ਾ ਦੀ ਵਰਤੋਂ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ। ਪਰ ਇਹ ਸੋਚਣਾ ਤੇ ਸਮਝਣਾ ਹੋਵੇਗਾ ਕਿ ਜਿਹੜਾ ਵਿਅਕਤੀ ਦੇਸ਼ ਦੇ ਨੌਜਵਾਨਾਂ ਦਾ ਚਹੇਤਾ ਹੋਵੇ, ਨੌਜਵਾਨਾਂ ਨੂੰ ਉਸ ਤੋਂ ਬੇਸ਼ੁਮਾਰ ਉਮੀਦਾਂ ਹੋਣ, ਉਹ ਉਸ ਲਈ ਅਜਿਹੀ ਭਾਸ਼ਾ ਕਿਵੇਂ ਵਰਤ ਸਕਦੇ ਸਨ। ਦਰਅਸਲ ਜਦੋਂ ਕਿਸੇ ਮਸੀਹਾ ਦੀ ਤਸਵੀਰ/ਮੂਰਤ ਟੁੱਟਦੀ ਹੈ ਤਾਂ ਭਾਵੇਂ ਕੋਈ ਆਵਾਜ਼ ਨਾ ਹੋਵੇ, ਪਰ ਲੋਕਾਂ ਦੀਆਂ ਉਮੀਦਾਂ ਟੁੱਟਣ ਨਾਲ ਉਹ ਠੱਗੇ ਹੋਏ ਮਹਿਸੂਸ ਕਰਦੇ ਹਨ। ਉਹ ਨਿਰਾਸ਼ਾ 'ਚ ਉਨ੍ਹਾਂ ਮਾੜੇ ਸ਼ਬਦਾਂ ਦੀ ਵਰਤੋਂ ਵੀ ਕਰ ਜਾਂਦੇ ਹਨ, ਜੋ ਉਹ ਆਮ ਤੌਰ 'ਤੇ ਨਹੀਂ ਕਰਦੇ। ਇਹ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਸਜ਼ਾ ਦੇਣ ਦੀ ਬਜਾਏ ਮਾਫ਼ ਕਰ ਦਿੱਤਾ ਹੈ। ਦਰਅਸਲ ਇਹ 'ਡੈਮੇਜ ਕੰਟਰੋਲ' ਹੈ ਜਾਂ ਮੁੜ ਤੋਂ ਨੌਜਵਾਨਾਂ ਦੇ ਦਿਲ ਜਿੱਤਣ ਦੀ ਕੋਸ਼ਿਸ਼ ਹੈ, ਪਰ ਇਹ ਕਾਫ਼ੀ ਨਹੀਂ ਹੈ, ਕਿਉਂਕਿ ਹੋਏ ਨੁਕਸਾਨ ਦੀ ਭਰਪਾਈ ਮੁਆਫ਼ੀ ਨਾਲ ਨਹੀਂ ਹੋ ਸਕੇਗੀ। ਕੋਈ ਵੀ ਨਵਾਂ ਜੰਤਰ-ਮੰਤਰ ਸਰਕਾਰ ਲਈ ਘਾਤਕ ਹੋਵੇਗਾ, ਸੰਘ ਪਰਿਵਾਰ ਇਸ ਸੱਚਾਈ ਤੋਂ ਜਾਣੂ ਹੈ। ਲਿਮਯੇ ਦਾ ਬਿਆਨ ਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦਾ ਸੱਦਾ ਇਸੇ ਦੀ ਪੁਸ਼ਟੀ ਹੈ।
ਸੰਘ ਪਰਿਵਾਰ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਪੁਰਾਣੇ ਅਕਸ ਨੂੰ ਮੁੜ ਸਥਾਪਿਤ ਕਰਨਾ ਲਗਭਗ ਅਸੰਭਵ ਹੈ। ਜਦੋਂ ਕੋਈ ਤਸਵੀਰ ਜਾਂ ਮੂਰਤੀ ਟੁੱਟ ਜਾਵੇ ਤਾਂ ਮੁਰੰਮਤ ਕਰਨ ਨਾਲ ਵੀ ਉਸ ਦੀ ਪਹਿਲਾਂ ਵਾਲੀ ਆਭਾ ਵਾਪਸ ਨਹੀਂ ਆਉਂਦੀ; ਲੋਕ ਉਸ 'ਚੋਂ ਬ੍ਰਹਮ ਤੱਤ ਦੀ ਭਾਲ ਕਰਨਾ ਬੰਦ ਕਰ ਦਿੰਦੇ ਹਨ। ਇਸੇ ਲਈ ਸਾਡੇ ਸਮਾਜ 'ਚ ਟੁੱਟੀ ਹੋਈ ਮੂਰਤੀ ਦੀ ਪੂਜਾ ਨਹੀਂ ਕਰਦੇ। ਅੰਦੋਲਨ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਅੰਦੋਲਨ ਦੀ ਨੈਤਿਕ ਆਭਾ ਨੂੰ ਨਸ਼ਟ ਕਰਨਾ ਜ਼ਰੂਰੀ ਹੈ, ਤਾਂ ਜੋ ਇਹ ਮੁੜ ਤੋਂ ਨਾ ਖੜ੍ਹਾ ਹੋ ਸਕੇ। ਲਿਮਯੇ ਉਸ ਬਿਰਤਾਂਤ ਨੂੰ ਤਿੱਖਾ ਕਰ ਰਹੇ ਹਨ, ਜੋ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਸ਼ੁਰੂ ਹੋਇਆ ਹੈ। ਮੋਦੀ ਸਰਕਾਰ ਦੇ 12 ਸਾਲਾਂ ਦੌਰਾਨ ਪਹਿਲੀ ਵਾਰ ਕਿਸੇ ਕੈਬਨਿਟ ਮੰਤਰੀ ਨੂੰ ਅੰਦੋਲਨ ਦੇ ਦਬਾਅ ਹੇਠ ਅਸਤੀਫ਼ਾ ਦੇਣਾ ਪਿਆ ਹੈ। ਇਸ ਅੰਦੋਲਨ ਨੂੰ ਰਾਸ਼ਟਰ ਵਿਰੋਧੀ ਕਹਿਣਾ ਉਸੇ ਪ੍ਰਕਿਰਿਆ ਦਾ ਹਿੱਸਾ ਹੈ, ਜਿਸ ਮੁਤਾਬਿਕ ਇਸ ਦੀ ਤਾਕਤ ਤੋਂ ਡਰੇ ਹੋਏ ਲੋਕ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਸਰਕਾਰ ਦੇ ਸੁਰ ਬਦਲ ਰਹੇ ਹਨ, ਉਨ੍ਹਾਂ ਦਾਅਵਾ ਕੀਤਾ ਹੈ ਕਿ ਇਹ ਅੰਦੋਲਨ ਰਾਜਨੀਤੀ ਤੋਂ ਪ੍ਰੇਰਿਤ ਸੀ। ਵਿਰੋਧੀ ਪਾਰਟੀਆਂ ਖਾਸ ਕਰਕੇ ਕਾਂਗਰਸ ਅੰਦੋਲਨ ਨੂੰ ਆਪਣੇ ਹਿਤਾਂ ਨੂੰ ਅੱਗੇ ਵਧਾਉਣ ਤੇ ਪ੍ਰਧਾਨ ਮੰਤਰੀ ਦੇ ਅਕਸ ਨੂੰ ਖਰਾਬ ਕਰਨ ਲਈ ਵਰਤ ਰਹੀ ਹੈ। ਪਰ ਜਦੋਂ ਵਿਦਿਆਰਥੀਆਂ 'ਤੇ ਬੇਰਹਿਮੀ ਨਾਲ ਲਾਠੀਚਾਰਜ ਕਰਨ ਤੇ ਪੈਲੇਟ ਗੰਨਾਂ ਦੀ ਵਰਤੋਂ ਹੋਣ ਦੀ ਗੱਲ ਸਾਹਮਣੇ ਆਈ ਤਾਂ ਗ੍ਰਹਿ ਮੰਤਰੀ ਦੇ ਅਸਤੀਫ਼ੇ ਦੀ ਮੰਗ ਉੱਠਣ ਲੱਗੀ ਤਾਂ ਸੰਘ ਪਰਿਵਾਰ ਨੇ ਵਿਦਿਆਰਥੀਆਂ 'ਤੇ ਹਮਲੇ ਤੇਜ਼ ਕਰ ਦਿੱਤੇ।
ਉਹ ਜਾਣਦੇ ਹਨ ਕਿ ਅੰਦੋਲਨ ਕਾਰਨ ਇਕ ਮੰਤਰੀ ਦੀ ਕੁਰਸੀ ਚਲੀ ਗਈ ਹੈ, ਜੇਕਰ ਅੰਦੋਲਨ ਨੂੰ ਅੱਗੇ ਵਧਣ ਦਿੱਤਾ ਗਿਆ ਤਾਂ ਇਹ ਸਰਕਾਰ ਨੂੰ ਆਪਣੀ ਲਪੇਟ ਵਿਚ ਲੈ ਸਕਦਾ ਹੈ। ਇਸ ਲਈ ਸਰਕਾਰ ਦੀ ਹੋਂਦ ਤੇ ਸੰਘ ਪਰਿਵਾਰ ਦੀ ਭਰੋਸੇਯੋਗਤਾ ਨੂੰ ਬਚਾਉਣ ਲਈ ਅੰਦੋਲਨ ਦੀ ਭਰੋਸੇਯੋਗਤਾ ਨੂੰ ਤਬਾਹ ਕਰਨਾ ਜ਼ਰੂਰੀ ਹੋ ਗਿਆ। ਬਹੁਤਾ ਰੱਖਿਆਤਮਕ ਰਹਿਣਾ ਨੁਕਸਾਨਦੇਹ ਹੁੰਦਾ, ਇਸ ਲਈ ਹਮਲਾਵਰ ਰੁਖ਼ ਅਪਣਾਇਆ ਗਿਆ। ਸਰਕਾਰ ਤੇ ਪਾਰਟੀ ਦਾ ਕਹਿਣਾ ਹੈ ਕਿ ਪੈਲੇਟ ਗੰਨ ਦੀ ਵਰਤੋਂ ਨਹੀਂ ਹੋਈ ਹੈ, ਅਦਾਲਤ ਨੂੰ ਇਸ ਦੀ ਜਾਂਚ ਕਰਨ ਦਿਓ। ਇਸ ਦੇ ਉਲਟ ਪ੍ਰਧਾਨ ਮੰਤਰੀ ਨੂੰ ਗਾਲਾਂ ਕੱਢਣ ਨੂੰ ਇਕ ਵੱਡੇ ਮੁੱਦੇ ਵਜੋਂ ਪੇਸ਼ ਕੀਤਾ ਗਿਆ ਹੈ। ਪੁਲਿਸ ਵਾਲਿਆਂ ਦੇ ਪਰਿਵਾਰ ਤੋਂ ਪ੍ਰੈੱਸ ਕਾਨਫਰੰਸ ਕਰਵਾ ਕੇ ਦੋਸ਼ ਲਗਵਾਏ ਕਿ ਵਿਰੋਧ ਪ੍ਰਦਰਸ਼ਨ ਹਿੰਸਕ ਸੀ ਤੇ ਸਮਾਜ ਵਿਰੋਧੀ ਤੱਤਾਂ ਦੇ ਹੱਥਾਂ 'ਚ ਚਲਾ ਗਿਆ ਸੀ।
ਪੁਲਿਸ 'ਤੇ ਹਮਲੇ ਦੀਆਂ ਫੋਟੋਆਂ ਜਾਰੀ ਕਰਵਾ ਕੇ ਆਪਣੇ ਚਹੇਤੇ ਟੀ.ਵੀ. ਚੈਨਲਾਂ 'ਤੇ ਬਹਿਸ ਕਰਵਾਈ ਗਈ, ਕਿ ਪੁਲਿਸ 'ਤੇ ਹਮਲਾ ਹੋਇਆ। ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਲਾਠੀਚਾਰਜ ਜ਼ਰੂਰੀ ਹੋ ਗਿਆ ਸੀ, ਕਿਉਂਕਿ ਵਿਦਿਆਰਥੀ ਹਿੰਸਕ ਹੋ ਰਹੇ ਸਨ। 20 ਜੁਲਾਈ ਨੂੰ ਸੰਸਦ ਵੱਲ ਮਾਰਚ ਦੀਆਂ ਚੁਣੀਆਂ ਗਈਆਂ ਫੋਟੋਆਂ ਤੇ ਵੀਡੀਓਜ਼ ਨੂੰ ਜਾਣਬੁੱਝ ਕੇ ਸੋਸ਼ਲ ਮੀਡੀਆ ਤੇ ਟੀ.ਵੀ. ਚੈਨਲਾਂ 'ਤੇ ਜਾਰੀ ਕੀਤਾ ਗਿਆ, ਤਾਂ ਕਿ ਬਿਰਤਾਂਤ ਸਿਰਜਿਆ ਜਾ ਸਕੇ ਕਿ ਜੇ ਲਾਠੀਚਾਰਜ ਨਾ ਕੀਤਾ ਜਾਂਦਾ ਤਾਂ ਵਿਦਿਆਰਥੀਆਂ ਨੇ ਸੰਸਦ 'ਚ ਦਾਖ਼ਲ ਹੋ ਜਾਣਾ ਸੀ। ਇਹ ਸਭ ਕੁਝ ਖੱਬੇ ਪੱਖੀ ਲੋਕਾਂ ਦੇ ਇਸ਼ਾਰੇ 'ਤੇ ਹੋਣ ਦਾ ਦਾਅਵਾ ਕਰਦਿਆਂ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਇਰਾਦਾ ਦੇਸ਼ 'ਚ ਅਰਾਜਕਤਾ ਫੈਲਾ ਕੇ ਭਾਰਤ ਨੂੰ ਸ੍ਰੀਲੰਕਾ ਤੇ ਬੰਗਲਾਦੇਸ਼ ਬਣਾਉਣ ਦਾ ਸੀ ਤੇ ਇਹ ਸਭ ਇਕ ਵੱਡੀ ਸਾਜਿਸ਼ ਦਾ ਹਿੱਸਾ ਸੀ।
ਇਹ ਸੱਚ ਨਹੀਂ ਹੈ, ਅਜਿਹਾ ਹੈ ਤਾਂ ਸਰਕਾਰ ਨੂੰ ਤਿੰਨ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਪਹਿਲਾ, ਜੇਕਰ ਇਹ ਅੰਦੋਲਨ ਸੱਚਮੁੱਚ ਦੇਸ਼-ਵਿਰੋਧੀ ਸੀ ਤੇ ਇਕ ਵੱਡੀ ਸਾਜ਼ਿਸ਼ ਦਾ ਹਿੱਸਾ ਸੀ ਤਾਂ ਸਰਕਾਰ ਨੇ ਕਾਕਰੋਚਾਂ ਅੱਗੇ ਆਤਮ ਸਮਰਪਣ ਕਰਦਿਆਂ ਆਪਣੇ ਮੰਤਰੀ ਨੂੰ ਕਿਉਂ ਹਟਾਇਆ? ਕੀ ਮੋਦੀ ਸਰਕਾਰ ਦੇਸ਼ ਵਿਰੋਧੀ ਤੇ ਰਾਸ਼ਟਰ ਵਿਰੋਧੀ ਤਾਕਤਾਂ ਅੱਗੇ ਝੁਕੀ ਹੈ? ਦੂਜਾ, ਜੇਕਰ ਕਾਕਰੋਚ ਅੰਦੋਲਨ ਸੱਚਮੁੱਚ ਅਰਾਜਕਤਾਵਾਦੀਆਂ ਦੇ ਹੱਥਾਂ 'ਚ ਚਲਾ ਗਿਆ ਸੀ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਬਾਰੇ ਸੰਸਦ 'ਚ ਬਿਆਨ ਕਿਉਂ ਨਹੀਂ ਦਿੱਤਾ? ਅਮਿਤ ਸ਼ਾਹ ਸੰਸਦ ਰਾਹੀਂ ਦੇਸ਼ ਨੂੰ ਦੱਸ ਸਕਦੇ ਸੀ ਕਿ ਦੇਸ਼ ਵਿਰੁੱਧ ਕਿਸ ਵਿਦੇਸ਼ੀ ਸ਼ਕਤੀ ਦੇ ਇਸ਼ਾਰੇ 'ਤੇ ਇੰਨੀ ਵੱਡੀ ਸਾਜਿਸ਼ ਰਚੀ ਗਈ ਹੈ? ਤੀਜਾ, ਜੇਕਰ ਅੰਦੋਲਨ ਦੌਰਾਨ ਸਮਾਜ ਵਿਰੋਧੀ ਤੱਤ, ਅਰਾਜਕਤਾਵਾਦੀ, ਅਪਰਾਧੀ ਤੇ ਗ਼ਦਾਰ ਸ਼ਾਮਿਲ ਸਨ ਤਾਂ ਹੁਣ ਤੱਕ ਗ੍ਰਿਫ਼ਤਾਰ ਕਿਉਂ ਨਹੀਂ ਕੀਤੇ ਗਏ? ਦਿੱਲੀ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਇਹ ਲੋਕ ਅੰਦੋਲਨ 'ਚ ਕਿਉਂ ਤੇ ਕਿਵੇਂ ਸ਼ਾਮਿਲ ਹੋ ਗਏ? ਦਿੱਲੀ ਪੁਲਿਸ ਨੇ ਪੂਰੇ ਅੰਦੋਲਨ ਦੌਰਾਨ ਤੇ ਇਕ ਹਫ਼ਤੇ ਬਾਅਦ ਤੱਕ ਅਜਿਹੇ ਇਕ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਹੈ? ਇਸ ਦਾ ਮਤਲਬ ਸਾਰੇ ਦੋਸ਼ ਝੂਠੇ ਹਨ।
ਦਰਅਸਲ ਸਰਕਾਰ ਜਾਣ ਚੁੱਕੀ ਹੈ ਕਿ ਉਸ ਦੇ ਆਪਣੇ ਵਿਚਾਰਧਾਰਕ ਸਮਰਥਕ ਵਰਗ 'ਚ ਵੀ ਕਾਕਰੋਚਾਂ ਦੀ ਘੁਸਪੈਠ ਹੋ ਗਈ ਹੈ, ਜੋ ਕਿਸੇ ਵੀ ਰਾਜਨੀਤਿਕ ਪਾਰਟੀ ਨਾਲੋਂ ਸਰਕਾਰ ਲਈ ਵਧੇਰੇ ਖ਼ਤਰਨਾਕ ਹੈ। ਇਸ ਦਾ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਨੂੰ ਹੀ ਨਹੀਂ, ਸਗੋਂ ਸੰਘ ਨੂੰ ਵੀ ਨੁਕਸਾਨ ਹੋਵੇਗਾ ਤੇ ਉਸ ਦੀ ਵਿਚਾਰਧਾਰਾ ਨੂੰ ਗ੍ਰਹਿਣ ਲੱਗ ਜਾਵੇਗਾ। ਲਿਮਯੇ ਇਸ ਗੱਲ ਨੂੰ ਸਮਝ ਕੇ ਬੋਲ ਰਹੇ ਹਨ, ਕਾਸ਼ ਉਹ ਸਮਝ ਸਕਦੇ ਕਿ ਅਜਿਹੇ ਮਾਮਲਿਆਂ 'ਚ ਜ਼ਿੱਦ ਤੇ ਹੰਕਾਰ ਕੰਮ ਨਹੀਂ ਕਰਦੇ। ਨਕਾਰਾਤਮਕ ਪ੍ਰਚਾਰ ਦੀ ਬਜਾਏ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨੀ ਵਧੇਰੇ ਲਾਭਦਾਇਕ ਹੋਵੇਗੀ ।
ਈਮੇਲ : ashutosh83b@gmail.com