04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸ਼੍ਰੋਮਣੀ ਅਕਾਲੀ ਦਲ ਵਲੋਂ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਕਿਵੇਂ ਹੋਈ?

ਸ਼੍ਰੋਮਣੀ ਅਕਾਲੀ ਦਲ ਵਲੋਂ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਕਿਵੇਂ ਹੋਈ?

ਅਜੀਤ ਡੈਸਕ 04-08-2026

ਅੱਜ ਲਈ ਵਿਸ਼ੇਸ਼

ਭਾਰਤ ਦੇਸ਼ ਦੇ ਆਜ਼ਾਦ ਹੁੰਦਿਆਂ ਹੀ ਕੇਂਦਰ ਵਿਚਲੀ ਕਾਂਗਰਸ ਸਰਕਾਰ ਨੇ ਕਾਂਗਰਸੀ ਨੇਤਾਵਾਂ ਵਲੋਂ ਸਿੱਖ ਨੇਤਾਵਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਭੁਲਾ ਕੇ ਸਿੱਖਾਂ ਨਾਲ ਧੱਕਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਸਰਕਾਰ ਵਲੋਂ ਸਿੱਖਾਂ 'ਤੇ ਅੱਤਿਆਚਾਰ ਅਤੇ ਧੱਕਾ ਲਗਾਤਾਰ ਚਲਦਾ ਰਿਹਾ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬੇ ਦਾ ਮੋਰਚਾ, ਦਿੱਲੀ ਗੁਰਦੁਆਰਾ ਮੋਰਚਾ ਤੇ ਐਮਰਜੈਂਸੀ ਵਿਰੁੱਧ ਮੋਰਚਾ ਲੱਗਿਆ। ਕੇਂਦਰ ਸਰਕਾਰ ਨੇ ਸਿੱਖਾਂ ਦੀਆਂ ਮੰਗਾਂ ਵੱਲ ਕੋਈ ਵਿਸ਼ੇਸ਼ ਧਿਆਨ ਨਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ 17 ਮਈ, 1981 ਈ. ਨੂੰ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ 'ਚ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ। ਸੰਤ ਲੌਂਗੋਵਾਲ ਨੇ ਕੇਂਦਰ ਦੀ ਸਰਕਾਰ ਵਲੋਂ ਪਿਛਲੇ 35 ਸਾਲ ਤੋਂ ਸਿੱਖਾਂ ਨਾਲ ਕੀਤੇ ਜਾ ਰਹੇ ਧੱਕਿਆਂ ਵਿਰੁੱਧ 26 ਜੁਲਾਈ, 1981 ਈ. ਨੂੰ ਵਿਸ਼ਵ ਸਿੱਖ ਧਰਮ ਕਨਵੈਨਸ਼ਨ ਅੰਮ੍ਰਿਤਸਰ ਬੁਲਾ ਲਈ ਅਤੇ ਕੇਂਦਰ ਸਰਕਾਰ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜੇ ਸਰਕਾਰ ਨੇ 31 ਅਗਸਤ, 1981 ਈ. ਤੱਕ ਸਿੱਖਾਂ ਨਾਲ ਧੱਕਾ ਕਰਨਾ ਬੰਦ ਨਾ ਕੀਤਾ ਅਤੇ ਸਿੱਖਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸ਼੍ਰੋਮਣੀ ਅਕਾਲੀ ਦਲ ਧਰਮ ਯੁੱਧ ਸ਼ੁਰੂ ਕਰ ਦੇਵੇਗਾ। ਸਿੱਖ ਕਨਵੈਨਸ਼ਨ ਵਲੋਂ ਸਾਰੇ ਅਧਿਕਾਰ ਸੰਤ ਲੌਂਗੋਵਾਲ ਨੂੰ ਦੇ ਦਿੱਤੇ ਗਏ। ਇਸ ਕਨਵੈਨਸ਼ਨ ਵਿਚ 9 ਮਤੇ ਪੇਸ਼ ਕੀਤੇ ਗਏ ਅਤੇ ਸਪੱਸ਼ਟ ਕੀਤਾ ਗਿਆ ਕਿ ਸਾਡਾ ਦੇਸ਼ ਤੋਂ ਵੱਖ ਹੋਣ ਦਾ ਕੋਈ ਪ੍ਰੋਗਰਾਮ ਨਹੀਂ ਹੈ।

ਜਦੋਂ ਸਰਕਾਰ ਨੇ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਅਕਾਲੀ ਦਲ ਨੇ 7 ਸਤੰਬਰ, 1981 ਨੂੰ ਦਿੱਲੀ ਵਿਚ ਰੋਸ ਮੁਜ਼ਾਹਰਾ ਕੀਤਾ, ਜਿਸ ਵਿਚ 3 ਲੱਖ ਸਿੱਖਾਂ ਨੇ ਭਾਗ ਲਿਆ। ਦਫ਼ਾ 144 ਤੋੜਦਿਆਂ ਸੰਤ ਲੌਂਗੋਵਾਲ ਨੇ 10 ਹਜ਼ਾਰ ਸਿੰਘਾਂ ਨਾਲ ਗ੍ਰਿਫ਼ਤਾਰੀ ਦਿੱਤੀ, ਪਰ ਸ਼ਾਮ ਨੂੰ 7 ਵਜੇ ਛੱਡ ਦਿੱਤਾ ਗਿਆ। ਮੁਜ਼ਾਹਰੇ ਵਿਚ ਸ਼ਾਮਿਲ ਹੋਣ ਲਈ ਆ ਰਹੇ ਸਿੰਘਾਂ 'ਤੇ ਮਧੂਬਨ ਦੇ ਸਥਾਨ 'ਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ, ਜਿਸ ਨਾਲ 3 ਸਿੰਘ ਸ਼ਹੀਦ ਹੋ ਗਏ।
ਪੰਜਾਬ ਵਿਚ 9 ਸਤੰਬਰ, 1981 ਈ. ਨੂੰ ਲਾਲਾ ਜਗਤ ਨਾਰਾਇਣ ਦਾ ਕਤਲ ਹੋ ਗਿਆ। ਪੁਲਿਸ ਨੇ ਸ਼ੱਕ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ 'ਤੇ ਕੀਤਾ। ਸੰਤ ਜੀ ਨੂੰ ਗ੍ਰਿਫ਼ਤਾਰ ਕਰਨ ਲਈ ਪਿੰਡ ਚੰਦੋ ਕਲਾਂ (ਹਰਿਆਣਾ) ਵਿਚ ਛਾਪਾ ਮਾਰਿਆ ਅਤੇ ਟਕਸਾਲ ਦੀਆਂ ਬੱਸਾਂ ਨੂੰ ਅੱਗ ਲਗਾ ਦਿੱਤੀ ਗਈ। ਇਧਰ ਸੰਤ ਭਿੰਡਰਾਵਾਲਿਆਂ ਨੇ ਮਹਿਤਾ ਚੌਕ ਤੋਂ 20 ਸਤੰਬਰ, 1981 ਈ. ਨੂੰ ਗ੍ਰਿਫ਼ਤਾਰੀ ਦੇਣ ਦਾ ਐਲਾਨ ਕਰ ਦਿੱਤਾ। ਮਹਿਤਾ ਚੌਕ ਵਿਖੇ ਸੰਤ ਭਿੰਡਰਾਵਾਲਿਆਂ ਦੀ ਗ੍ਰਿਫ਼ਤਾਰੀ ਪਿੱਛੋਂ ਜੋਸ਼ ਵਿਚ ਆਏ ਸਿੰਘਾਂ ਨੇ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਸਿੰਘਾਂ ਨੂੰ ਖਿੰਡਾਉਣ ਵਾਸਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ 24 ਸਿੰਘ ਸ਼ਹੀਦੀ ਪਾ ਗਏ। ਸ਼੍ਰੋਮਣੀ ਅਕਾਲੀ ਦਲ ਨੇ 27 ਸਤੰਬਰ, 1981 ਈ. ਨੂੰ ਗੁਰਦੁਆਰਾ ਆਲਮਗੀਰ ਵਿਚ ਕਾਨਫਰੰਸ ਕੀਤੀ ਅਤੇ ਸੰਤ ਭਿੰਡਰਾਵਾਲਿਆਂ ਨੂੰ ਛੱਡਣ ਲਈ 16 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ।
ਸੰਤ ਭਿੰਡਰਾਵਾਲਿਆਂ ਦੀ ਗ੍ਰਿਫ਼ਤਾਰੀ ਵਿਰੁੱਧ ਦਲ ਖ਼ਾਲਸਾ ਦੇ ਪੰਜ ਨੌਜਵਾਨ ਭਾਈ ਰਾਜਿੰਦਰ ਸਿੰਘ ਦੀ ਅਗਵਾਈ ਵਿਚ 29 ਸਤੰਬਰ, 1981 ਈ. ਨੂੰ ਹਵਾਈ ਜਹਾਜ਼ ਅਗਵਾ ਕਰਕੇ ਪਾਕਿਸਤਾਨ ਲੈ ਗਏ। ਸ. ਰਾਜਿੰਦਰ ਸਿੰਘ ਪਾਕਿਸਤਾਨ ਜੇਲ੍ਹ 'ਚੋਂ ਰਿਹਾਅ ਹੋਣ ਉਪਰੰਤ ਜਲਾਵਤਨ ਦੀ ਜ਼ਿੰਦਗੀ ਬਸਰ ਕਰਦਿਆਂ ਅਕਾਲ ਚਲਾਣਾ ਕਰ ਗਏ। ਸਰਕਾਰ ਨੇ 15 ਅਕਤੂਬਰ, 1981 ਈ. ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਰਿਹਾਅ ਕਰ ਦਿੱਤਾ। ਉਸ ਸਮੇਂ ਅਕਾਲੀ ਆਗੂਆਂ ਦੀ ਸ੍ਰੀਮਤੀ ਇੰਦਰਾ ਗਾਂਧੀ ਨਾਲ ਗੱਲਬਾਤ ਹੋਈ ਪਰ ਕੋਈ ਸਿੱਟਾ ਨਾ ਨਿਕਲਿਆ।
ਕੇਂਦਰ ਸਰਕਾਰ ਸਿੱਖਾਂ ਨੂੰ ਜ਼ਲੀਲ ਕਰਨਾ ਚਾਹੁੰਦੀ ਸੀ। ਇੰਦਰਾ ਗਾਂਧੀ ਨੇ 8 ਅਪ੍ਰੈਲ, 1982 ਈ. ਨੂੰ ਸਤਲੁਜ-ਯਮਨਾ ਲਿੰਕ ਨਹਿਰ ਦਾ ਟੱਕ ਲਾਇਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ 24 ਅਪ੍ਰੈਲ, 1982 ਤੋਂ 'ਨਹਿਰ ਰੋਕੂ' ਮੋਰਚੇ ਦਾ ਐਲਾਨ ਕਰ ਦਿੱਤਾ। ਇਸ ਸਮੇਂ ਸੀ.ਪੀ.ਐਮ. ਵੀ ਅਕਾਲੀ ਦਲ ਦੇ ਮੋਰਚੇ ਵਿਚ ਸਾਥ ਦੇ ਰਹੀ ਸੀ। ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਨੇ ਡਾ. ਰਾਜਿੰਦਰ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ ਦੀ ਅਗਵਾਈ ਵਿਚ ਇੰਦਰਾ ਗਾਂਧੀ ਦੇ ਨਹਿਰ ਨੂੰ ਟੱਕ ਲਾਉਣ ਲਈ ਕਪੂਰੀ ਆਉਣ 'ਤੇ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਕਾਲੀਆਂ ਝੰਡੀਆਂ ਆਤਿਸ਼ਬਾਜ਼ੀ ਨਾਲ ਉਡਾ ਕੇ ਰੋਸ ਪ੍ਰਦਰਸ਼ਨ ਕੀਤਾ। ਕਪੂਰੀ ਮੋਰਚੇ ਸਮੇਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਵਿਚ ਅਕਾਲੀ ਸਿੰਘਾਂ ਨੇ ਕਰੇਨਾਂ ਦੁਆਰਾ ਪੁੱਟੀ ਗਈ ਜ਼ਮੀਨ ਨੂੰ ਫਿਰ ਮਿੱਟੀ ਨਾਲ ਭਰ ਦਿੱਤਾ ਅਤੇ 25 ਮਈ ਤੋਂ 21-21 ਸਿੰਘਾਂ ਦੇ ਜਥਿਆਂ ਨੇ ਧਰਨਾ ਦੇਣਾ ਸ਼ੁਰੂ ਕੀਤਾ।
ਸਰਕਾਰ ਸਿੰਘਾਂ 'ਤੇ ਤਸ਼ੱਦਦ ਕਰ ਰਹੀ ਸੀ। ਇਸੇ ਲਈ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਸ਼ਹੀਦ ਕੀਤਾ ਗਿਆ। ਸਿੱਖ ਨੌਜਵਾਨਾਂ 'ਤੇ ਨਾਜਾਇਜ਼ ਕੇਸ ਪਾ ਕੇ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਸੀ। ਜੇਲ੍ਹਾਂ ਵਿਚ ਬੰਦ ਸਿੱਖ ਨੌਜਵਾਨਾਂ ਦੇ ਕੇਸਾਂ ਦੀ ਪੈਰਵਾਈ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਕਰ ਰਹੇ ਸਨ। ਭਾਈ ਅਮਰੀਕ ਸਿੰਘ 19 ਜੁਲਾਈ, 1982 ਈ. ਨੂੰ ਅੰਮ੍ਰਿਤਸਰ ਕਚਹਿਰੀ ਵਿਚ ਆਪਣੇ ਵਕੀਲ ਪੂਰਨ ਸਿੰਘ ਹੁੰਦਲ ਕੋਲ ਸਿੱਖ ਨੌਜਵਾਨਾਂ ਦੇ ਕੇਸਾਂ ਬਾਰੇ ਅਤੇ ਜ਼ਮਾਨਤਾਂ ਬਾਰੇ ਵਿਚਾਰ-ਵਟਾਂਦਰਾ ਕਰ ਰਹੇ ਸਨ ਤਾਂ ਪੁਲਿਸ ਨੇ ਭਾਈ ਅਮਰੀਕ ਸਿੰਘ ਨੂੰ ਕਚਹਿਰੀ ਵਿਚੋਂ ਹੀ ਗ੍ਰਿਫ਼ਤਾਰ ਕਰ ਲਿਆ। ਇਸ ਖ਼ਬਰ ਨੂੰ ਸੁਣਦਿਆਂ ਹੀ ਸੰਤ  ਭਿੰਡਰਾਂਵਾਲਿਆਂ ਨੇ ਸਿੰਘਾਂ ਨਾਲ ਸਲਾਹ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਹਿਯੋਗ ਨਾਲ ਉਸੇ ਦਿਨ ਅਕਾਲ ਤਖ਼ਤ 'ਤੇ ਅਰਦਾਸ ਕਰਕੇ 51-51 ਸਿੰਘਾਂ ਦੇ ਜਥੇ ਭੇਜ ਕੇ ਮੋਰਚਾ ਸ਼ੁਰੂ ਕਰ ਦਿੱਤਾ। ਉਸ ਤੋਂ ਅਗਲੇ ਦਿਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਕ ਮਹਿਤਾ ਦੇ ਮੁੱਖ ਪ੍ਰਬੰਧਕ ਬਾਬਾ ਠਾਹਰਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਕਾਰਵਾਈ ਨਾਲ ਮੋਰਚਾ ਭਖ ਗਿਆ। ਇਸ ਮੋਰਚੇ ਨੂੰ ਤੇਜ਼ ਕਰਨ ਵਾਸਤੇ ਸੰਤ ਭਿੰਡਰਾਵਾਲਿਆਂ ਨੇ 25 ਜੁਲਾਈ, 1982 ਈ. ਨੂੰ ਮੰਜੀ ਸਾਹਿਬ ਵਿਖੇ ਪੰਥਕ ਕਨਵੈਨਸ਼ਨ ਬੁਲਾ ਲਈ। ਦੂਜੇ ਪਾਸੇ ਸੰਤ ਲੌਂਗੋਵਾਲ ਨੇ ਚੱਲ ਰਹੇ ਮੋਰਚੇ 'ਤੇ ਵਿਚਾਰ ਕਰਨ ਲਈ 26 ਜੁਲਾਈ, 1982 ਈ. ਨੂੰ ਜਨਰਲ ਇਜਲਾਸ ਬੁਲਾਇਆ ਅਤੇ ਅਖ਼ੀਰ ਗੱਲਬਾਤ ਹੋਣ ਤੋਂ ਬਾਅਦ ਸੰਤ ਭਿੰਡਰਾਂਵਾਲਿਆਂ ਦਾ ਮੋਰਚਾ ਸ਼੍ਰੋਮਣੀ ਅਕਾਲੀ ਦਲ ਨੇ ਸੰਭਾਲ ਲਿਆ ਅਤੇ ਇਸ ਨੂੰ ਧਰਮ ਯੁੱਧ ਮੋਰਚੇ ਦਾ ਰੂਪ ਦੇ ਦਿੱਤਾ। ਉਸ ਸਮੇਂ ਸੰਤ ਭਿੰਡਰਾਵਾਲਿਆਂ ਨੇ ਧਰਮ ਯੁੱਧ ਮੋਰਚੇ ਵਾਸਤੇ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਐਲਾਨ ਕੀਤਾ।
ਸ਼੍ਰੋਮਣੀ ਅਕਾਲੀ ਦਲ ਵਲੋਂ ਧਰਮ ਯੁੱਧ ਮੋਰਚੇ ਲਈ ਪਹਿਲਾ ਜਥਾ 4 ਅਗਸਤ, 1982 ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਭੇਜਿਆ ਗਿਆ। ਮੋਰਚੇ ਵਿਚ ਗ੍ਰਿਫ਼ਤਾਰੀ ਦੇਣ ਤੋਂ ਪਹਿਲਾਂ ਸੰਤ  ਭਿੰਡਰਾਵਾਲੇ, ਜਥੇਦਾਰ  ਟੌਹੜਾ ਆਦਿ ਆਗੂਆਂ ਨੇ ਆਪਣੇ ਭਾਸ਼ਨ ਦਿੱਤੇ। ਅਖ਼ੀਰ ਵਿਚ ਮੋਰਚਾ ਡਿਕਟੇਟਰ ਸੰਤ ਲੌਂਗੋਵਾਲ ਨੇ ਸਿੱਖਾਂ ਨਾਲ ਪਿਛਲੇ 35 ਸਾਲਾਂ ਤੋਂ ਹੋ ਰਹੀਆਂ ਵਧੀਕੀਆਂ ਬਾਰੇ ਦੱਸ ਕੇ ਸ਼ਾਂਤਮਈ ਢੰਗ ਨਾਲ ਮੋਰਚੇ ਵਿਚ ਜਾ ਕੇ ਗ੍ਰਿਫ਼ਤਾਰੀ ਦੇਣ ਲਈ ਕਿਹਾ। ਪ੍ਰਕਾਸ਼ ਸਿੰਘ ਬਾਦਲ ਦੇ ਪਹਿਲੇ ਜਥੇ ਵਿਚ 1126 ਸਿੰਘਾਂ ਨੇ ਗ੍ਰਿਫ਼ਤਾਰੀ ਦਿੱਤੀ। ਧਰਮ ਯੁੱਧ ਮੋਰਚੇ ਸਮੇਂ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਭਰ ਗਈਆਂ। ਮੋਰਚੇ ਵਿਚ ਵਧ ਰਹੇ ਉਤਸ਼ਾਹ ਨੂੰ ਦੇਖ ਕੇ ਦਰਬਾਰਾ ਸਿੰਘ ਸਰਕਾਰ ਨੇ 15 ਅਕਤੂਬਰ, 1982 ਈ. ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਸਿੰਘਾਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਅਤੇ 18 ਅਕਤੂਬਰ, 1982 ਤੱਕ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਖਾਲੀ ਕਰ ਦਿੱਤੀਆਂ ਗਈਆਂ।
ਸ਼੍ਰੋਮਣੀ ਅਕਾਲੀ ਦਲ ਨੇ ਧਰਮ ਯੁੱਧ ਮੋਰਚੇ ਨੂੰ ਜਾਰੀ ਰੱਖਿਆ, ਇਸ ਦੌਰਾਨ ਏਸ਼ਿਆਈ ਖੇਡਾਂ ਸਮੇਂ ਦਿੱਲੀ ਗ੍ਰਿਫ਼ਤਾਰੀਆਂ, ਰਸਤਾ ਰੋਕੂ, ਰੇਲ ਰੋਕੂ ਆਦਿ ਕਈ ਪ੍ਰੋਗਰਾਮ ਦਿੱਤੇ ਗਏ। ਇਹ ਮੋਰਚਾ ਜੂਨ, 1984 ਈ. ਤੱਕ ਚਲਦਾ ਰਿਹਾ। ਧਰਮ ਯੁੱਧ ਮੋਰਚੇ ਸਮੇਂ ਪਹਿਲੇ ਜਥੇ ਦੀ ਅਗਵਾਈ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਫਰਵਰੀ, 1997 ਈ. ਨੂੰ ਮੁੱਖ ਮੰਤਰੀ ਬਣੇ ਅਤੇ ਪੰਜ ਸਾਲ ਮੁੱਖ ਮੰਤਰੀ ਰਹੇ। ਫਿਰ 2007 ਤੋਂ 2017 ਤੱਕ 10 ਸਾਲ ਮੁੱਖ ਮੰਤਰੀ ਰਹੇ। ਇਸ ਸਮੇਂ ਦੌਰਾਨ ਉਹ 15 ਸਾਲ ਮੁੱਖ ਮੰਤਰੀ ਰਹੇ। ਇਸ ਸਮੇਂ ਦੌਰਾਨ ਉਹ 15 ਮੰਗਾਂ ਹੀ ਪ੍ਰਵਾਨ ਕਰਵਾ ਲੈਂਦੇ ਤਾਂ ਵੀ ਕੋਈ ਪ੍ਰਾਪਤੀ ਹੋ ਸਕਦੀ ਸੀ। ਫਿਰ ਪੰਜਾਬ ਦੇ ਹਾਲਾਤ ਇਹ ਨਹੀਂ ਹੋਣੇ ਸਨ, ਜੋ ਅੱਜ ਹਨ। ਪੰਜਾਬ ਦੀ ਮੋਹਰੀ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੁਣ ਪੰਜਾਬ ਵਿਚ ਰਾਜਸੀ ਤਾਕਤ ਪੱਖੋਂ ਬਹੁਤ ਹੇਠਾਂ ਹੋ ਗਈ ਹੈ। ਅੱਜ ਦੇ ਦਿਨ ਅਸੀਂ ਧਰਮ ਯੁੱਧ ਮੋਰਚੇ ਸਮੇਂ ਸ਼ਹੀਦੀਆਂ ਪਾਉਣ ਵਾਲੇ ਤੇ ਕੁਰਬਾਨੀਆਂ ਕਰਨ ਵਾਲੇ ਸਿੰਘਾਂ, ਸਿੰਘਣੀਆਂ, ਭੁਝੰਗੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਪ੍ਰਣਾਮ ਕਰਦੇ ਹਾਂ।

ਮੋਬਾਈਲ-98155-33725

ਪਿਛਲੀ ਖ਼ਬਰ ਕਾਨੂੰਗੋ/ਪਟਵਾਰੀ 7 ਅਗਸਤ ਨੂੰ ਚੰਡੀਗੜ੍ਹ ਮਹਾਂ ਰੈਲੀ ’ਚ ਹੋਣਗੇ ਸ਼ਾਮਿਲ- ਜਾਡਲੀ ਅਗਲੀ ਖ਼ਬਰ ਅਟਾਲ ਮਜਾਰਾ ਵਾਸੀਆਂ ਵਲੋਂ ਸੜਕ ’ਚ ਲੁੱਕ ਪਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।