02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਵਿਦਿਆਰਥੀ ਸੰਘਰਸ਼ : ਵਿਸ਼ਵ ਮੀਡੀਆ ਵਿਚ ਵੱਡੀ ਕਵਰੇਜ

ਅਜੀਤ ਡੈਸਕ 27-07-2026

ਕਾਕਰੋਚ ਜਨਤਾ ਪਾਰਟੀ ਵਲੋਂ ਮੰਗਾਂ ਨੂੰ ਲੈ ਕੇ 20 ਜੂਨ ਨੂੰ ਸ਼ੁਰੂ ਕੀਤਾ ਅੰਦੋਲਨ ਸਰਕਾਰ ਵਲੋਂ ਸਾਰੀਆਂ ਮੰਗਾਂ ਮੰਨਣ ਨਾਲ ਸਮਾਪਤ ਹੋ ਗਿਆ ਹੈ।
ਵੱਖ-ਵੱਖ ਮੁਲਕਾਂ ਦੀਆਂ ਪ੍ਰਮੁੱਖ ਅਖ਼ਬਾਰਾਂ ਅਤੇ ਟੈਲੀਵਿਜ਼ਨ ਚੈਨਲਾਂ ਦੁਆਰਾ ਇਸ ਸੰਘਰਸ਼ ਦੀ ਆਪੋ-ਆਪਣੇ ਢੰਗ ਨਾਲ ਵੱਡੀ ਕਵਰੇਜ ਕੀਤੀ ਗਈ ਸੀ। ਦਾ ਗਾਰਡੀਅਨ, ਨਿਊਯਾਰਕ ਟਾਈਮਜ਼, ਬੀ.ਬੀ.ਸੀ., ਫਾਈਨਾਸ਼ੀਅਲ ਟਾਈਮਜ਼, ਅਲ ਜਜ਼ੀਰਾ, ਡਾਨ ਅਤੇ ਹੋਰ ਵੱਡੇ ਮੀਡੀਆ ਅਦਾਰੇ ਆਪਣੇ-ਆਪਣੇ ਨਜ਼ਰੀਏ ਤੋਂ ਤਸਵੀਰਾਂ ਸਹਿਤ ਟਿੱਪਣੀਆਂ ਕਰਦੇ ਰਹੇ ਸਨ, ਜਿਨ੍ਹਾਂ ਦੀ ਚਾਰੇ ਪਾਸੇ ਚਰਚਾ ਹੁੰਦੀ ਰਹੀ।
ਅਲ ਜਜ਼ੀਰਾ ਕਤਰ ਦਾ ਇਕ ਚਰਚਿਤ ਕੌਮਾਂਤਰੀ ਨਿਊਜ਼ ਚੈਨਲ ਹੈ, ਜਿਸ ਨੇ ਕਿਹਾ ਸੀ, 'ਇਹ ਸੰਘਰਸ਼ ਹੁਣ ਕੇਵਲ ਸਿੱਖਿਆ ਸੁਧਾਰ ਤੱਕ ਸੀਮਤ ਨਹੀਂ ਰਹਿ ਗਿਆ ਹੈ।'
ਇੰਗਲੈਂਡ ਤੋਂ ਪ੍ਰਕਾਸ਼ਿਤ ਹੋਣ ਵਾਲੀ ਪ੍ਰਮੁੱਖ ਅਤੇ ਪ੍ਰਭਾਵਸ਼ਾਲੀ ਅਖ਼ਬਾਰ 'ਦਾ ਗਾਰਡੀਅਨ' ਅਨੁਸਾਰ 'ਵਿਦਿਆਰਥੀ ਸੰਘਰਸ਼ ਸਾਹਮਣੇ ਪੁਲਿਸ ਦੀ ਕਾਰਵਾਈ ਵੀ ਫਿੱਕੀ ਪੈ ਗਈ ਹੈ।'
ਅੰਤਰਰਾਸ਼ਟਰੀ ਮੀਡੀਆ ਭਾਰਤ ਵਿਚ ਹੋ ਰਹੇ ਇਨ੍ਹਾਂ ਵਿਆਪਕ ਪ੍ਰਦਰਸ਼ਨਾਂ, ਬੇਰੁਜ਼ਗਾਰੀ ਅਤੇ ਪ੍ਰੀਖਿਆ ਧਾਂਦਲੀ ਨੂੰ ਇਕ ਗੰਭੀਰ ਚੁਣੌਤੀ ਦੇ ਰੂਪ ਵਿਚ ਵੇਖ ਰਿਹਾ ਸੀ।'
ਇਸ ਸਿਲਸਿਲੇ ਵਿਚ ਅਮਰੀਕਾ ਦੀ ਅਖ਼ਬਾਰ 'ਦਾ ਨਿਊਯਾਰਕ ਟਾਈਮਜ਼' ਨੇ ਲਿਖਿਆ ਸੀ, 'ਭਾਰਤ ਵਿਚ ਸਿੱਖਿਆ ਵਿਵਸਥਾ ਅਤੇ ਭਰਤੀ ਪ੍ਰੀਖਿਆਵਾਂ ਵਿਚ ਗੜਬੜੀ ਵਿਰੁੱਧ ਨੌਜਵਾਨ ਦਿੱਲੀ ਪਹੁੰਚੇ ਹਨ ਅਤੇ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਣ ਦੇ ਬਾਵਜੂਦ ਪਿੱਛੇ ਹਟਣ ਲਈ ਤਿਆਰ ਨਹੀਂ ਹਨ। ਪੁਲਿਸ ਦੀ ਕੁੱਟਮਾਰ ਅਤੇ ਅੱਥਰੂ ਗੈਸ ਦੇ ਗੋਲੇ ਵੀ ਉਨ੍ਹਾਂ ਨੂੰ ਡਰਾ ਨਹੀਂ ਸਕੇ।'
ਬੀ.ਬੀ.ਸੀ. ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ, 'ਇਹ ਕੇਵਲ ਪ੍ਰਦਰਸ਼ਨ ਨਹੀਂ, ਨੌਜਵਾਨਾਂ ਦਾ ਵਿਰੋਧ ਦਾ ਨਵਾਂ ਤਰੀਕਾ ਹੈ। ਨੌਜਵਾਨ ਸੜਕਾਂ 'ਤੇ ਉਤਰਨ ਦੇ ਨਾਲ-ਨਾਲ ਇੰਸਟਾਗ੍ਰਾਮ ਰੀਲਜ਼, ਮੀਮਜ਼ ਅਤੇ ਮਜ਼ਾਕ ਰਾਹੀਂ ਵੀ ਆਪਣਾ ਵਿਰੋਧ ਦਰਜ ਕਰਾਉਂਦੇ ਰਹੇ ਹਨ। ਇਹ ਹਾਸਾ-ਮਜ਼ਾਕ ਡਰ ਨੂੰ ਲੁਕਾਉਣ ਲਈ ਨਹੀਂ, ਬਲਕਿ ਉਸ ਨਾਲ ਲੜਨ ਦਾ ਤਰੀਕਾ ਹੈ।'
ਬੀ.ਬੀ.ਸੀ. ਨੇ ਬਰਾਬਰ ਸਰਕਾਰ ਦਾ ਪੱਖ ਰੱਖਦੇ ਹੋਏ ਰਿਪੋਰਟ ਨੂੰ ਸੰਤੁਲਿਤ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਪ੍ਰੰਤੂ ਫੋਕਸ ਇਸ ਗੱਲ 'ਤੇ ਰਿਹਾ ਕਿ ਅੱਜ ਵਿਰੋਧ ਕਰਨ ਦਾ ਤਰੀਕਾ ਬਦਲ ਚੁੱਕਾ ਹੈ।
'ਦਾ ਨਿਊਯਾਰਕ ਟਾਈਮਜ਼' ਦੀਆਂ ਸੁਰਖੀਆਂ 'ਤੇ ਨਜ਼ਰ ਮਾਰੀਏ ਤਾਂ ਉਸ ਦਾ ਨਜ਼ਰੀਆ ਸਮਝ ਆਉਂਦਾ ਹੈ। ਉਸ ਅਨੁਸਾਰ 'ਬੇਰੁਜ਼ਗਾਰੀ ਅਤੇ ਗੁੱਸੇ ਨੇ ਇਹ ਪ੍ਰਦਰਸ਼ਨ ਬਣਾਇਆ ਹੈ। ਇਸ ਵਿਚ ਉਹ ਨੌਜਵਾਨ ਸ਼ਾਮਿਲ ਹਨ, ਜਿਹੜੇ ਨੌਕਰੀ, ਪੇਪਰ ਲੀਕ ਅਤੇ ਸਿਸਟਮ ਤੋਂ ਪ੍ਰੇਸ਼ਾਨ ਹਨ।'
ਰਿਪੋਰਟ ਵਿਚ ਕਿਹਾ ਗਿਆ, 'ਮਜ਼ਾਕ ਮਜ਼ਾਕ ਨਾਲ ਆਰੰਭ ਹੋਇਆ ਰੋਸ ਵੇਖਦੇ ਹੀ ਵੇਖਦੇ ਲੱਖਾਂ ਨੌਜਵਾਨਾਂ ਦਾ ਪ੍ਰਦਰਸ਼ਨ ਬਣ ਗਿਆ। ਸਭ ਕੁਝ ਦੇ ਬਾਵਜੂਦ ਨੌਜਵਾਨਾਂ ਵਿਚ ਬੇਰੁਜ਼ਗਾਰੀ ਅਤੇ ਨਾਰਾਜ਼ਗੀ ਵਧੀ ਹੈ, ਜਿਸ ਨੇ ਇਸ ਪ੍ਰਦਰਸ਼ਨ ਨੂੰ ਤਾਕਤ ਦਿੱਤੀ ਹੈ।'
'ਦਾ ਗਾਰਡੀਅਨ' ਅਖ਼ਬਾਰ ਨੇ ਵਧੇਰੇ ਜ਼ੋਰ ਪੁਲਿਸ ਕਾਰਵਾਈ 'ਤੇ ਦਿੱਤਾ। ਅਖ਼ਬਾਰ ਨੇ ਲਿਖਿਆ, 'ਲਾਠੀਚਾਰਜ, ਅੱਥਰੂ ਗੈਸ ਅਤੇ ਇੰਟਰਨੈੱਟ ਬੰਦ ਹੋਣ ਦੇ ਬਾਵਜੂਦ ਪ੍ਰਦਰਸ਼ਨਕਾਰੀ ਪਿੱਛੇ ਹਟਣ ਲਈ ਤਿਆਰ ਨਹੀਂ ਹਨ।'
ਪ੍ਰਦਰਸ਼ਨਕਾਰੀਆਂ ਦੇ ਅਨੁਭਵਾਂ ਨੂੰ ਵੀ ਰਿਪੋਰਟ ਵਿਚ ਵਿਸ਼ੇਸ਼ ਸਥਾਨ ਦਿੱਤਾ ਗਿਆ।
'ਫਾਈਨਾਸ਼ੀਅਲ ਟਾਈਮਜ਼' ਅਨੁਸਾਰ, 'ਪੇਪਰ ਲੀਕ ਅਤੇ ਸਿੱਖਿਆ ਵਿਵਸਥਾ ਤੋਂ ਆਰੰਭ ਹੋਇਆ ਮਾਮਲਾ ਹੁਣ ਸਿਆਸੀ ਮੁੱਦਾ ਬਣ ਗਿਆ ਹੈ। ਹੁਣ ਗੱਲ ਕੇਵਲ ਪ੍ਰੀਖਿਆ ਦੀ ਨਹੀਂ, ਸਗੋਂ ਜਵਾਬਦੇਹੀ ਅਤੇ ਲੋਕਤੰਤਰਿਕ ਅਧਿਕਾਰਾਂ ਦੀ ਵੀ ਹੋ ਰਹੀ ਹੈ।'
ਅਲ ਜਜ਼ੀਰਾ ਚੈਨਲ ਨੇ ਇਸ ਵਿਦਿਆਰਥੀ ਅੰਦੋਲਨ ਨੂੰ ਸਰਕਾਰ ਸਾਹਮਣੇ ਮਿਲੀ ਇਕ ਦਹਾਕੇ ਦੀ ਸਭ ਤੋਂ ਵੱਡੀ ਚੁਣੌਤੀ ਕਿਹਾ ਹੈ।
ਡਾਨ ਅਖ਼ਬਾਰ ਨੇ ਲਿਖਿਆ, 'ਇਹ ਪ੍ਰਦਰਸ਼ਨ ਵਿਰੋਧੀ ਧਿਰ ਲਈ ਵੱਡਾ ਮੌਕਾ ਬਣ ਕੇ ਆਇਆ ਹੈ ਪਰੰਤੂ ਸਿਆਸਤ ਜ਼ਿਆਦਾ ਹੋਣ ਨਾਲ ਇਸ ਸੰਘਰਸ਼ ਦੇ ਅਸਲ ਮੁੱਦੇ ਪੇਪਰ ਲੀਕ, ਸਿੱਖਿਆ ਸੁਧਾਰ ਅਤੇ ਬੇਰੁਜ਼ਗਾਰੀ ਪਿੱਛੇ ਰਹਿ ਸਕਦੇ ਹਨ।'
ਵਿਦਿਆਰਥੀ ਸੰਘਰਸ਼ ਸੰਬੰਧੀ ਤਿੰਨ ਤਰ੍ਹਾਂ ਦਾ ਨਜ਼ਰੀਆ ਸਾਹਮਣੇ ਆ ਰਿਹਾ ਹੈ। ਇਕ ਭਾਰਤ ਦੇ ਮੁੱਖ ਧਾਰਾ ਮੀਡੀਆ ਦਾ, ਦੂਸਰਾ ਸੋਸ਼ਲ ਮੀਡੀਆ ਦਾ ਅਤੇ ਤੀਸਰਾ ਗਲੋਬਲ ਮੀਡੀਆ ਦਾ। ਤਿੰਨਾਂ ਵਿਚਲਾ ਅੰਤਰ ਦ੍ਰਿਸ਼ਟੀ ਅਤੇ ਦੂਰੀ ਕਾਰਨ ਹੋ ਸਕਦਾ ਹੈ।
ਅੰਦੋਲਨ ਵਿਚ ਹੋ ਰਹੇ ਵੱਡੇ ਅਦਲ-ਬਦਲ ਨੂੰ ਵਿਦੇਸ਼ੀ ਮੀਡੀਆ ਪੂਰੀ ਦਿਲਚਸਪੀ ਨਾਲ ਕਵਰ ਕਰਦਾ ਰਿਹਾ ਹੈ। ਕੁਝ ਅਖ਼ਬਾਰਾਂ ਨੇ ਮੁੱਖ ਪੰਨੇ ਦੀ ਮੁੱਖ ਸੁਰਖੀ ਬਣਾਉਣ ਦੇ ਨਾਲ ਹੀ ਵੱਡੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਹਨ ਅਤੇ ਇਸ ਨੂੰ ਨੌਜਵਾਨਾਂ ਦੀ ਅਸੰਤੁਸ਼ਟੀ ਅਤੇ ਨਾਰਾਜ਼ਗੀ ਦਾ ਨਾਂਅ ਦਿੱਤਾ ਹੈ।

ਈ-ਮੇਲ : prof_kulbir@yahoo.com

ਪਿਛਲੀ ਖ਼ਬਰ ਆਮ ਲੋਕਾਂ ਲਈ ਸੁਖਾਵੇਂ ਤੇ ਸੁਰੱਖਿਅਤ ਹਾਲਾਤ ਸਿਰਜਣ ਦੀ ਲੋੜ ਅਗਲੀ ਖ਼ਬਰ ਪ੍ਰਧਾਨ ਮੰਤਰੀ ਦੀ ਰਿਹਾਇਸ਼ ਸਾਹਮਣੇ ਪਹਿਲਾਂ ਵੀ ਹੁੰਦੇ ਰਹੇ ਹਨ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।