23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਪੰਜਾਬੀ ਰੰਗਮੰਚ ਤੇ ਨਾਟਕ ਦਾ ਸਫ਼ਰ

ਅਜੀਤ ਡੈਸਕ 27-03-2026

ਅੱਜ ਵਿਸ਼ਵ ਰੰਗਮੰਚ ਦਿਵਸ 'ਤੇ ਵਿਸ਼ੇਸ਼ 

ਹਰ ਸਾਲ 27 ਮਾਰਚ ਨੂੰ ਵਿਸ਼ਵ ਰੰਗਮੰਚ ਦਿਵਸ ਮਨਾਇਆ ਜਾਂਦਾ ਹੈ, ਜੋ 27 ਮਾਰਚ 1961 ਤੋਂ ਵਿਸ਼ਵ ਪੱਧਰ 'ਤੇ ਸ਼ੁਰੂ ਹੋਇਆ ਹੈ। ਰੰਗਮੰਚ ਤੇ ਨਾਟਕ ਇਕ-ਦੂਜੇ ਦੇ ਪੂਰਕ ਹਨ, ਜੋ 20ਵੀਂ ਸਦੀ ਵਿਚ ਜਨਮੇ ਤੇ ਸਾਡੀ ਭਾਰਤੀ ਸੰਸਕ੍ਰਿਤੀ ਦੀਆਂ ਪੈੜਾਂ ਤੋਂ ਥੋੜ੍ਹਾ ਵੱਖਰਾ ਹੋ ਕੇ ਨਵੇਂ ਰੂਪ ਵਿਚ ਪੁਨਰ-ਸੁਰਜੀਤ ਹੋਏ। ਇਸ ਕਰਕੇ ਅਸੀਂ ਸਮੁੱਚੇ ਪੰਜਾਬੀ ਨਾਟਕ ਨੂੰ ਸਾਹਿਤ ਵਿਚ ਨਵਾਂ ਨਾਟਕ ਆਖਦੇ ਹਾਂ। ਨਾਟਕ ਕੀ ਹੈ? ਰੰਗਮੰਚ ਕੀ ਹੈ? ਇਹ ਸਾਹਿਤ ਦੀ ਉਹ ਵਿਧਾ ਹੈ, ਜਿਹੜੀ ਆਪਣੀ ਗੱਲ ਕਹਿਣ ਲਈ ਤੁਹਾਡੇ ਸਾਹਮਣੇ ਤੁਹਾਡੀ ਹੀ ਭਾਸ਼ਾ 'ਚ ਗੱਲ ਕਰਨ ਦੀ ਕਲਾ ਹੈ, ਜਿਸ ਦੇ ਲਿਖਤੀ ਸੰਵਾਦ, ਰੰਗਮੰਚ ਐਕਸ਼ਨ, ਪਹਿਰਾਵਾ, ਜਜ਼ਬਾ, ਸੁਨੇਹਾ ਨਾਟਕ ਦੀ ਜਿੰਦਜਾਨ ਹੁੰਦੇ ਹਨ। 20ਵੀਂ ਸਦੀ ਦੇ ਦੂਜੇ ਦਹਾਕੇ ਵਿਚ ਨੌਰਾ ਰਿਚਰਡ ਦੇ ਯਤਨਾਂ ਸਦਕਾ ਲਾਹੌਰ ਕਾਲਜ ਦੇ ਮੰਚ 'ਤੇ ਪੰਜਾਬੀ ਵਿਚ ਨਾਟ ਮੰਚਨ ਦੀ ਪਿਰਤ ਸ਼ੁਰੂ ਹੋਈ। ਆਧੁਨਿਕ ਸਾਹਿਤਕ ਨਾਟਕ ਦਾ ਆਰੰਭ ਈਸ਼ਵਰ ਚੰਦਰ ਨੰਦਾ ਰਾਹੀਂ ਮਿਸਿਜ਼ ਨੌਰਾ ਦੀ ਪ੍ਰੇਰਨਾ ਸਦਕਾ 1913 'ਚ ਹੋਇਆ। ਇਸ ਤੋਂ ਪਹਿਲਾਂ 4 ਤਰ੍ਹਾਂ ਦੀਆਂ ਨਾਟਕੀ ਤੇ ਰੰਗਮੰਚੀ ਸਥਿਤੀਆਂ- ਲੋਕ ਨਾਟ ਪਰੰਪਰਾ/ਰਾਮਲੀਲ੍ਹਾ, ਸੰਸਕ੍ਰਿਤ ਨਾਟਕ, ਪਾਰਸੀ ਰੰਗਮੰਚ ਅਤੇ ਪੰਜਾਬ ਵਿਚ ਰਹਿੰਦੇ ਅੰਗਰੇਜ਼ਾਂ ਦੀਆਂ ਨਾਟ ਮੰਡਲੀਆਂ ਦੇਖੀਆਂ ਜਾ ਸਕਦੀਆਂ ਹਨ।
ਪੰਜਾਬੀ ਦਾ ਪਹਿਲਾ ਮੌਲਿਕ ਨਾਟਕ ਚੰਦਰ ਹਰੀ (1909) ਪਾਰਸੀ ਸ਼ੈਲੀ ਦੀ ਰਚਨਾ ਹੈ, ਜੋ ਪੰਜਾਬੀ ਚੇਤਨਾ ਨਾਟਕ ਰੰਗਮੰਚ ਦੀ ਪਹਿਲੀ ਪਛਾਣ ਹੈ। ਪੰਜਾਬੀ ਨਾਟਕ ਦੇ ਇਤਿਹਾਸਕ ਸਫ਼ਰ ਦੇ 4 ਪੜਾਅ ਹਨ- ਪਹਿਲਾ 1947 ਤੋਂ ਪਹਿਲਾਂ ਤੱਕ, ਦੂਜਾ 1947 ਤੋਂ 1975 ਤੱਕ, ਤੀਜਾ 1975 ਤੋਂ 1990 ਤੱਕ ਤੇ ਚੌਥਾ 1990 ਤੋਂ ਲੈ ਕੇ ਹੁਣ ਤੱਕ ਦਾ ਹੈ। ਆਧੁਨਿਕ ਪੰਜਾਬੀ ਨਾਟਕ ਦਾ ਜਨਮ 1913 'ਚ ਈਸ਼ਵਰ ਚੰਦਰ ਨੰਦਾ ਦੇ ਇਕਾਂਗੀ 'ਸੁਹਾਗ' ਨਾਲ ਹੋਇਆ ਮੰਨਿਆ ਜਾਂਦਾ ਹੈ। ਨੰਦਾ ਦੇ ਨਾਟਕ ਆਦਰਸ਼ਵਾਦੀ ਸੁਧਾਰਵਾਦੀ ਪ੍ਰਵਿਰਤੀ ਦੇ ਹਨ, ਜਦਕਿ ਭਾਈ ਵੀਰ ਸਿੰਘ ਦੇ ਨਾਟਕ- ਰਾਜਾ ਲੱਖ ਦਾਤਾ ਸਿੰਘ ਅਤੇ ਰੂੜ ਸਿੰਘ ਤਾਲਿਬ ਦੇ ਨਾਟਕ-ਸੁੱਕੇ ਸਮੁੰਦਰ ਦਾ ਵਿਸ਼ਾ ਸਮਾਜ ਸੁਧਾਰ ਸੀ। ਨੰਦਾ ਤੋਂ ਬਾਅਦ ਹਰਚਰਨ ਸਿੰਘ, ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਗੁਰਦਿਆਲ ਸਿੰਘ ਫੁੱਲ, ਕਰਤਾਰ ਸਿੰਘ ਦੁੱਗਲ ਆਦਿ ਪਹਿਲੀ ਪੀੜ੍ਹੀ ਦੇ ਨਾਟਕਕਾਰਾਂ ਨੇ ਸਮਾਜਿਕ ਸਰੋਕਾਰਾਂ ਦੇ ਨਾਲ-ਨਾਲ ਇਤਿਹਾਸਕ ਨਾਟਕ ਲਿਖੇ ਤੇ ਮੰਚ 'ਤੇ ਪੇਸ਼ ਕੀਤੇ। ਪਹਿਲੇ ਪੜਾਅ ਦੌਰਾਨ 1913 ਤੋਂ 1947 ਦੌਰਾਨ ਸਮਾਜਿਕ ਯਥਾਰਥਵਾਦੀ ਨਾਟਕ, ਇਕਾਂਗੀ ਨਾਟਕ, ਲਘੂ ਨਾਟਕ, ਗੀਤ ਨਾਟਕ, ਰੇਡੀਓ ਨਾਟਕ ਤੇ ਕਾਵਿ ਨਾਟਕ ਨਾਟ ਰੂਪ ਵਿਚ ਪੇਸ਼ ਹੋਏ।
ਦੂਜੇ ਪੜਾਅ 'ਚ 1947 ਦੀ ਵੰਡ ਤੋਂ ਬਾਅਦ ਨਾਟਕਕਾਰਾਂ ਨੇ ਦੇਸ਼ ਦੀ ਵੰਡ ਦੀਆਂ ਪ੍ਰਸਥਿਤੀਆਂ ਅਧੀਨ ਨਵੇਂ ਵਿਸ਼ੇ ਸ਼ਹੀਦੀਆਂ, ਦੁਖਾਂਤ, ਸ਼ਹਾਦਤਾਂ ਦੀ ਗੱਲ ਕਰਦਿਆਂ ਨਾਟਕ ਪੇਸ਼ ਕੀਤੇ। ਹਰਚਰਨ ਸਿੰਘ, ਗੁਰਦਿਆਲ ਸਿੰਘ ਫੁੱਲ ਵਰਗੇ ਨਾਟਕਕਾਰਾਂ ਨੇ ਨਾਟਕਾਂ ਨੂੰ ਵਿਗਿਆਨਕ ਸੋਚ ਨਾਲ ਜੋੜਿਆ ਤਾਂ ਅਜਮੇਰ ਸਿੰਘ ਔਲਖ ਦੀ ਯਥਾਰਥਵਾਦੀ ਚੇਤਨਾ ਦੇ ਅੰਦਰ ਰਾਜਸੀ ਚੇਤਨਾ ਦੇ ਦਾਖਲੇ ਨੂੰ ਵੇਖਿਆ ਜਾ ਸਕਦਾ ਹੈ। ਚਰਨ ਦਾਸ ਸਿੱਧੂ ਦੇ ਨਾਟਕਾਂ ਵਿਚ ਯਥਾਰਥਵਾਦ ਨੂੰ ਪ੍ਰਕਿਰਤੀਵਾਦ ਤੱਕ ਪਹੁੰਚਦਿਆਂ ਵੀ ਦੇਖ ਸਕਦੇ ਹਾਂ। ਐਮਰਜੈਂਸੀ ਤੋਂ ਬਾਅਦ ਖ਼ਾਲਿਸਤਾਨੀ ਲਹਿਰ ਦਾ ਪੈਦਾ ਹੋਣਾ ਪੰਜਾਬੀ ਸੰਕਟ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਨਾਟਕ ਕਦੇ ਵੀ ਸਮਕਾਲੀ ਸਮਾਜ ਦੀਆਂ ਮੂਲ ਚਿੰਤਾਵਾਂ ਤੋਂ ਮੂੰਹ ਨਹੀਂ ਮੋੜ ਸਕਦਾ, ਬਿਨਾਂ ਸਮਾਜਿਕ ਸਰੋਕਾਰਾਂ ਦੇ ਨਾਟਕ ਸਿਰਫ਼ ਮਨੋਰੰਜਨ ਰਹਿ ਜਾਂਦਾ ਹੈ। ਇਸ ਦੌਰਾਨ ਬਲਵੰਤ ਗਾਰਗੀ, ਕਪੂਰ ਸਿੰਘ ਘੁੰਮਣ, ਹਰਚਰਨ ਸਿੰਘ ਤੇ ਗੁਰਚਰਨ ਸਿੰਘ ਜਸੂਜਾ ਨੇ ਨਾਟਕ ਦੇ ਸਿਖਰਾਂ ਨੂੰ ਛੋਹਿਆ। ਆਤਮਜੀਤ, ਅਜਮੇਰ ਔਲਖ ਦੇ ਨਾਟਕਾਂ 'ਤੇ ਪ੍ਰਯੋਗਸ਼ੀਲ ਲਹਿਰ ਦਾ ਪ੍ਰਭਾਵ ਸਾਫ ਨਜ਼ਰ ਆਉਂਦਾ ਹੈ।
ਇਸੇ ਦੌਰਾਨ ਭਾਜੀ ਗੁਰਸ਼ਰਨ ਸਿੰਘ ਨਿਵੇਕਲੇ ਢੰਗ ਨਾਲ ਇਸ ਖੇਤਰ ਵਿਚ ਆਏ, ਉਹ ਰੰਗਮੰਚ ਨਾਲ ਵਧੇਰੇ ਪ੍ਰਤੀਬੱਧਤਾ ਤੇ ਲੋਕ ਚੇਤਨਾ ਨਾਲ ਜੁੜੇ ਹੋਏ ਸਨ। ਉਹ ਸਕ੍ਰਿਪਟ ਦੀ ਅਹਿਮੀਅਤ ਨਾਲੋਂ ਉਸ ਦੇ ਪ੍ਰਯੋਜਨ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੇ ਸਨ। ਨਾਟਕਕਾਰ ਆਤਮਜੀਤ, ਅਜਮੇਰ ਔਲਖ ਤੇ ਚਰਨ ਦਾਸ ਸਿੱਧੂ ਵੀ ਵਿਹਾਰਕ ਪੱਖ ਤੋਂ ਨਾਟਕ ਨਾਲ ਆਪਣੇ ਖਿੱਤੇ ਵਿਚ ਆਪਣਾ ਮੁਹਾਂਦਰਾ ਬਣਾਉਂਦੇ ਨਜ਼ਰ ਆਏ। ਅਜਮੇਰ ਔਲਖ ਦੀ ਪਛਾਣ ਮਾਲਵਾ ਖੇਤਰ ਦੀ ਛੋਟੀ ਕਿਸਾਨੀ ਘੱਟ ਭੋਂਏ ਦੇ ਦੁੱਖ ਤੇ ਉਸ ਦੇ ਟੁੱਟਦੇ ਰਿਸ਼ਤਿਆਂ ਨੂੰ ਪ੍ਰਭਾਵੀ ਢੰਗ ਨਾਲ ਪੇਸ਼ ਕਰਨ 'ਚ ਹੈ। ਜਦਕਿ ਚਰਨ ਦਾਸ ਸਿੱਧੂ ਨੇ ਦੁਆਬੇ ਦੀ ਅਤਿ ਨਿਮਨ ਕਿਰਤੀ ਸ਼੍ਰੇਣੀ ਦੇ ਦੁੱਖ-ਸੁੱਖ ਟੁੱਟਦੇ ਰਿਸ਼ਤਿਆਂ ਨੂੰ ਦੁਆਬੀ ਬੋਲੀ 'ਚ ਪੇਸ਼ ਕਰਦਿਆਂ 'ਬਾਬਾ ਬੰਤੂ, ਅੰਬੀਆਂ ਨੂੰ ਤਰਸੇਂਗੀ' ਜਿਹੇ ਨਾਟਕਾਂ ਦੇ ਪਾਤਰਾਂ ਰਾਹੀਂ ਬਖੂਬੀ ਪੇਸ਼ ਕੀਤਾ ਹੈ। ਜਦੋਂ 1980 'ਚ ਵਿਸ਼ਵੀਕਰਨ ਤਬਦੀਲੀ ਨੇ ਸਾਹਿਤ ਨੂੰ ਪ੍ਰਭਾਵਿਤ ਕੀਤਾ ਤਾਂ ਨਵੇਂ ਚਿੰਤਨ-ਨਾਰੀ ਚੇਤਨਾ, ਦਲਿਤ ਚੇਤਨਾ, ਪ੍ਰਵਾਸੀ ਚੇਤਨਾ ਨਾਲ ਡਾਕਟਰ ਦਵਿੰਦਰ ਕੁਮਾਰ, ਮਨਜੀਤ ਪਾਲ ਕੌਰ, ਡਾ. ਸਤੀਸ਼ ਵਰਮਾ ਆਦਿ ਨਾਟਕਕਾਰ ਸਾਹਮਣੇ ਆਉਂਦੇ ਹਨ।
ਜਦੋਂ ਪੰਜਾਬੀ ਨਾਟਕ ਚੌਥੀ ਪੀੜ੍ਹੀ 'ਚ ਦਾਖਲ ਹੁੰਦਾ ਹੈ ਤਾਂ ਪਾਲੀ ਭੁਪਿੰਦਰ, ਕੇਵਲ ਧਾਲੀਵਾਲ, ਜਤਿੰਦਰ ਸਿੰਘ ਬਰਾੜ, ਜਗਦੀਸ਼ ਸਚਦੇਵਾ, ਡਾਕਟਰ ਸਾਹਿਬ ਸਿੰਘ ਵਰਗੇ ਨਾਟਕਕਾਰ ਨਾਟਕ ਦੀ ਮੁੱਖ ਧਾਰਾ ਵਿਚ ਸ਼ਾਮਿਲ ਹੁੰਦੇ ਹਨ। ਨਾਟਕਕਾਰ ਡਾਕਟਰ ਸਵਰਾਜ ਬੀਰ ਵੱਡੀ ਸੰਭਾਵਨਾ ਵਾਲਾ ਨਾਟਕ ਲੇਖਕ ਹੈ, ਜਿਸ ਦੇ ਨਾਟਕ ਕੇਵਲ ਧਾਲੀਵਾਲ ਦੇ ਨਿਰਦੇਸ਼ਨ 'ਚ ਖੇਡੇ ਜਾਂਦੇ ਹਨ। ਕੇਵਲ ਧਾਲੀਵਾਲ ਰੰਗਮੰਚ ਦੀ ਡੂੰਘੀ ਸਮਝ ਰੱਖਣ ਵਾਲਾ ਨਾਟਕਕਾਰ ਤੇ ਨਿਰਦੇਸ਼ਕ ਹੈ। ਉਸ ਦੀਆਂ ਨਾਟ ਰਚਨਾਵਾਂ- ਵਣਜਾਰੇ, ਰਿਜ਼ਕ ਦੀ ਮਰਿਆਦਾ, ਕਾਲਜਾਂ ਤੇ ਯੁਵਕ ਮੇਲਿਆਂ 'ਚ ਖੇਡੇ ਜਾਂਦੇ ਹਨ। ਡਾ. ਦਵਿੰਦਰ ਕੁਮਾਰ ਦਾ ਲਿਖਿਆ ਨਾਟਕ- ਏਹ ਕੇਹੀ ਰੁੱਤ ਆਈ ਜ਼ਿਕਰਯੋਗ ਹੈ। ਉਹ 1990 ਤੋਂ ਸਮਾਜਿਕ ਤੇ ਕ੍ਰਾਂਤੀਕਾਰੀ ਵਿਸ਼ਿਆਂ 'ਤੇ 13 ਨਾਟ ਪੁਸਤਕਾਂ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਆਜ਼ਾਦ ਰੰਗਮੰਚ ਫਗਵਾੜਾ ਵਲੋਂ ਉਨ੍ਹਾਂ ਦੇ ਨਾਟਕਾਂ ਦਾ ਸਫਲ ਮੰਚਨ ਹੋ ਰਿਹਾ ਹੈ ਪਿਛਲੇ ਸਾਲ ਆਈ ਨਵੀਂ ਨਾਟ ਪੁਸਤਕ 'ਕੂੜੇ ਵਿਚ ਖਿੜਿਆ ਗੁਲਾਬ' ਨਾਟਕ ਆਧੁਨਿਕ ਸ਼ੈਲੀ ਦੀ ਅਗਵਾਈ ਭਰਦਾ ਹੈ, ਜਦਕਿ 'ਗੁਰੂ ਤੇਗ ਬਹਾਦਰ ਬੋਲਿਆ' ਨਾਟਕ ਵੱਖਰੀ ਪਹਿਚਾਣ ਬਣਾ ਰਿਹਾ ਹੈ। ਕਾਵਿ ਨਾਟਕ ਦੇ ਖੇਤਰ ਵਿਚ ਡਾ. ਨਵਦੀਪ ਨੇ 'ਅਹਿੱਲਿਆ' ਨਾਟਕ ਨਾਲ ਨਾਟਕ ਦੇ ਖੇਤਰ ਵਿਚ ਕਦਮ ਪਾਇਆ ਹੈ।
ਅਮਰਜੀਤ ਗਰੇਵਾਲ ਦਾ ਨਾਟਕ 1675 ਕੇਵਲ ਧਾਲੀਵਾਲ ਦੀ ਨਿਰਦੇਸ਼ਨਾ 'ਚ ਨਵੀਂ ਪਿਰਤ ਪਾ ਰਿਹਾ ਹੈ। ਜਦਕਿ ਡਾ. ਸਾਹਿਬ ਸਿੰਘ ਨੇ ਲੇਖਕ, ਨਿਰਦੇਸ਼ਕ, ਬਤੌਰ ਅਦਾਕਾਰ ਨਵੀਂ ਤੇ ਵਿਲੱਖਣ ਪਿਰਤ ਸ਼ੁਰੂ ਕਰ ਕੇ ਆਪਣੀ ਪਹਿਚਾਣ ਬਣਾਈ ਹੈ। ਉਹ ਸਰਲ ਭਾਸ਼ਾ ਵਿਚ ਗੰਭੀਰ ਗੱਲਾਂ ਨੂੰ ਵੱਖਰੇ ਅੰਦਾਜ਼ ਤੇ ਨਿਡਰਤਾ ਨਾਲ ਪੇਸ਼ ਕਰਦਾ ਹੈ। ਉਸ ਨੇ 5 ਸੋਲੋ ਨਾਟਕ ਸਾਹਿਤ ਦੇ ਖੇਤਰ ਵਿਚ ਵੱਖਰੇ-ਵੱਖਰੇ ਵਿਸ਼ਿਆਂ ਨੂੰ ਲੈ ਪੇਸ਼ ਕੀਤੇ.ਹਨ। ਮੈਂ ਅੱਜ ਵਿਸ਼ਵ ਰੰਗਮੰਚ ਦਿਵਸ ਮੌਕੇ ਵਿਸ਼ਵ ਭਰ ਦੇ ਨਾਟਕਕਾਰਾਂ ਨੂੰ ਮੁਬਾਰਕ ਦਿੰਦੀ ਹਾਂ। ਪੰਜਾਬੀ ਨਾਟਕਕਾਰਾਂ ਤੋਂ ਨਵੀਆਂ ਆਸਾਂ, ਨਿਰਪੱਖ, ਲੋਕ ਹਿਤੈਸ਼ੀ, ਸੱਚ ਦੀਆਂ ਪਾਰਖੂ ਲਿਖਤਾਂ ਦੀ ਉਮੀਦ ਕਰਦੀ ਹਾਂ।

-ਮੋਬਾਈਲ : 98146-01140

ਪਿਛਲੀ ਖ਼ਬਰ 27-03-26 ਅਗਲੀ ਖ਼ਬਰ ਧਰਮ, ਕਰਤੱਵ ਤੇ ਮਰਿਆਦਾ ਦਾ ਸੰਦੇਸ਼ ਹੈ ਰਾਮ ਨੌਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।