ਅੱਜ ਰਾਮ ਨੌਮੀ 'ਤੇ ਵਿਸ਼ੇਸ਼
ਰਾਮ ਨੌਮੀ ਸਿਰਫ਼ ਇਕ ਧਾਰਮਿਕ ਤਿਉਹਾਰ ਨਹੀਂ, ਸਗੋਂ ਭਾਰਤੀ ਸੱਭਿਆਚਾਰ ਅਤੇ ਜੀਵਨ-ਦਰਸ਼ਨ ਦਾ ਇਕ ਮਹੱਤਵਪੂਰਨ ਦਿਨ ਹੈ, ਜੋ ਹਰ ਸਾਲ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਨੌਮੀ ਨੂੰ ਭਗਵਾਨ ਸ੍ਰੀ ਰਾਮ ਚੰਦਰ ਦੇ ਜਨਮ ਉਤਸਵ ਵਜੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਭਗਵਾਨ ਰਾਮ ਚੰਦਰ ਉਹ ਮਹਾਨ ਆਦਰਸ਼ ਪੁਰਖ ਹਨ, ਜਿਨ੍ਹਾਂ ਦਾ ਜੀਵਨ ਸੱਚ, ਧਰਮ, ਮਰਿਆਦਾ ਤੇ ਕਰਤੱਵ ਨਿਭਾਉਣ ਦੀ ਅਦੁੱਤੀ ਮਿਸਾਲ ਪੇਸ਼ ਕਰਦਾ ਹੈ। ਉਹ ਸਿਰਫ਼ ਕੋਈ ਪੌਰਾਣਿਕ ਜਾਂ ਇਤਿਹਾਸਕ ਪਾਤਰ ਹੀ ਨਹੀਂ, ਸਗੋਂ ਭਾਰਤੀ ਸਮਾਜ ਦੀ ਨੈਤਿਕ ਚੇਤਨਾ ਦੇ ਪ੍ਰਤੀਕ ਹਨ।
ਉਨ੍ਹਾਂ ਨੂੰ 'ਮਰਿਆਦਾ ਪੁਰਸ਼ੋਤਮ' ਕਿਹਾ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਆਪਣੇ ਜੀਵਨ ਦੇ ਹਰ ਪੜਾਅ 'ਤੇ ਮਰਿਆਦਾ, ਸੰਤੁਲਨ ਤੇ ਕਰਤੱਵ ਨੂੰ ਸਭ ਤੋਂ ਉੱਪਰ ਰੱਖਿਆ ਹੈ। ਇਕ ਆਦਰਸ਼ ਪੁੱਤਰ, ਆਦਰਸ਼ ਭਰਾ, ਆਦਰਸ਼ ਪਤੀ ਤੇ ਆਦਰਸ਼ ਰਾਜਾ ਵਜੋਂ ਉਨ੍ਹਾਂ ਦਾ ਚਰਿੱਤਰ ਅੱਜ ਵੀ ਲੋਕਾਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਦਾ ਜੀਵਨ ਇਹ ਦਰਸਾਉਂਦਾ ਹੈ ਕਿ ਪਰਿਵਾਰ ਮਨੁੱਖ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਆਧਾਰ ਹੈ। ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਦੀ ਆਗਿਆ ਦਾ ਪਾਲਣ ਕਰਦਿਆਂ ਰਾਜ-ਭਾਗ ਛੱਡ ਕੇ ਬਨਵਾਸ ਸਵੀਕਾਰ ਕੀਤਾ। ਭਰਾਵਾਂ ਪ੍ਰਤੀ ਉਨ੍ਹਾਂ ਦਾ ਪਿਆਰ ਤੇ ਸਮਰਪਣ ਅਦਭੁੱਤ ਸੀ, ਜਦਕਿ ਗੁਰੂਆਂ ਪ੍ਰਤੀ ਉਨ੍ਹਾਂ ਨੇ ਸਦਾ ਆਦਰ ਤੇ ਸ਼ਰਧਾ ਭਾਵ ਰੱਖਿਆ। ਉਨ੍ਹਾਂ ਦੇ ਜੀਵਨ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਪਰਿਵਾਰ ਪ੍ਰਤੀ ਨਿਸ਼ਠਾ, ਪਿਆਰ ਤੇ ਮਰਿਆਦਾ ਹੀ ਸਮਾਜ ਨੂੰ ਮਜ਼ਬੂਤ ਬਣਾਉਂਦੇ ਹਨ। ਉਨ੍ਹਾਂ ਨੇ ਆਪਣੇ ਜੀਵਨ ਵਿਚ ਕਈ ਮੁਸ਼ਕਿਲ ਹਾਲਾਤ ਦਾ ਸਾਹਮਣਾ ਕੀਤਾ, ਪਰ ਹਰ ਚੁਣੌਤੀ ਨੂੰ ਉਨ੍ਹਾਂ ਨੇ ਧੀਰਜ ਤੇ ਸੰਜਮ ਨਾਲ ਸਵੀਕਾਰ ਕੀਤਾ। ਪਿਤਾ ਦੀ ਆਗਿਆ ਨਾਲ 14 ਸਾਲ ਦਾ ਬਨਵਾਸ, ਪਤਨੀ ਸੀਤਾ ਦਾ ਅਗਵਾ ਹੋਣਾ ਤੇ ਫਿਰ ਰਾਵਣ ਨਾਲ ਭਿਆਨਕ ਯੁੱਧ, ਇਨ੍ਹਾਂ ਸਭ ਹਾਲਾਤ ਵਿਚ ਉਨ੍ਹਾਂ ਨੇ ਕਦੇ ਵੀ ਆਪਣੇ ਕਰਤੱਵ ਤੋਂ ਪਿੱਛੇ ਹਟਣ ਦਾ ਵਿਚਾਰ ਨਹੀਂ ਕੀਤਾ। ਉਨ੍ਹਾਂ ਨੇ ਸਿੱਧ ਕੀਤਾ ਕਿ ਜੀਵਨ ਵਿਚ ਮੁਸ਼ਕਿਲਾਂ ਕਿੰਨੀਆਂ ਵੀ ਕਿਉਂ ਨਾ ਆ ਜਾਣ, ਧੀਰਜ ਤੇ ਦ੍ਰਿੜ੍ਹ ਨਿਸ਼ਚੇ ਨਾਲ ਉਨ੍ਹਾਂ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਰਾਵਣ ਦੇ ਵਿਰੁੱਧ ਉਨ੍ਹਾਂ ਦਾ ਯੁੱਧ ਕੇਵਲ ਸ਼ਕਤੀ ਪ੍ਰਦਰਸ਼ਨ ਨਹੀਂ ਸੀ, ਸਗੋਂ ਧਰਮ ਤੇ ਅਧਰਮ ਵਿਚਕਾਰ ਸੰਘਰਸ਼ ਦਾ ਪ੍ਰਤੀਕ ਸੀ। ਭਗਵਾਨ ਰਾਮ ਨੇ ਆਪਣੀ ਤਾਕਤ ਦੀ ਵਰਤੋਂ ਹਮੇਸ਼ਾ ਸੱਚ ਤੇ ਨਿਆਂ ਦੀ ਸਥਾਪਨਾ ਲਈ ਕੀਤੀ। ਉਨ੍ਹਾਂ ਦੀ ਆਦਰਸ਼ ਸ਼ਾਸਨ ਪ੍ਰਣਾਲੀ ਨੂੰ 'ਰਾਮਰਾਜ' ਕਿਹਾ ਜਾਂਦਾ ਹੈ, ਜੋ ਨਿਆਂ, ਸਮਾਨਤਾ, ਕਰੁਣਾ ਤੇ ਲੋਕ ਭਲਾਈ ਦਾ ਪ੍ਰਤੀਕ ਮੰਨੀ ਜਾਂਦੀ ਹੈ।
ਰਾਮ ਨੌਮੀ ਮੌਕੇ ਜਿੱਥੇ ਦੇਸ਼ ਭਰ 'ਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਦਾ ਹੈ, ਉੱਥੇ ਵਿਦੇਸ਼ਾਂ 'ਚ ਵੀ ਇਸ ਪਵਿੱਤਰ ਤਿਉਹਾਰ ਨੂੰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਅਯੁੱਧਿਆ ਸਮੇਤ ਕਈ ਤੀਰਥ ਸਥਾਨਾਂ ਅਤੇ ਮੰਦਰਾਂ 'ਚ ਵਿਸ਼ੇਸ਼ ਪੂਜਾ-ਅਰਚਨਾ, ਭਜਨ-ਕੀਰਤਨ ਤੇ ਸ਼ੋਭਾ ਯਾਤਰਾਵਾਂ ਕੱਢੀਆਂ ਜਾਂਦੀਆਂ ਹਨ। ਸ਼ਰਧਾਲੂ ਵਰਤ ਵੀ ਰੱਖਦੇ ਹਨ ਤੇ ਰਾਮਾਇਣ ਜਾਂ ਰਾਮਚਰਿਤ-ਮਾਨਸ ਦਾ ਪਾਠ ਕਰਦੇ ਹਨ। ਹਾਲਾਂਕਿ ਰਾਮ ਨੌਮੀ ਦਾ ਮਹੱਤਵ ਕੇਵਲ ਧਾਰਮਿਕ ਰਸਮਾਂ ਤੱਕ ਸੀਮਤ ਨਹੀਂ ਹੈ। ਇਹ ਤਿਉਹਾਰ ਸਾਨੂੰ ਆਪਣੇ ਅੰਦਰਲੇ ਆਦਰਸ਼ਾਂ ਨੂੰ ਜਗਾਉਣ ਦੀ ਪ੍ਰੇਰਨਾ ਦਿੰਦਾ ਹੈ। ਅੱਜ ਜਦੋਂ ਸਮਾਜ ਵਿਚ ਅਸਹਿਣਸ਼ੀਲਤਾ, ਝੂਠ ਤੇ ਸਵਾਰਥ ਦੀਆਂ ਪ੍ਰਵਿਰਤੀਆਂ ਵਧਦੀਆਂ ਦਿਖਾਈ ਦਿੰਦੀਆਂ ਹਨ ਤਾਂ ਭਗਵਾਨ ਰਾਮ ਚੰਦਰ ਦੇ ਜੀਵਨ ਤੋਂ ਮਿਲਣ ਵਾਲੇ ਮੁੱਲ ਹੋਰ ਵੀ ਵਧੇਰੇ ਮਹੱਤਵਪੂਰਨ ਹੋ ਜਾਂਦੇ ਹਨ। ਉਨ੍ਹਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਅਸਲੀ ਮਹਾਨਤਾ ਸ਼ਕਤੀ ਜਾਂ ਠਾਠ-ਬਾਠ 'ਚ ਨਹੀਂ, ਸਗੋਂ ਸੰਜਮ, ਕਰੁਣਾ, ਧੀਰਜ ਤੇ ਨੈਤਿਕਤਾ ਵਿਚ ਵਸਦੀ ਹੈ। ਉਨ੍ਹਾਂ ਨੇ ਹਰ ਹਾਲ 'ਚ ਆਤਮ-ਸੰਜਮ ਅਤੇ ਮਰਿਆਦਾ ਨੂੰ ਕਾਇਮ ਰੱਖਿਆ। ਇਸੇ ਕਾਰਨ ਉਨ੍ਹਾਂ ਦਾ ਚਰਿੱਤਰ ਯੁੱਗਾਂ ਤੋਂ ਮਨੁੱਖਤਾ ਨੂੰ ਪ੍ਰੇਰਿਤ ਕਰਦਾ ਆ ਰਿਹਾ ਹੈ। ਰਾਮ ਨੌਮੀ ਦਾ ਇਹ ਪਾਵਨ ਤਿਉਹਾਰ ਸਾਨੂੰ ਇਹੀ ਸੰਦੇਸ਼ ਦਿੰਦਾ ਹੈ ਕਿ ਧਰਮ ਅਤੇ ਸੱਚ ਦੇ ਮਾਰਗ 'ਤੇ ਚੱਲਣ ਵਾਲੇ ਮਨੁੱਖਾਂ ਨੂੰ ਕਈ ਪਰਖਾਂ 'ਚੋਂ ਲੰਘਣਾ ਪੈਂਦਾ ਹੈ, ਪਰ ਅੰਤ 'ਚ ਜਿੱਤ ਉਸ ਦੀ ਹੀ ਹੁੰਦੀ ਹੈ। ਅੱਜ ਦੇ ਤੇਜ਼ੀ ਨਾਲ ਬਦਲਦੇ ਆਧੁਨਿਕ ਯੁੱਗ ਵਿਚ ਵੀ ਜੇ ਅਸੀਂ ਭਗਵਾਨ ਸ੍ਰੀ ਰਾਮ ਚੰਦਰ ਦੇ ਆਦਰਸ਼ਾਂ ਨੂੰ ਆਪਣੇ ਜੀਵਨ 'ਚ ਅਪਣਾਈਏ ਤਾਂ ਸਮਾਜ ਵਿਚ ਪਿਆਰ, ਸਾਂਝ ਤੇ ਨੈਤਿਕਤਾ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ। ਇਹੀ ਇਸ ਪਾਵਨ ਤਿਉਹਾਰ ਦਾ ਅਸਲ ਉਦੇਸ਼ ਹੈ। ਰਾਮ ਨੌਮੀ ਸਿਰਫ਼ ਭਗਵਾਨ ਸ੍ਰੀ ਰਾਮ ਚੰਦਰ ਦੇ ਜਨਮ ਦਾ ਉਤਸਵ ਨਹੀਂ, ਸਗੋਂ ਆਤਮ-ਚਿੰਤਨ ਤੇ ਆਤਮ-ਅਨੁਸ਼ਾਸਨ ਦਾ ਮੌਕਾ ਵੀ ਹੈ। ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਸੱਚੀ ਭਗਤੀ ਕੇਵਲ ਮੰਦਰਾਂ ਵਿਚ ਪੂਜਾ ਕਰਨ ਨਾਲ ਨਹੀਂ, ਸਗੋਂ ਆਪਣੇ ਚਰਿੱਤਰ ਵਿਚ ਸੱਚ, ਮਰਿਆਦਾ ਤੇ ਕਰਤੱਵ ਨੂੰ ਅਪਣਾਉਣ ਨਾਲ ਹੁੰਦੀ ਹੈ।
ਮੋਬਾਈਲ : 90412-95900