![]()
ਵਧਦੀ ਉਮਰ ਨਾਲ ਯਾਦ ਸ਼ਕਤੀ ਦਾ ਸਿੱਧਾ ਸੰਬੰਧ ਹੈ | ਜਿਸ ਤਰ੍ਹਾਂ ਸਰੀਰ ਦੇ ਹੋਰ ਅੰਗ ਪ੍ਰਭਾਵਿਤ ਹੁੰਦੇ ਹਨ, ਉਸੇ ਤਰ੍ਹਾਂ ਯਾਦ ਸ਼ਕਤੀ ਵੀ ਪ੍ਰਭਾਵਿਤ ਹੁੰਦੀ ਹੋਵੇਗੀ ਪਰ ਯਾਦ ਸ਼ਕਤੀ ਦੇ ਕਮਜ਼ੋਰ ਹੋਣ ਨਾਲ ਜੋ ਉਲਝਣ ਪੈਦਾ ਹੁੰਦੀ ਹੈ ਅਤੇ ਪ੍ਰੇਸ਼ਾਨੀ ਹੁੰਦੀ ਹੈ ਉਹ ਬਹੁਤ ਤਕਲੀਫ਼ ਦਿੰਦੀ ਹੈ | ਰਾਹ ਚਲਦੇ ਕੋਈ ਮਿਲਦਾ ਹੈ, ਦੁਆ ਸਲਾਮ ਕਰਦਾ ਹੈ, ਹਾਲ-ਚਾਲ ਪੁੱਛਦਾ ਹੈ ਤਾਂ ਅਸੀਂ ਉਸ ਦੇ ਸਵਾਲਾਂ ਦੇ ਜਵਾਬ ਹਾਂ-ਹੂੰ ਵਿਚ ਦਿੰਦੇ ਰਹਿੰਦੇ ਹਾਂ ਪਰ ਦਿਮਾਗ਼ ਇਸੇ ਉਲਝਣ ਵਿਚ ਰਹਿੰਦਾ ਹੈ ਕਿ ਇਹ ਸੱਜਣ ਆਿਖ਼ਰ ਹੈ ਕੌਣ?
ਸਾਡੇ ਇਕ ਸਿਆਣੇ ਅਨੁਭਵੀ ਸੀਨੀਅਰ ਸਾਥੀ ਦੀ ਸਲਾਹ ਹੈ ਕਿ ਉਪਰੋਕਤ ਸਥਿਤੀ ਵਿਚ ਸਿੱਧੇ ਸਪੱਸ਼ਟ ਕਹਿ ਦੇਣਾ ਹੀ ਠੀਕ ਹੈ ਕਿ 'ਫਿਲਹਾਲ ਮੈਂ ਤੁਹਾਨੂੰ ਪਛਾਣ ਨਹੀਂ ਰਿਹਾ ਹਾਂ |' ਇਕ ਪ੍ਰਸਿੱਧ ਚਿੰਤਕ ਅਤੇ ਲੇਖਕ ਨੇ ਕੁਝ ਹੋਰ ਹੀ ਤਰਕੀਬ ਕੱਢੀ ਹੈ | ਜਦੋਂ ਉਨ੍ਹਾਂ ਨੂੰ ਕਿਸੇ ਨੂੰ ਮਿਲਣ ਵਾਲੇ ਦਾ ਨਾਂਅ ਯਾਦ ਨਹੀਂ ਆਉਂਦਾ ਤਾਂ ਇਕ ਕਾਗਜ਼ ਉਸ ਦੇ ਸਾਹਮਣੇ ਵਧਾ ਕੇ ਕਹਿੰਦੇ ਹਨ ਕਿ ਭਰਾ ਆਪਣਾ ਮੌਜੂਦਾ ਪਤਾ-ਟਿਕਾਣਾ ਇਸ 'ਤੇ ਲਿਖ ਦੇ | ਪਰ ਕਦੀ ਕਦੀ ਇਹ ਤਰਕੀਬ ਵੀ ਕੰਮ ਨਹੀਂ ਕਰਦੀ |
ਇਸੇ ਤਰ੍ਹਾਂ ਬਹੁਤ ਵਾਰ ਕੁਝ ਲਿਖਦੇ ਸਮੇਂ ਸਾਨੂੰ ਕੋਈ ਸ਼ਬਦ ਯਾਦ ਨਹੀਂ ਆਉਂਦਾ | ਹਰ ਤਰ੍ਹਾਂ ਦੀ ਕੋਸ਼ਿਸ਼ ਕਰਨ 'ਤੇ ਵੀ ਉਹ ਸ਼ਬਦ ਵਿਸ਼ੇਸ਼ ਪਕੜ ਵਿਚ ਨਹੀਂ ਆਉਂਦਾ ਤੇ ਵਾਰ-ਵਾਰ ਚੇਤੇ ਕਰਨ 'ਤੇ ਯਾਦ ਨਹੀਂ ਆਉਂਦਾ | ਦਿਮਾਗ਼ ਉਲਝ ਕੇ ਰਹਿ ਜਾਂਦਾ ਹੈ | ਸਮਝਦਾਰ ਲੋਕ ਦੱਸਦੇ ਹਨ ਕਿ ਉਸ ਸਮੇਂ ਉਸ ਸ਼ਬਦ ਦੀ ਭਾਲ ਦੀ ਕੋਸ਼ਿਸ਼ ਛੱਡ ਦੇਣ ਨਾਲ ਕੁਝ ਦੇਰ ਬਾਅਦ ਆਪਣੇ-ਆਪ ਉਹ ਸ਼ਬਦ ਧਿਆਨ ਵਿਚ ਆ ਜਾਂਦਾ ਹੈ |
ਗੱਲਬਾਤ ਦੌਰਾਨ ਵੀ ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਕਿਸੇ ਆਦਮੀ ਦਾ ਨਾਂਅ, ਥਾਂ ਦਾ ਨਾਂਅ, ਚੀਜ਼ ਦਾ ਨਾਂਅ, ਤਰੀਕ ਆਦਿ ਦਿਮਾਗ਼ ਵਿਚੋਂ ਵਿਸਰ ਜਾਂਦੇ ਹਨ | ਸਾਡੇ ਨਾਲ ਹੀ ਕਈ ਵਾਰ ਹੋਇਆ ਹੈ ਕਿ ਸਬਜ਼ੀ ਲੈਣ ਸਬਜ਼ੀ ਮੰਡੀ ਗਏ | ਪਤਨੀ ਨੇ ਕੁਝ ਦੱਸਿਆ ਸੀ, ਅਸੀਂ ਕੁਝ ਹੋਰ ਹੀ ਚੁੱਕ ਲਿਆਂਦਾ | ਇਸੇ ਤਰ੍ਹਾਂ ਕਰਿਆਨੇ ਦੀ ਦੁਕਾਨ 'ਤੇ ਤਾਂ ਪਹੁੰਚ ਗਏ ਪਰ ਉਥੇ ਯਾਦ ਹੀ ਨਹੀਂ ਆਇਆ ਕਿ ਲੈਣ ਕੀ ਆਏ ਸੀ | ਅਚਾਨਕ ਹੀ ਨਵੀਂ ਰਚਨਾ ਦਾ ਕੋਈ ਵਿਸ਼ਾ ਸੁੱਝ ਜਾਵੇ ਪਰ ਜ਼ਰਾ ਜਿੰਨੀ ਦੇਰ ਵਿਚ ਹੀ ਉਹ ਧਿਆਨ ਵਿਚੋਂ ਨਿਕਲ ਜਾਂਦਾ ਹੈ | ਅਸੀਂ ਤਾਂ ਹੁਣ ਇਸ ਦਾ ਸਿੱਧਾ ਹੱਲ ਲੱਭ ਲਿਆ ਹੈ | ਤੁਰੰਤ ਕਾਗਜ਼ 'ਤੇ ਨੋਟ ਕਰ ਲਓ | ਨਾ ਯਾਦ ਸ਼ਕਤੀ 'ਤੇ ਜ਼ੋਰ ਦੇਣ ਦੀ ਜ਼ਰੂਰਤ ਅਤੇ ਨਾ ਦਿਮਾਗ਼ ਨੂੰ ਉਲਝਾਉਣ ਦੀ |
ਯਾਦ-ਵਿਗਿਆਨ ਦੇ ਜਾਣਕਾਰ ਦੱਸਦੇ ਹਨ ਕਿ ਯਾਦ ਸ਼ਕਤੀ ਨੂੰ ਨਾ ਸਿਰਫ਼ ਕਾਇਮ ਰੱਖਿਆ ਜਾ ਸਕਦਾ ਹੈ ਸਗੋਂ ਉਸ ਵਿਚ ਸੁਧਾਰ ਵੀ ਲਿਆਂਦਾ ਜਾ ਸਕਦਾ ਹੈ | ਅਸੀਂ ਬੱਚਿਆਂ ਨੂੰ ਹੀ ਦੇਖੀਏ | ਉਨ੍ਹਾਂ ਨੂੰ ਪਹਾੜੇ ਤਾਂ ਯਾਦ ਨਹੀਂ ਹੁੰਦੇ ਪਰ ਫਿਲਮਾਂ ਦੇ ਗਾਣੇ ਢੇਰਾਂ ਯਾਦ ਹੋ ਜਾਂਦੇ ਹਨ | ਕਾਰਨ ਇਹੀ ਹੈ ਕਿ ਜਿਸ ਚੀਜ਼ ਵਿਚ ਵਿਅਕਤੀ ਦੀ ਰੁਚੀ ਹੋਵੇ, ਉਹ ਉਸ ਨੂੰ ਯਾਦ ਰਹਿੰਦੀ ਹੈ | ਜਿਨ੍ਹਾਂ ਗੱਲਾਂ ਨੂੰ ਅਸੀਂ ਯਾਦ ਰੱਖਣਾ ਚਾਹੁੰਦੇ ਹਾਂ, ਜ਼ਰੂਰੀ ਹੈ ਕਿ ਉਨ੍ਹਾਂ ਵਿਚ ਅਸੀਂ ਦਿਲਚਸਪੀ ਲਈਏ | ਇਸੇ ਤਰ੍ਹਾਂ ਜਿਨ੍ਹਾਂ ਗੱਲਾਂ ਨੂੰ ਸਾਨੂੰ ਵਾਰ-ਵਾਰ ਦੁਹਰਾਉਣ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ, ਉਹ ਸਾਨੂੰ ਨਹੀਂ ਭੁੱਲਦੀਆਂ |
ਕਿਸੇ ਲੰਮੀ ਗੱਲਬਾਤ ਜਾਂ ਭਾਸ਼ਨ ਨੂੰ ਯਾਦ ਰੱਖਣ ਦਾ ਇਕ ਢੰਗ ਇਹ ਹੈ ਕਿ ਉਸ ਦੀਆਂ ਚਾਰ ਪੰਜ ਮੁੱਖ ਮੁੱਖ ਗੱਲਾਂ ਨੂੰ ਨੋਟ ਕਰ ਲਓ | ਬਾਕੀ ਸਭ ਉਸ ਦੇ ਹਵਾਲੇ ਨਾਲ ਆਪਣੇ ਆਪ ਯਾਦ ਆਉਂਦਾ ਜਾਵੇਗਾ | ਕਿਸੇ ਨਾਂਅ, ਥਾਂ, ਗੱਲ ਨੂੰ ਯਾਦ ਰੱਖਣ ਦਾ ਇਕ ਅਜ਼ਮਾਇਆ ਹੋਇਆ ਢੰਗ ਇਹ ਵੀ ਹੈ ਕਿ ਉਸ ਦੇ ਕਿਸੇ ਇਸ ਤਰ੍ਹਾਂ ਦੀ ਚੀਜ਼ ਨਾਲ ਸੰਬੰਧ ਕਰ ਲਿਆ ਜਾਵੇ ਜਿਸ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ | ਹੜਬੜੀ ਨਾ ਕਰੋ, ਕਿਸੇ ਤੋਂ ਨਵੀਂ ਜਾਣਕਾਰੀ ਨੂੰ ਯਾਦ ਹੋਣ ਲਈ ਖੁੱਲ੍ਹਾ ਸਮਾਂ ਦਿਓ | ਇਕੱਠੀ ਲੰਮੀ ਗੱਲਬਾਤ, ਪੜ੍ਹਨ, ਸੋਚਣ ਨਾ ਕਰਕੇ ਵਿਚਾਲੇ-ਵਿਚਾਲੇ ਵਿਰਾਮ ਲੈਣ ਦੀ ਆਦਤ ਪਾਓ | ਜਿਨ੍ਹਾਂ ਤੱਥਾਂ ਤੇ ਅੰਕੜਿਆਂ ਨੂੰ ਯਾਦ ਰੱਖਣਾ ਚਾਹੁੰਦੇ ਹੋ, ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣ ਅਤੇ ਸਮਝ ਲਓ | ਕਿਸੇ ਨਵੇਂ ਵਿਅਕਤੀ ਨਾਲ ਜਾਣ-ਪਛਾਣ ਹੋਣ 'ਤੇ ਗੱਲਬਾਤ ਵਿਚ ਉਸ ਦਾ ਨਾਂਅ ਦੁਹਰਾਉਂਦੇ ਰਹੋ | ਆਪਣੇ ਨਿੱਜੀ ਅਨੁਭਵ ਤੋਂ ਵੀ ਸਾਨੂੰ ਕੁਝ ਇਸ ਤਰ੍ਹਾਂ ਦੇ ਢੰਗ ਵਿਚ ਆਉਂਦੇ ਹਨ ਜਿਨ੍ਹਾਂ ਦੀ ਵਰਤੋਂ ਨਾਲ ਅਸੀਂ ਯਾਦ ਸ਼ਕਤੀ ਦੀ ਲੁਕਣਛਿਪੀ ਤੋਂ ਬਚ ਸਕਦੇ ਹਾਂ |
ਯਾਦਦਾਸ਼ਤ ਦੀ ਘਾਟ ਅਤੇ ਭੁਲੱਕੜ ਬਣਨ ਵਾਲੇ ਤੁਸੀਂ ਇਕੱਲੇ ਨਹੀਂ ਹੋ | ਆਬਾਦੀ ਦਾ ਇਕ ਵੱਡਾ ਹਿੱਸਾ ਤੁਹਾਡੇ ਵਰਗਾ ਹੈ | ਝਿਜਕੋ ਨਾ, ਸ਼ਰਮਾਓ ਨਾ | ਆਪਣੇ ਆਪ ਨੂੰ ਕੋਸੋ ਨਾ | ਉੱਪਰ ਲਿਖੇ ਟੋਟਕੇ ਅਜ਼ਮਾਓ ਅਤੇ ਸਭ ਤੋਂ ਵੱਧ ਯਾਦਦਾਸ਼ਤ ਦੀ ਲੁਕਣਮੀਟੀ 'ਤੇ ਮੁਸਕਰਾਉਣ ਦੀ ਆਦਤ ਪਾਓ |
-0-