ਝੋਨਾ ਸਾਉਣੀ ਦੀ ਮੁੱਖ ਅਤੇ ਮਹੱਤਵਪੂਰਨ ਫ਼ਸਲ ਹੈ। ਇਸ ਨੂੰ ਵਧਣ-ਫੁੱਲਣ ਲਈ ਵੱਧ ਤਾਪਮਾਨ, ਸਿੱਲ੍ਹ, ਜ਼ਿਆਦਾ ਧੁੱਪ ਅਤੇ ਪਾਣੀ ਦੀ ਜ਼ਰੂਰਤ ਹੁੰਦੀ ਹੈ। ਬੂਟਿਆਂ ਦੇ ਸਹੀ ਵਾਧੇ ਲਈ 20-37.5 ਡਿਗਰੀ ਤਾਪਮਾਨ ਦੀ ਲੋੜ ਹੁੰਦੀ ਹੈ। ਵੱਖਰੀਆਂ-ਵੱਖਰੀਆਂ ਕਿਸਮਾਂ ਵੱਖਰੀ-ਵੱਖਰੀ ਨਮੀ ਦੀ ਮਾਤਰਾ ਵਿਚ ਵਧਦੀਆਂ-ਫੁੱਲਦੀਆਂ ਹਨ। ਅਗੇਤੀ ਪੱਕਣ ਵਾਲੀਆਂ ਕਿਸਮਾਂ ਨੂੰ ਵੱਧ ਸਿੱਲ੍ਹ (83-85%) ਅਤੇ ਪਛੇਤੀਆਂ ਕਿਸਮਾਂ ਨੂੰ ਘੱਟ ਸਿੱਲ੍ਹ (67-68%) ਦੀ ਲੋੜ ਹੁੰਦੀ ਹੈ। ਵਧਦੀ ਹੋਈ ਮੰਗ ਅਤੇ ਖਪਤ ਝੋਨੇ ਦੀ ਕਾਸ਼ਤ ਨੂੰ ਵਧਾਉਂਦੀ ਹੈ, ਪਰ ਬਦਲਦੇ ਮੌਸਮ, ਵੱਧ ਨਮੀ ਅਤੇ ਕੀੜਿਆਂ ਤੇ ਬਿਮਾਰੀਆਂ ਦੇ ਵਧਦੇ ਪ੍ਰਕੋਪ ਕਾਰਨ ਕਈ ਨਵੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ਅਤੇ ਝੋਨੇ 'ਤੇ ਆਉਣ ਵਾਲੀਆਂ ਬਿਮਾਰੀਆਂ ਇਸ ਦੀ ਕਾਸ਼ਤ ਵਿਚ ਰੁਕਾਵਟ ਪਾਉਂਦੀਆਂ ਹਨ। ਇਨ੍ਹਾਂ ਵਿਚ ਮਧਰੇਪਣ ਦਾ ਰੋਗ ਇਕ ਮਹੱਤਵਪੂਰਨ ਵਿਸ਼ਾਣੂ ਰੋਗ ਹੈ, ਜੋ ਮੁੱਖ ਤੌਰ 'ਤੇ ਚਿੱਟੀ ਪਿੱਠ ਵਾਲੇ ਟਿੱਡੇ ਰਾਹੀਂ ਇਕ ਬੂਟੇ ਤੋਂ ਦੂਜੇ ਬੂਟੇ ਤੱਕ ਫੈਲਦਾ ਹੈ। ਇਸ ਰੋਗ ਦਾ ਕੋਈ ਸਿੱਧਾ ਇਲਾਜ ਨਹੀਂ ਹੈ, ਇਸ ਲਈ ਸਮੇਂ ਸਿਰ ਨਿਗਰਾਨੀ, ਟਿੱਡੇ ਦੀ ਸੁਚੱਜੀ ਰੋਕਥਾਮ ਹੀ ਇਸ ਤੋਂ ਬਚਾਅ ਦਾ ਸਭ ਤੋਂ ਵਧੀਆ ਤਰੀਕਾ ਹੈ।
ਮਧਰੇਪਣ ਦੀਆਂ ਨਿਸ਼ਾਨੀਆਂ ਤੇ ਫੈਲਾਅ-ਇਸ ਰੋਗ ਦਾ ਹਮਲਾ ਜੁਲਾਈ ਤੋਂ ਅਕਤੂਬਰ ਵਿਚ ਜ਼ਿਆਦਾ ਹੁੰਦਾ ਹੈ। ਬਿਮਾਰੀ ਹੇਠ ਆਏ ਬੂਟੇ ਛੋਟੇ ਅਤੇ ਮਧਰੇ ਰਹਿ ਜਾਂਦੇ ਹਨ। ਪੱਤੇ ਨੁਕੀਲੇ, ਜੜ੍ਹਾਂ ਦਾ ਵਿਕਾਸ ਸਿਹਤਮੰਦ ਬੂਟਿਆਂ ਨਾਲੋਂ ਘੱਟ ਹੁੰਦਾ ਹੈ ਅਤੇ ਜੜ੍ਹਾਂ ਵੀ ਘੱਟ ਡੂੰਘੀਆਂ ਰਹਿ ਜਾਂਦੀਆਂ ਹਨ। ਇਸ ਬਿਮਾਰੀ ਦਾ ਹਮਲਾ ਝੋਨੇ ਦੀਆਂ ਸਾਰੀਆਂ ਕਿਸਮਾਂ 'ਤੇ ਹੁੰਦਾ ਹੈ। ਜ਼ਿਆਦਾ ਹਮਲੇ ਦੀ ਸੂਰਤ ਵਿਚ ਮੁੰਜਰਾਂ ਖਾਲੀ ਰਹਿ ਜਾਂਦੀਆਂ ਹਨ, ਬੂਟੇ ਮੁਰਝਾ ਕੇ ਸੁੱਕ ਜਾਂਦੇ ਹਨ ਅਤੇ ਝਾੜ ਵਿਚ ਕਾਫੀ ਨੁਕਸਾਨ ਹੋ ਜਾਂਦਾ ਹੈ। ਇਕ ਬੂਟੇ ਤੋਂ ਦੂਜੇ ਬੂਟੇ ਦਾ ਰਸ ਚੂਸ ਕੇ ਚਿੱਟੀ ਪਿੱਠ ਵਾਲਾ ਟਿੱਡਾ ਇਹ ਰੋਗ ਫੈਲਾਉਂਦਾ ਹੈ। ਇਸ ਰੋਗ ਦੇ ਵਾਧੇ ਨੂੰ ਰੋਕਣ ਲਈ ਚਿੱਟੀ ਪਿੱਠ ਵਾਲੇ ਟਿੱਡੇ ਨੂੰ ਕੀਟਨਾਸ਼ਕਾਂ ਦੇ ਛਿੜਕਾਅ ਨਾਲ ਰੋਕਿਆ ਜਾ ਸਕਦਾ ਹੈ।
ਚਿੱਟੀ ਪਿੱਠ ਵਾਲੇ ਟਿੱਡੇ ਦੀ ਪਛਾਣ-ਇਸ ਕੀੜੇ ਦੇ ਨਵੇਂ ਨਿਕਲੇ ਬੱਚੇ (ਨਿੰਫ) ਸ਼ੁਰੂ ਵਿਚ ਹਲਕੇ ਸਲੇਟੀ-ਚਿੱਟੇ ਰੰਗ ਦੇ ਹੁੰਦੇ ਹਨ। ਜਿਵੇਂ-ਜਿਵੇਂ ਇਹ ਵੱਡੇ ਹੁੰਦੇ ਹਨ, ਇਨ੍ਹਾਂ ਦਾ ਰੰਗ ਗੂੜ੍ਹਾ ਸਲੇਟੀ ਹੋ ਜਾਂਦਾ ਹੈ। ਇਸ ਦੇ ਵੱਡੇ ਕੀੜੇ (ਬਾਲਗ) ਦੀ ਪਿੱਠ ਉੱਤੇ ਇਕ ਬਾਰੀਕ ਚਿੱਟੀ ਲਕੀਰ ਹੁੰਦੀ ਹੈ, ਜਿਸ ਕਰਕੇ ਇਸ ਦੀ ਪਛਾਣ ਆਸਾਨੀ ਨਾਲ ਹੋ ਜਾਂਦੀ ਹੈ। ਇਸ ਤੋਂ ਇਲਾਵਾ ਅਗਲੇ ਖੰਭਾਂ ਦੇ ਪਿਛਲੇ ਹਿੱਸੇ ਦੇ ਵਿਚਕਾਰ ਇਕ ਕਾਲਾ ਧੱਬਾ ਵੀ ਸਾਫ਼ ਦਿਖਾਈ ਦਿੰਦਾ ਹੈ।
ਟਿੱਡਿਆਂ ਦਾ ਸਰਵੇਖਣ-ਪਨੀਰੀ ਲਗਾਉਣ ਤੋਂ ਲੈ ਕੇ ਫ਼ਸਲ ਦੀ ਸ਼ੁਰੂਆਤੀ ਅਵਸਥਾ ਤੱਕ ਖੇਤ ਦਾ ਨਿਯਮਿਤ ਨਿਰੀਖਣ ਕਰਦੇ ਰਹੋ। ਖੇਤ ਦੇ ਵੱਖ-ਵੱਖ ਥਾਵਾਂ ਤੋਂ ਕੁਝ ਬੂਟਿਆਂ ਨੂੰ ਹੌਲੀ-ਹੌਲੀ ਹੇਠਾਂ ਵੱਲ ਝੁਕਾ ਕੇ 2-3 ਵਾਰ ਝਾੜੋ। ਜੇ ਨਿੰਫ (ਛੋਟੇ ਬੱਚੇ) ਜਾਂ ਵੱਡੇ ਟਿੱਡੇ ਪਾਣੀ ਦੀ ਸਤ੍ਹਾ 'ਤੇ ਤੈਰਦੇ ਨਜ਼ਰ ਆਉਣ ਤਾਂ ਸਿਫ਼ਾਰਸ਼ ਕੀਤੇ ਕੀਟਨਾਸ਼ਕਾਂ ਦਾ ਤੁਰੰਤ ਛਿੜਕਾਅ ਕਰੋ। ਟਿੱਡੇ ਦੀ ਆਮਦ ਦਾ ਸਮੇਂ ਸਿਰ ਪਤਾ ਲਗਾਉਣ ਲਈ ਰਾਤ ਵੇਲੇ ਪਨੀਰੀ ਜਾਂ ਖੇਤ ਦੇ ਨੇੜੇ ਬੱਲਬ ਵੀ ਜਗਾਇਆ ਜਾ ਸਕਦਾ ਹੈ ਕਿਉਂਕਿ ਇਹ ਕੀੜਾ ਰੌਸ਼ਨੀ ਵੱਲ ਆਕਰਸ਼ਿਤ ਹੁੰਦਾ ਹੈ।
ਸਰਬਪੱਖੀ ਰੋਕਥਾਮ
ਖੇਤਾਂ ਦੀ ਸਾਫ਼ ਸਫ਼ਾਈ-ਖੇਤ ਦੀਆਂ ਵੱਟਾਂ, ਖਾਲ ਅਤੇ ਆਲੇ-ਦੁਆਲੇ ਵਾਲੀਆਂ ਥਾਵਾਂ ਨੂੰ ਨਦੀਨਾਂ ਅਤੇ ਘਾਹ-ਫੂਸ ਤੋਂ ਸਾਫ਼ ਰੱਖੋ। ਇਸ ਨਾਲ ਟਿੱਡੇ ਨੂੰ ਲੁਕਣ ਅਤੇ ਵਧਣ ਲਈ ਅਨੁਕੂਲ ਥਾਂ ਨਹੀਂ ਮਿਲਦੀ ਅਤੇ ਇਸ ਦਾ ਹਮਲਾ ਘੱਟ ਹੁੰਦਾ ਹੈ।
ਖਾਦਾਂ ਦੀ ਸੰਤੁਲਿਤ ਵਰਤੋਂ-ਝੋਨੇ ਅਤੇ ਬਾਸਮਤੀ ਵਿਚ ਯੂਰੀਆ ਖਾਦ ਸਿਫ਼ਾਰਸ਼ ਕੀਤੀ ਮਾਤਰਾ ਵਿਚ ਹੀ ਪਾਓ। ਲੋੜ ਤੋਂ ਵੱਧ ਯੂਰੀਆ ਪਾਉਣ ਨਾਲ ਬੂਟੇ ਬਹੁਤ ਨਰਮ ਅਤੇ ਹਰੇ-ਭਰੇ ਹੋ ਜਾਂਦੇ ਹਨ, ਜੋ ਟਿੱਡੇ ਦੇ ਵਾਧੇ ਲਈ ਅਨੁਕੂਲ ਹੁੰਦੇ ਹਨ। ਇਸ ਤੋਂ ਇਲਾਵਾ ਝੋਨੇ ਅਤੇ ਬਾਸਮਤੀ ਵਿਚ ਹਰੀ ਖਾਦ ਤੋਂ ਬਾਅਦ ਵਾਧੂ ਯੂਰੀਆ ਖਾਦ ਪਾਉਣ ਤੋਂ ਵੀ ਪ੍ਰਹੇਜ਼ ਕਰੋ।
ਪਾਣੀ ਦਾ ਸਹੀ ਪ੍ਰਬੰਧ-ਪਨੀਰੀ ਲਾਉਣ ਤੋਂ ਬਾਅਦ ਵਤਰੇਵਾਂ ਪਾਣੀ ਲਗਾਓ ਅਤੇ ਧਿਆਨ ਰੱਖੋ ਕਿ ਪੈਲੀ ਦੀਆਂ ਤੇੜਾਂ ਨਾ ਪਾਟਣ।
ਰੋਗੀ ਬੂਟਿਆਂ ਨੂੰ ਕੱਢਣਾ-ਖੇਤ ਵਿਚ ਜਿਵੇਂ ਹੀ ਮਧਰੇ ਬੂਟੇ ਨਜ਼ਰ ਆਉਣ ਉਨ੍ਹਾਂ ਨੂੰ ਤੁਰੰਤ ਪੁੱਟ ਕੇ ਖੇਤ ਵਿਚੋਂ ਬਾਹਰ ਕੱਢੋ ਅਤੇ ਡੂੰਘਾ ਦੱਬ ਦਿਓ। ਇਸ ਨਾਲ ਰੋਗ ਦੀ ਹੋਰ ਬੂਟਿਆਂ ਵਿਚ ਫੈਲਣ ਦੀ ਸੰਭਾਵਨਾ ਘਟ ਜਾਂਦੀ ਹੈ।
ਰਸਾਇਣਕ ਰੋਕਥਾਮ-ਚਿੱਟੀ ਪਿੱਠ ਵਾਲਾ ਟਿੱਡਾ ਬੂਟਿਆਂ ਦੇ ਮੁੱਢ ਅਤੇ ਜੜ੍ਹਾਂ ਦੇ ਨੇੜੇ ਰਹਿ ਕੇ ਰਸ ਚੂਸਦਾ ਹੈ। ਇਸ ਲਈ ਹਰ ਹਫ਼ਤੇ ਖੇਤ ਦਾ ਨਿਯਮਿਤ ਦੌਰਾ ਕਰੋ। ਖੇਤ ਦੇ ਵੱਖ-ਵੱਖ ਹਿੱਸਿਆਂ ਤੋਂ ਕੁਝ ਬੂਟੇ ਚੁਣ ਕੇ ਉਨ੍ਹਾਂ ਨੂੰ ਹੌਲੀ-ਹੌਲੀ ਝਾੜੋ ਅਤੇ ਟਿੱਡਿਆਂ ਦੀ ਗਿਣਤੀ ਕਰੋ। ਜੇ ਪ੍ਰਤੀ ਬੂਟਾ 5 ਜਾਂ ਇਸ ਤੋਂ ਵੱਧ ਟਿੱਡੇ ਨਜ਼ਰ ਆਉਣ ਤਾਂ ਹੇਠ ਦਿੱਤੇ ਕੀਟਨਾਸ਼ਕਾਂ ਵਿਚੋਂ ਕਿਸੇ ਇਕ ਦਾ 100 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਜਿਸ ਥਾਂ ਟਿੱਡੇ ਦਾ ਹਮਲਾ ਦਿਖਾਈ ਦੇਵੇ, ਉਸ ਥਾਂ ਦੇ 3-4 ਮੀਟਰ ਆਲੇ-ਦੁਆਲੇ ਵੀ ਕੀਟਨਾਸ਼ਕ ਦਾ ਛਿੜਕਾਅ ਜ਼ਰੂਰ ਕਰੋ ਕਿਉਂਕਿ ਟਿੱਡੇ ਆਮ ਤੌਰ 'ਤੇ ਉਨ੍ਹਾਂ ਥਾਵਾਂ 'ਤੇ ਵੱਧ ਗਿਣਤੀ ਵਿਚ ਪਾਏ ਜਾਂਦੇ ਹਨ।
ਸਾਵਧਾਨੀਆਂ
d ਖੇਤੀ ਜ਼ਹਿਰਾਂ ਦੀ ਵਰਤੋਂ ਸਿਰਫ਼ ਸਿਫ਼ਾਰਸ਼ ਮਾਤਰਾ ਅਤੇ ਲੋੜ ਪੈਣ 'ਤੇ ਹੀ ਕਰਨੀ ਚਾਹੀਦੀ ਹੈ।
d ਇਕੋ ਕੀਟਨਾਸ਼ਕ ਦੀ ਵਾਰ-ਵਾਰ ਵਰਤੋਂ ਕਰਨ ਦੀ ਬਜਾਏ ਇਨ੍ਹਾਂ ਨੂੰ ਅਦਲ-ਬਦਲ ਕੇ ਵਰਤਣਾ ਚਾਹੀਦਾ ਹੈ।
d ਛਿੜਕਾਅ ਕਰਦੇ ਸਮੇਂ ਟ੍ਰਿਪਲ-ਐਕਸ਼ਨ ਨੋਜ਼ਲ ਵਾਲੇ ਨੈਪਸੈਕ ਸਪ੍ਰੇਅਰ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਫੁਹਾਰੇ ਦਾ ਮੂੰਹ ਬੂਟਿਆਂ ਦੇ ਮੁੱਢ ਵੱਲ ਰੱਖਣਾ ਚਾਹੀਦਾ ਹੈ ਤਾਂ ਜੋ ਕੀਟਨਾਸ਼ਕ ਹੇਠਲੇ ਹਿੱਸੇ ਤੱਕ ਪਹੁੰਚ ਸਕੇ, ਜਿੱਥੇ ਟਿੱਡੇ ਵੱਧ ਹੁੰਦੇ ਹਨ।
d ਬਿਨਾਂ ਲੋੜ ਸਿੰਥੈਟਿਕ ਪਾਇਰਥਰਾਇਡ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਲਾਭਕਾਰੀ ਕੀੜਿਆਂ ਨੂੰ ਵੀ ਨਸ਼ਟ ਕਰ ਦਿੰਦੇ ਹਨ।
-ਪੀ.ਏ.ਯੂ., ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ।