ਗੁਲਦਾਉਦੀ ਇਕ ਮਹਤੱਵਪੂਰਨ ਫੁੱਲਾਂ ਦੀ ਕਿਸਮ ਹੈ, ਜਿਸ ਨੂੰ ਲਾਉਣ ਦਾ ਇਹ ਢੁਕਵਾਂ ਸਮਾਂ ਹੈ। ਇਸ ਦੀਆਂ ਰੂਟਿਡ ਕਇੰਗਾਂ ਪਾਰਕਾਂ ਤੇ ਘਰੇਲੂ ਗਮਲਿਆਂ 'ਚ ਅੱਜ-ਕੱਲ੍ਹ ਆਸਾਨੀ ਨਾਲ ਲਾਈਆਂ ਜਾ ਸਕਦੀਆਂ ਹਨ। ਇਨ੍ਹਾਂ ਦੇ ਫੁੱਲਾਂ ਦੀ ਬਹਾਰ ਅਕਤੂਬਰ ਤੋਂ ਦਸੰਬਰ ਤੱਕ ਰਹਿੰਦੀ ਹੈ। ਦਸੰਬਰ 'ਚ ਗੁਲਦਾਉਦੀ ਫੁੱਲਾਂ ਦੀਆਂ ਨੁਮਾਇਸ਼ਾਂ ਅਤੇ ਮੁਕਾਬਲੇ ਵੱਖੋ-ਵੱਖ ਸੰਸਥਾਵਾਂ ਵਲੋਂ ਕਰਾਏ ਜਾਂਦੇ ਹਨ। ਇਨ੍ਹਾਂ 'ਚ ਹਿੱਸਾ ਲੈ ਕੇ ਇਨਾਮ ਜਿੱਤੇ ਜਾ ਸਕਦੇ ਹਨ। ਨੌਜਵਾਨ ਲੜਕੇ-ਲੜਕੀਆਂ ਘਰ ਬੈਠੇ ਵਪਾਰਕ ਤੌਰ 'ਤੇ ਗੁਲਦਾਉਦੀ ਲਾ ਸਕਦੇ ਹਨ। ਗੁਲਦਾਉਦੀ ਦੇ ਫੁੱਲਾਂ ਨਾਲ ਭਰਿਆ ਇਕ ਗਮਲਾ 200-300 ਰੁਪਏ ਤੱਕ ਵਿਕ ਜਾਂਦਾ ਹੈ। ਗੁਲਦਾਉਦੀ ਦੀਆਂ ਸਟੈਂਡਰਡ ਤੇ ਸਪਰੇ ਦੋ ਕਿਸਮਾਂ ਹੁੰਦੀਆਂ ਹਨ। ਦੋਵੇਂ ਕਿਸਮਾਂ 'ਚ ਵੱਖੋ-ਵੱਖ ਰੰਗ ਮਿਲ ਜਾਂਦੇ ਹਨ। ਸਪਰੇ ਕਿਸਮ ਦੇ ਗੁਲਦਾਉਦੀ ਦੇ ਫੁੱਲਾਂ ਦੀ ਵਰਤੋਂ ਬੁੱਕੇ, ਹਾਰ, ਲੜੀਆਂ, ਕੱਟ ਫਲਾਵਰ ਅਤੇ ਫਲਾਵਰ ਅਰੈਂਜਮੇਂਟ ਆਦਿ 'ਚ ਕੀਤੀ ਜਾਂਦੀ ਹੈ। ਗੁਲਦਾਉਦੀ ਦੇ ਵਧੀਆ ਕਿਸਮ ਦੇ ਫੁੱਲ ਪੈਦਾ ਕਰਨ ਲਈ ਤਕਨੀਕੀ ਗਿਆਨ ਤੇ ਜਾਣਕਾਰੀ ਹੋਣਾ ਜ਼ਰੂਰੀ ਹੈ ਜੋ ਬਾਗ਼ਬਾਨੀ ਵਿਭਾਗ, ਪੰਜਾਬ ਖੇਤੀ ਯੂਨੀਵਰਸਿਟੀ ਅਤੇ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਦੇ ਮਾਹਿਰਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਫੁੱਲਾਂ ਦੀ ਚੰਗੀ ਪੈਦਾਵਾਰ ਲਈ ਸਮੇਂ-ਸਮੇਂ 'ਤੇ ਗੋਡੀ, ਖਾਦ ਤੇ ਕੀੜੇਮਾਰ ਦਵਾਈਆਂ ਦੀ ਸਪਰੇਅ ਆਦਿ ਜ਼ਰੂਰੀ ਹਨ।
ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਵਲੋਂ ਗੁਲਦਾਉਦੀ ਦੀਆਂ ਕਈ ਕਿਸਮਾਂ ਜਿਵੇਂ ਪੂਸਾ ਸੋਨਾ, ਪੂਸਾ ਅਰੁਣੋਦਿਆ, ਪੂਸਾ ਕੇਸਰੀ, ਪੂਸਾ ਆਦਿਤਿਆ, ਪੂਸਾ ਚਿਤਰਾਕਸ਼ਾ ਆਦਿ ਵਿਕਸਤ ਕੀਤੀਆਂ ਗਈਆਂ ਹਨ। ਗੁਲਦਾਉਦੀ ਦੇ ਅਗੇਤੇ ਫੁੱਲ ਲੈਣ ਲਈ ਪੂਸਾ ਸੋਨਾ ਕਿਸਮ ਲਾਉਣੀ ਚਾਹੀਦੀ ਹੈ, ਜੋ 20 ਦਿਨ ਪਹਿਲਾਂ ਅਕਤੂਬਰ ਦੇ ਅਖ਼ੀਰਲੇ ਹਫ਼ਤੇ ਤੋਂ ਫੁੱਲ ਦੇਣੇ ਸ਼ੁਰੂ ਕਰ ਦਿੰਦੀ ਹੈ। ਇਹ ਕਿਸਮ ਗਮਲਿਆਂ 'ਚ ਲਾਉਣ ਲਈ ਬਹੁਤ ਹੀ ਅਨੁਕੂਲ ਹੈ। ਇਸ ਦਾ ਫੇੈਲਾਅ ਵਧੀਆ (50-55 ਸੈਂ.ਮੀ.) ਹੁੰਦਾ ਹੈ। ਫੁੱਲਾਂ ਦਾ ਰੰਗ ਜ਼ਰਦ ਤੇ ਪੌਦੇ ਮਧਰੇ (25 ਕੁ ਸੈਂ.ਮੀ.) ਹੁੰਦੇ ਹਨ। ਪੂਸਾ ਅਰੁਣੋਦਿਆ ਕਿਸਮ ਦੇ ਪੌਦਿਆਂ ਦੀ ਲੰਬਾਈ ਦਰਮਿਆਨੀ (50-55 ਸੈਂ.ਮੀ.) ਤੱਕ ਹੈ। ਇਸ ਕਿਸਮ ਦਾ ਫੈਲਾਅ ਵੀ ਵਧੀਆ ਹੁੰਦਾ ਹੈ। ਫੁੱਲਾਂ ਦਾ ਘੇਰਾ 7-8 ਸੈਂ.ਮੀ. ਤੇ ਆਕਾਰ ਦੂਹਰਾ ਹੁੰਦਾ ਹੈ। ਇਸ ਕਿਸਮ ਦੇ ਫੁੱਲ ਗੁਲਾਬੀ ਰੰਗ ਦੇ ਹੁੰਦੇ ਹਨ। ਪੂਸਾ ਕੇਸਰੀ ਕਿਸਮ ਦੇ ਪੌਦੇ ਵਧੀਆ ਫੈਲਾਅ ਵਾਲੇ, ਲੰਮੇ (65-70 ਸੈਂ.ਮੀ.) ਦੇ ਹੁੰਦੇ ਹਨ। ਇਸ ਕਿਸਮ ਦੇ ਫੁੱਲਾਂ ਦਾ ਆਕਾਰ 9-10 ਸੈਂ.ਮੀ. ਤੱਕ ਹੁੰਦਾ ਹੈ। ਇਸ ਕਿਸਮ ਦੇ ਫੁੱਲ ਕਟ ਫਲਾਵਰ ਤੇ ਪੌਟ ਨੁਮਾਇਸ਼ ਦੋਵਾਂ ਉਦੇਸ਼ਾਂ ਲਈ ਇਸਤੇਮਾਲ ਕੀਤੇ ਜਾਂਦੇ ਹਨ। ਪੂਸਾ ਆਦਿਤਿਆ ਕਿਸਮ ਦਾ ਪੌਦਾ ਝਾੜੀ ਵਾਲਾ ਹੁੰਦਾ ਹੈ, ਜਿਸ ਦੀਆਂ ਸ਼ਾਖਾਵਾਂ 30-35 ਸੈਂ.ਮੀ. ਤੱਕ ਹਨ। ਪੌਦੇ ਦੀ ਉਚਾਈ 55 ਤੋਂ 60 ਸੈਂ.ਮੀ. ਹੁੰਦੀ ਹੈ ਤੇ ਫੈਲਾਅ 45 ਤੋਂ 60 ਸੈਂ.ਮੀ. ਤੱਕ ਹੁੰਦਾ ਹੈ। ਪੂਸਾ ਚਿਤਰਾਕਸ਼ਾ ਕਿਸਮ ਦਾ ਪੌਦਾ ਵੀ ਝਾੜੀ ਵਾਲਾ ਹੁੰਦਾ ਹੈ। ਇਹ ਲੰਮਾ (60 ਤੋਂ 65 ਸੈਂ.ਮੀ.) ਤੇ ਫੈਲਾਅ ਵੀ ਵਧੀਆ ਹੈ। ਇਹ ਸਪਰੇ ਕਿਸਮ ਦੀ ਸ਼੍ਰੇਣੀ 'ਚ ਆਉਂਦਾ ਹੈ। ਗਮਲਿਆਂ ਤੇ ਬਾਗ਼ਾਂ 'ਚ ਨੁਮਾਇਸ਼ ਲਈ ਅਨੁਕੂਲ ਹੈ। ਵਪਾਰਕ ਬਾਗ਼ ਲਾਉਣ ਲਈ ਇਨ੍ਹਾਂ ਕਿਸਮਾਂ ਦੇ ਬੂਟੇ ਵਪਾਰਕ ਕੰਪਨੀਆਂ ਤੋਂ ਵੀ ਉਪਲਬਧ ਹੋ ਜਾਂਦੇ ਹਨ। ਕਾਸ਼ਤਕਾਰ ਇਹ ਬੂਟੇ ਆਪ ਤਿਆਰ ਕਰਨ 'ਚ ਸਫ਼ਲ ਹੋਏ ਹਨ। ਬੂਟੇ ਤਿਆਰ ਕਰਨ ਲਈ ਆਈ.ਏ.ਆਰ.ਆਈ. ਦੇ ਮਾਹਿਰਾਂ ਤੋਂ ਅਗਵਾਈ ਲਈ ਜਾ ਸਕਦੀ ਹੈ।
ਗੁਲਦਾਉਦੀ ਨੂੰ ਤਿਆਰ ਕਰਨ ਲਈ 5 ਤੋਂ 6 ਘੰਟੇ ਧੁੱਪ ਉਪਲਬਧ ਹੋਣੀ ਚਾਹੀਦੀ ਹੈ। ਬੂਟਿਆਂ 'ਚ ਮੀਂਹ ਦਾ ਪਾਣੀ ਜ਼ਿਆਦਾ ਦੇਰ ਨਹੀਂ ਖੜ੍ਹਾ ਰਹਿਣਾ ਚਾਹੀਦਾ। ਜ਼ਿਆਦਾ ਤੇ ਵਧੀਆ ਗੁਣਵੱਤਾ ਦੇ ਫੁੱਲ ਲੈਣ ਲਈ ਸਰ੍ਹੋਂ ਦੀ ਖਲ਼ ਜਾਂ ਬੋਨ ਮੀਲ 15-20 ਦਿਨਾਂ ਦੇ ਫ਼ਰਕ ਨਾਲ ਪਾਉਣ ਦੀ ਲੋੜ ਹੈ। ਬੂਟੇ ਦੇ ਸੁੱਕੇ ਪੱਤਿਆਂ ਨੂੰ ਤੋੜ ਦੇਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਨਾਲ ਉੱਲੀ ਰੋਗ ਲੱਗ ਜਾਂਦੇ ਹਨ। ਉੱਲੀ ਰੋਗਾਂ ਤੋਂ ਬਚਾਅ ਲਈ ਬਾਵਿਸਟਨ ਜਾਂ ਮੰਡੀ 'ਚ ਆਈਆਂ ਨਵੀਆਂ ਦਵਾਈਆਂ ਦੀ ਸਪਰੇਅ ਕੀਤੀ ਜਾ ਸਕਦੀ ਹੈ। ਸੀਜ਼ਨ ਦੇ ਅਖ਼ੀਰ 'ਚ ਮੁਰਝਾਏ ਫੁੱਲ ਤੋੜ ਦੇਣੇ ਚਾਹੀਦੇ ਹਨ। ਫਿਰ ਹੋਰ ਨਵੀਂਆਂ ਬਣ ਰਹੀਆਂ ਬਡਜ਼ ਜਲਦੀ ਖਿੜ ਜਾਣਗੀਆਂ। ਬਲੂਮਿੰਗ ਸਟੇਜ 'ਤੇ ਫੁੱਲਾਂ ਨੂੰ ਪਾਣੀ ਨਹੀਂ ਲੱਗਣਾ ਚਾਹੀਦਾ, ਨਹੀਂ ਤਾਂ ਇਹ ਜਲਦੀ ਖਰਾਬ ਹੋ ਜਾਂਦੇ ਹਨ। ਕੀੜਿਆਂ ਤੋਂ ਬਚਾਅ ਲਈ 2 ਮਿ.ਲਿ. ਨੀਮ ਆਇਲ ਪ੍ਰਤੀ ਲਿਟਰ ਪਾਣੀ ਨਾਲ ਸਪਰੇਅ ਕਰਨਾ ਚਾਹੀਦਾ ਹੈ। ਗੁਲਦਾਉਦੀ ਛੋਟੇ ਫਾਰਮਾਂ ਅਤੇ ਨਿੱਜੀ ਉਤਪਾਦਕਾਂ ਵਲੋਂ ਲਾਈ ਜਾਂਦੀ ਹੈ। ਆਈ. ਸੀ. ਏ. ਆਰ-ਆਈ. ਏ. ਆਰ. ਆਈ ਦੇ ਡਾਇਰੈਕਟਰ ਤੇ ਵਾਈਸ ਚਾਂਸਲਰ ਡਾ. ਸੀ.ਐਚ. ਸ੍ਰੀਨਿਵਾਸਾ ਰਾਓ ਕਹਿੰਦੇ ਹਨ ਕਿ ਆਈ.ਏ.ਆਰ.ਆਈ. ਵਲੋਂ ਵਿਕਸਤ ਗੁਲਦਾਉਦੀ ਦੀਆਂ ਕਿਸਮਾਂ ਇਸ ਫੁੱਲ ਦੀ ਵਧ ਰਹੀ ਮੰਗ ਨੂੰ ਪੂਰਾ ਕਰ ਸਕਦੀਆਂ ਹਨ। ਇਨ੍ਹਾਂ ਕਿਸਮਾਂ ਦੀ ਗੁਣਵੱਤਾ ਤੇ ਪੈਦਾਵਾਰ ਲਾਹੇਵੰਦ ਹੈ।
ਗਮਲਿਆਂ 'ਚ ਗੁਲਦਾਉਦੀ ਤਿਆਰ ਕਰਨ ਲਈ ਬਾਗ਼ਬਾਨੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ (ਰਿਟਾ.) ਡਾ. ਸਵਰਨ ਸਿੰਘ ਮਾਨ ਕਹਿੰਦੇ ਹਨ ਕਿ ਪਹਿਲਾਂ ਮਿੱਟੀ ਦਾ ਮਿਕਸਚਰ ਤਿਆਰ ਕੀਤਾ ਜਾਵੇ, ਜਿਸ 'ਚ ਇਕ ਹਿੱਸਾ ਖੇਤ ਦੀ ਮਿੱਟੀ, ਇਕ ਹਿੱਸਾ ਚੰਗੀ ਤਰ੍ਹਾਂ ਗਲ਼ੀ ਹੋਈ ਰੂੜੀ ਦੀ ਖਾਦ ਜਾਂ ਗੰਡੋਇਆ ਖਾਦ, ਇਕ ਹਿੱਸਾ ਪੱਤਿਆਂ ਦੀ ਖਾਦ ਪਾਉਣੀ ਚਾਹੀਦੀ ਹੈ। ਗਮਲੇ ਦਾ ਆਕਾਰ 10-12 ਇੰਚ ਹੋ ਸਕਦਾ ਹੈ। ਇਕ ਕਿਊਬਿਕ ਮੀਟਰ ਮਿੱਟੀ ਦੇ ਮਿਕਸਚਰ 'ਚ ਦੋ ਕਿਲੋ ਕਿਸਾਨ ਖਾਦ (ਕੈਨ), ਸਿੰਗਲ ਸੁਪਰਫਾਸਫੇਟ (ਐਸਐਸਪੀ) ਤੇ ਮਿਉਰੇਟ ਆਫ ਪੌਟਾਸ਼ (ਐਮਓਪੀ) 2:2:1 ਦੇ ਅਨੁਪਾਤ 'ਚ ਪਾਉਣੇ ਚਾਹੀਦੇ ਹਨ। ਜਦੋਂ ਤੱਕ ਫੁੱਲਾਂ ਦੀ ਬਹਾਰ ਖ਼ਤਮ ਨਹੀਂ ਹੋ ਜਾਂਦੀ, ਰੂਟ ਸਕਰਜ਼ ਤੋੜਦੇ ਰਹਿਣਾ ਚਾਹੀਦਾ ਹੈ, ਨਹੀਂ ਤਾਂ ਫੁੱਲਾਂ ਦਾ ਰੂਪ-ਰੰਗ ਚੰਗਾ ਨਹੀਂ ਹੋਵੇਗਾ। ਫੁੱਲਾਂ ਦਾ ਆਕਾਰ ਤੇ ਨੰਬਰ ਦੇ ਆਧਾਰ 'ਤੇ ਗੁਲਦਾਉਦੀ ਨੂੰ ਵੱਖ-ਵੱਖ ਗਰੁੱਪਾਂ 'ਚ ਵੰਡਿਆ ਜਾਂਦਾ ਹੈ।