ਰਾਸ਼ੀ ਖੰਨਾ ਉਸ 'ਲੁੱਖੇ' ਵੈੱਬ-ਸੀਰੀਜ਼ ਦੀ ਨਾਇਕਾ ਹੈ, ਜਿਸ ਦੇ ਇਕ ਸੰਵਾਦ ਨੂੰ ਲੈ ਕੇ ਯੋਗਰਾਜ ਸਿੰਘ 'ਤੇ ਰਿਪੋਰਟ ਤੱਕ ਦਰਜ ਹੋਈ ਤੇ ਮਾਮਲਾ ਮਹਿਲਾ ਕਮਿਸ਼ਨ ਤੱਕ ਵੀ ਪਹੁੰਚਿਆ ਸੀ। ਰਾਸ਼ੀ ਨੇ ਕਿਹਾ ਕਿ ਉਹ ਇਸ ਵਿਵਾਦ 'ਤੇ ਕੁਝ ਨਹੀਂ ਕਹੇਗੀ ਕਿਉਂਕਿ ਮਾਮਲਾ ਅਦਾਲਤ 'ਚ ਹੈ ਤੇ ਸੰਵੇਦਨਸ਼ੀਲ ਹੈ। ਰਾਸ਼ੀ ਖੰਨਾ ਇਸ ਸਮੇਂ ਇਕ ਦੱਖਣ ਦੀ ਫ਼ਿਲਮ ਤੇ ਇਕ ਅਨੀਸ ਬਜ਼ਮੀ ਦੀ ਫ਼ਿਲਮ ਅਕਸ਼ੈ ਖੰਨਾ ਨਾਲ ਕਰ ਰਹੀ ਹੈ। ਕਿਉਂਕਿ ਉਮਰ ਪੈਂਤੀ ਸਾਲ ਹੋਈ ਹੈ ਤਾਂ ਸ਼ਾਦੀ ਦੇ ਸੰਬੰਧ 'ਚ ਉਹ ਬੋਲੀ ਕਿ ਜ਼ਮਾਨਾ ਬਦਲ ਗਿਆ ਹੈ। ਅਸਲ ਉਮਰ ਇਹੀ ਸ਼ਾਦੀ ਦੀ ਹੈ, ਪਰ ਮੇਰੇ ਘਰੋਂ ਵੀ ਮੇਰੇ ਲਈ ਵਿਆਹ ਵਾਸਤੇ ਦਬਾਅ ਨਹੀਂ ਹੈ। ਰਾਸ਼ੀ ਨੇ ਕਿਹਾ ਕਿ ਲੋਕ ਆਖਦੇ ਨੇ ਵਿਆਹ ਇਕ ਮਜ਼ਬੂਤ ਸਹਾਰਾ ਹੈ, ਪਰ ਜਿਸ ਤਰ੍ਹਾਂ ਅੱਜਕੱਲ੍ਹ ਤਲਾਕ ਹੋ ਰਹੇ ਹਨ, ਉਸ ਹਿਸਾਬ ਨਾਲ ਸਹਾਰੇ ਵਾਲੀ ਕੋਈ ਗੱਲ ਹੀ ਨਹੀਂ ਹੈ। 'ਮਦਰਾਸ ਕੈਫੇ' ਨਾਲ ਬਾਲੀਵੁੱਡ ਦੇ ਦਰਵਾਜ਼ੇ ਲੰਘ ਆਈ ਰਾਸ਼ੀ ਖੰਨਾ ਨੇ 12ਵੀਂ ਕਲਾਸ 'ਚ ਟਾਪ ਕੀਤਾ ਸੀ ਤੇ ਉਹ ਆਈ.ਏ.ਐਸ. ਬਣਨ ਵੱਲ ਚੱਲਣ ਦਾ ਯਤਨ ਕਰ ਰਹੀ ਸੀ ਕਿ ਕਿਸਮਤ ਨੇ ਉਸ ਨੂੰ ਆਈ.ਏ.ਐਸ. ਤੋਂ ਹਟਾ ਕੇ ਗਲੈਮਰ ਦੇ ਸੰਸਾਰ ਵੱਲ ਲੈ ਆਂਦਾ। ਰਾਸ਼ੀ ਖੰਨਾ ਆਖਦੀ ਹੈ ਕਿ ਇਹ ਸਭ ਕਿਸਮਤ ਦੀ ਖੇਡ ਹੈ। ਬਾਕੀ ਸ਼ੂਟਿੰਗ ਤੇ ਰਹੀ ਗੱਲ ਪੰਜਾਹ ਹਜ਼ਾਰ ਰੁਪਏ ਚੋਰੀ ਹੋਣ ਦੀ ਤਾਂ ਇਹ ਪੈਸੇ ਚੋਰੀ ਤਾਂ ਹੋਏ, ਪਰ ਇਹ ਰਾਸ਼ੀ ਦੇ ਨਹੀਂ ਉਸ ਦੇ ਮੈਨੇਜਰ ਦੇ ਪੈਸੇ ਸਨ। ਸ਼ੂਟਿੰਗ ਯੂਨਿਟ ਦੇ ਹੀ ਇਕ ਮੁੰਡੇ ਨੇ ਇਹ ਚੋਰੀ ਕੀਤੀ ਸੀ, ਪਰ ਰਾਸ਼ੀ ਨੂੰ ਉਸ 'ਤੇ ਤਰਸ ਆ ਗਿਆ ਤੇ ਪੁਲਿਸ ਰਿਪੋਰਟ ਦੀ ਥਾਂ ਰਾਸ਼ੀ ਨੇ ਉਸ ਨੂੰ ਇਹ ਆਖ ਕੇ ਜਾਣ ਦਿੱਤਾ ਕਿ 'ਚੋਰ ਤੇ ਚੋਰੀ' ਵੱਡੇ ਕਲੰਕ ਹਨ। ਅੱਗੇ ਤੋਂ ਉਹ ਅਜਿਹਾ ਨਾ ਕਰੇ ਤੇ ਉਸ ਮੁੰਡੇ ਨੇ ਰਾਸ਼ੀ ਦੇ ਦਰਿਆ ਦਿਲ 'ਤੇ ਉਸ ਦੀ ਮੁਆਫ਼ੀ ਲਈ ਰਾਸ਼ੀ ਖੰਨਾ ਨੂੰ ਬਹੁਤ ਦੁਆਵਾਂ ਦਿੱਤੀਆਂ। ਰਾਸ਼ੀ ਖੰਨਾ ਗਾਇਕਾ ਵੀ ਹੈ ਤੇ ਦੱਖਣ ਭਾਰਤੀ ਫ਼ਿਲਮਾਂ ਲਈ ਰਾਸ਼ੀ ਨੇ ਪਲੇਅ ਬੈਕ (ਪਿੱਠਵਰਤੀ ਆਵਾਜ਼) ਦਿੱਤਾ ਹੈ। ਰਾਸ਼ੀ ਦਾ ਇਕ ਹੋਰ ਅਜੀਬ ਸ਼ੌਕ ਹੈ ਕਿ ਉਹ ਸੱਪਾਂ ਨੂੰ ਪਸੰਦ ਕਰਦੀ ਹੈ। ਇਸ ਸ਼ੌਕ ਤੋਂ ਰਾਸ਼ੀ ਦੇ ਪਰਿਵਾਰ ਵਾਲੇ ਤੇ ਇੰਡਸਟਰੀ ਵਾਲੇ ਘਬਰਾਉਂਦੇ ਹਨ ਕਿ ਸੱਪ ਕਿਸੇ ਦੇ ਮਿੱਤਰ ਨਹੀਂ ਹੁੰਦੇ ਤੇ ਕਿਤੇ ਰਾਸ਼ੀ ਸੱਪਾਂ ਨੂੰ ਪਸੰਦ ਕਰਨ ਦੇ ਸ਼ੌਕ ਨਾਲ ਖ਼ਤਰਾ ਮੁੱਲ ਲੈ ਲਵੇ ਤੇ ਇਕ ਜੋਤਸ਼ੀ ਨੇ ਕਿਹਾ ਕਿ ਰਾਸ਼ੀ ਪਿਛਲੇ ਜਨਮ ਵਿਚ ਨਾਗਿਨ ਸੀ ਤੇ ਤਾਂ ਹੀ ਇਹ ਸੱਪਾਂ ਨੂੰ ਪਸੰਦ ਕਰਦੀ ਹੈ।
-ਸੁਖਜੀਤ ਕੌਰ