05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸੂਝਵਾਨ ਅਧਿਆਪਕ, ਸਫ਼ਲ ਲੇਖਕ ਅਤੇ ਕੁਸ਼ਲ ਪ੍ਰਸ਼ਾਸਕ ਸਨ ਡਾ. ਐੱਸ. ਰਾਧਾਕਿ੍ਸ਼ਨਨ

ਸੂਝਵਾਨ ਅਧਿਆਪਕ, ਸਫ਼ਲ ਲੇਖਕ ਅਤੇ ਕੁਸ਼ਲ ਪ੍ਰਸ਼ਾਸਕ ਸਨ ਡਾ. ਐੱਸ. ਰਾਧਾਕਿ੍ਸ਼ਨਨ

ਅਜੀਤ ਡੈਸਕ 05-09-2026

ਅਤਿਅੰਤ ਸੁੱਘੜ ਸਿਆਣੇ ਅਧਿਆਪਕ, ਵਿਦਵਾਨ ਲੇਖਕ, ਸਰਬਪ੍ਰਵਾਨਿਤ ਰਾਜਨੇਤਾ ਅਤੇ ਕਾਬਿਲ ਪ੍ਰਸ਼ਾਸ਼ਕ ਹੋਣ ਦਾ ਮਾਣ ਹਾਸਲ ਕਰਨ ਵਾਲੇ 'ਭਾਰਤ ਰਤਨ' ਡਾ. ਸਰਵਪੱਲੀ ਰਾਧਾਕਿ੍ਸ਼ਨਨ ਦਾ ਸਮੁੱਚਾ ਜੀਵਨ (5 ਸਤੰਬਰ, 1888 -17 ਅਪ੍ਰੈਲ, 1975) ਸਿੱਖਿਆ ਅਤੇ ਲੋਕ ਸੇਵਾ ਨੂੰ ਸਮਰਪਿਤ ਰਿਹਾ ਸੀ | ਇਕ ਕਾਲਜ ਦੇ ਪ੍ਰੋਫੈਸਰ ਵਜੋ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਡਾ.ਰਾਧਾਕ੍ਰਿਸ਼ਨਨ ਜੀ ਆਂਧਰਾ ਪ੍ਰਦੇਸ਼ ਯੂਨੀਵਰਸਿਟੀ ਅਤੇ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਉਪ-ਕੁਲਪਤੀ ਵੀ ਰਹੇ ਤੇ ਸੰਨ 1949 ਵਿਚ ਉਹ ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਚੁਣੇ ਗਏ ਤੇ ਫਿਰ ਸੰਨ 1962 ਵਿਚ ਉਨ੍ਹਾਂ ਨੇ ਆਜ਼ਾਦ ਭਾਰਤ ਦੇ ਦੂਸਰੇ ਰਾਸ਼ਟਰਪਤੀ ਹੋਣ ਦਾ ਮਾਣ ਹਾਸਿਲ ਕੀਤਾ | 17 ਅਪ੍ਰੈਲ, 1975 ਨੂੰ ਡਾ. ਐਸ. ਰਾਧਾਕਿ੍ਸ਼ਨਨ ਜੀ ਦਾ ਦੇਹਾਂਤ ਹੋ ਗਿਆ ਸੀ | ਉਨ੍ਹਾਂ ਦੇ ਜਨਮ ਦਿਨ ਨੂੰ  ਭਾਰਤ ਵਿਚ ਹਰ ਸਾਲ 'ਕੌਮੀ ਅਧਿਆਪਕ ਦਿਵਸ' ਵਜੋਂ ਮਨਾਇਆ ਜਾਂਦਾ ਹੈ |

ਡਾ. ਸਰਵਪੱਲੀ ਰਾਧਾਕਿ੍ਸ਼ਨਨ ਨੂੰ ਦਰਸ਼ਨ-ਸ਼ਾਸਤਰ ਦਾ ਗੂੜ੍ਹ-ਗਿਆਤਾ ਮੰਨਿਆ ਜਾਂਦਾ ਹੈ ਤੇ ਬਤੌਰ ਸਿੱਖਿਆ ਸ਼ਾਸਤਰੀ ਉਨ੍ਹਾਂ ਦੇ ਵਿਚਾਰ ਅੱਜ ਵੀ ਪੂਰੀ ਤਰ੍ਹਾਂ ਸਾਰਥਿਕ ਹਨ | ਉਹ ਮੰਨਦੇ ਸਨ ਕਿ ਮਨੁੱਖ ਦੇ ਵਿਚਾਰਾਂ ਅਤੇ ਚਰਿੱਤਰ ਨੂੰ ਸ੍ਰੇਸ਼ਠ ਬਣਾਉਣ ਵਿਚ ਸਿੱਖਿਆ ਦਾ ਅਹਿਮ ਯੋਗਦਾਨ ਹੈ | ਉਨ੍ਹਾ ਅਨੁਸਾਰ ਸਿੱਖਿਆ ਦਾ ਮੁੱਖ ਉਦੇਸ਼ ਬੱਚੇ ਦਾ ਸਰੀਰਕ, ਬੌਧਿਕ, ਨੈਤਿਕ ਅਤੇ ਅਧਿਆਤਮਕ ਭਾਵ ਸਰਬਪੱਖੀ ਵਿਕਾਸ ਕਰਨਾ ਹੈ | ਉਨ੍ਹਾਂ ਦਾ ਵਿਚਾਰ ਸੀ ਕਿ ਅਧਿਆਪਕ ਆਪਣੇ ਵਿਦਿਆਰਥੀ ਦਾ ਰੋਲ ਮਾਡਲ ਹੁੰਦਾ ਹੈ | ਅਧਿਆਪਕ ਦੀ ਸ਼ਖ਼ਸੀਅਤ ਅਤੇ ਬੱਚੇ ਦੇ ਮਨ ਦਰਮਿਆਨ ਸਿੱਖਿਆ ਦੀ ਧਾਰਾ ਸਦਾ ਹੀ ਵਗਦੀ ਰਹਿੰਦੀ ਹੈ | ਇਸ ਲਈ ਅਧਿਆਪਕ ਦਾ ਗੁਣਵਾਨ, ਵਿਦਵਾਨ ਅਤੇ ਚਰਿੱਤਰਵਾਨ ਹੋਣਾ ਅਤਿ ਜ਼ਰੂਰੀ ਹੈ | ਉਨ੍ਹਾਂ ਅਨੁਸਾਰ ਅਧਿਆਪਕ ਦਾ ਫਰਜ਼ ਬਣਦਾ ਹੈ ਕਿ ਉਹ ਵਿਦਿਆਰਥੀ ਨੂੰ ਅੱਖਰੀ ਗਿਆਨ ਦੇਣ ਦੇ ਨਾਲ-ਨਾਲ ਸੁਚੱਜੀ ਜੀਵਨ ਜਾਚ ਵੀ ਸਿਖਾਵੇ |
ਇਸਤਰੀ ਦੀ ਸਿੱਖਿਆ ਤੇ ਉਸਦੀ ਸਮਾਜਿਕ ਹਾਲਤ ਨੂੰ  ਤਾਂ ਡਾ. ਰਾਧਾਕ੍ਰਿਸ਼ਨਨ ਜੀ ਕਿਸੇ ਸਮਾਜ ਦੇ ਅਧਿਆਤਮਿਕ ਵਿਕਾਸ ਦਾ ਮਾਪਦੰਡ ਮੰਨਦੇ ਸਨ | ਬੱਚੇ ਦੀ ਸੁਚੱਜੀ ਸਿੱਖਿਆ ਅਤੇ ਸੰਤੁਲਿਤ ਵਿਕਾਸ ਵਿਚ ਉਹ ਇਕ ਮਾਂ ਦਾ ਵੱਡਾ ਯੋਗਦਾਨ ਮੰਨਦੇ ਸਨ | ਉਨ੍ਹਾ ਅਨੁਸਾਰ ਬੱਚੇ ਲਈ ਮਾਂ ਦੇ ਪਿਆਰ ਦਾ ਸਥਾਨ ਕੋਈ ਦੂਸਰਾ ਨਹੀਂ ਲੈ ਸਕਦਾ ਹੈ ਤੇ ਇਹ ਪਿਆਰ ਬੱਚੇ ਦਾ ਸੰਤੁਲਿਤ ਵਿਕਾਸ ਕਰਨ ਅਤੇ ਸਮਾਜਿਕ ਜੀਵਨ ਪੱਧਰ ਨੰੂ ਉੱਚਾ ਚੁੱਕਣ ਵਿਚ ਸਹਾਈ ਹੁੰਦਾ ਹੈ | ਡਾ. ਰਾਧਾਕ੍ਰਿਸ਼ਨਨ ਲੋਕਤੰਤਰੀ ਭਾਵਨਾਵਾਂ ਦੇ ਵਿਕਾਸ ਦੇ ਹਾਮੀ ਸਨ | ਉਹ ਮੰਨਦੇ ਸਨ ਕਿ ਲੋਕਤੰਤਰ ਮਨੁੱਖ-ਮਨੁੱਖ ਦਰਮਿਆਨ ਭੇਦ ਖ਼ਤਮ ਕਰ ਕੇ ਸਭ ਨੂੰ ਤਰੱਕੀ ਦੇ ਮੌਕੇ ਪ੍ਰਦਾਨ ਕਰਦਾ ਹੈ | ਉਨ੍ਹਾਂ ਅਨੁਸਾਰ ਗਰੀਬ-ਅਮੀਰ ਅਤੇ ਹਰ ਧਰਮ-ਜਾਤ ਦੇ ਬੱਚੇ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਿੱਖਿਆ ਪ੍ਰਦਾਨ ਕਰਦਿਆਂ ਹੋਇਆ ਇਕ ਸੱਚਾ ਅਧਿਆਪਕ ਅਸਲ ਵਿਚ ਲੋਕਤੰਤਰੀ ਭਾਵਨਾ ਦਾ ਹੀ ਵਿਕਾਸ ਕਰਦਾ ਹੈ |
 ਡਾ. ਰਾਧਾਕਿ੍ਸ਼ਨਨ ਅਨੁਸਾਰ 'ਧਰਮ ਕੋਈ ਮਤ-ਮਤਾਂਤਰ ਨਹੀ ਹੈ ਸਗੋਂ ਸੱਚ ਦੀ ਸੋਧ ਤੇ ਖੋਜ ਕਰਨ ਦੀ ਪ੍ਰਕਿਰਿਆ ਹੈ | ਜੇਕਰ ਧਰਮ ਨੂੰ ਸਿੱਖਿਆ ਨਾਲੋਂ ਵੱਖ ਕਰ ਦਿੱਤਾ ਜਾਵੇ ਤਾਂ ਸਾਡੀ ਅਧਿਆਤਮਿਕ ਮੌਤ ਹੋ ਜਾਵੇਗੀ | ਮਨ ਦੀ ਪਵਿੱਤਰਤਾ, ਤਿਆਗਸ਼ੀਲਤਾ, ਆਗਿਆਕਾਰਤਾ, ਨਿਸੁਆਰਥ ਸੇਵਾ ਭਾਵਨਾ ਤੇ ਪਰਮਾਤਮਾ ਵਿਚ ਸੱਚੀ ਆਸਥਾ ਜਿਹੇ ਨੈਤਿਕ ਮੁੱਲਾਂ ਦੀ ਪ੍ਰਾਪਤੀ, ਸਿੱਖਿਆ ਸਦਕਾ ਸਰਲਤਾ ਨਾਲ ਸੰਭਵ ਹੋ ਜਾਂਦੀ ਹੈ |' ਡਾ. ਐਸ. ਰਾਧਾਕ੍ਰਿਸ਼ਨਨ ਅਨੁਸਾਰ ਵਿੱਦਿਆ ਦਾ ਦਾਨ ਦੇਣ ਦੇ ਨਾਲ –ਨਾਲ ਇਕ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀ ਨੂੰ ਸਭ ਧਰਮ ਗ੍ਰੰਥਾਂ ਤੇ ਮਹਾਂਪੁਰਖਾਂ ਬਾਰੇ ਵੀ ਗਿਆਨ ਪ੍ਰਦਾਨ ਕਰੇ ਤਾਂ ਜੋ ਸਭ ਧਰਮਾਂ ਤੇ ਧਰਮ ਗੁਰੂਆਂ ਦਾ ਸਤਿਕਾਰ ਕਰਨ ਦੀ ਭਾਵਨਾ ਵਿਦਿਆਰਥੀ ਅੰਦਰ ਵਿਕਸਿਤ ਹੋ ਸਕੇ ਤੇ ਅੱਜ ਦਾ ਵਿਦਿਆਰਥੀ ਕੱਲ੍ਹ ਦਾ ਨਾਗਰਿਕ ਬਣ ਕੇ ਮੁਲਕ ਦੀ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਵਿਚ ਆਪਣਾ ਭਰਪੂਰ ਯੋਗਦਾਨ ਪਾ ਸਕੇ | 

-410, ਚੰਦਰ ਨਗਰ, ਬਟਾਲਾ |
ਮੋਬਾ : 97816-46008

ਪਿਛਲੀ ਖ਼ਬਰ ਅਧਿਆਪਕਾਂ ਦੇ ਹੱਥਾਂ ਵਿਚ ਹੈ ਭਾਰਤ ਦਾ ਭਵਿੱਖ ਅਗਲੀ ਖ਼ਬਰ ਗੀਤ -ਇਸ ਨੂੰ ਸਾਰਾ ਜਗਤ ਪਿਆਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।