03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪੰਜਾਬ ਦੀ ਪਹਿਲੀ ਪ੍ਰੋਫੈਸ਼ਨਲ ਮਹਿਲਾ ਵੈਲਡਰ ਹਰਪਾਲ ਕੌਰ ਧੰਜਲ

ਪੰਜਾਬ ਦੀ ਪਹਿਲੀ ਪ੍ਰੋਫੈਸ਼ਨਲ ਮਹਿਲਾ ਵੈਲਡਰ ਹਰਪਾਲ ਕੌਰ ਧੰਜਲ

ਅਜੀਤ ਡੈਸਕ 03-09-2026

 


ਪੰਜਾਬ ਦੀ ਧਰਤੀ ਨੇ ਹਮੇਸ਼ਾ ਅਜਿਹੀਆਂ ਦਲੇਰ ਧੀਆਂ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਸਮਾਜ ਦੀਆਂ ਰੂੜੀਵਾਦੀ ਕੰਧਾਂ ਨੂੰ ਤੋੜ ਕੇ ਆਪਣੀ ਕਾਮਯਾਬੀ ਦੀ ਨਵੀਂ ਇਬਾਰਤ ਲਿਖੀ  | ਅਜਿਹੀ ਹੀ ਇਕ ਬਾਕਮਾਲ ਮਿਸਾਲ ਹੈ ਹਰਪਾਲ ਕੌਰ ਧੰਜਲ, ਜਿਨ੍ਹਾਂ ਨੂੰ ਅੱਜ ਪੂਰੀ ਦੁਨੀਆ ਸੋਸ਼ਲ ਮੀਡੀਆ ਅਤੇ ਉਦਯੋਗ ਜਗਤ ਵਿਚ ਬਰਾਊਨ ਕੁੜੀ ਵਜੋਂ ਜਾਣਦੀ ਹੈ | ਹਰਪਾਲ ਕੌਰ ਧੰਜਲ ਦਾ ਜਨਮ 27 ਅਗਸਤ, 1990 ਨੂੰ ਪਿੰਡ ਗੁਰਾ ਵਿਖੇ ਸਤਨਾਮ ਸਿੰਘ ਦੇ ਘਰ ਮਾਤਾ ਬਲਵਿੰਦਰ ਕੌਰ ਦੀ ਕੁੱਖੋਂ ਹੋਇਆ  | ਇਕ ਆਮ ਤਰਖਾਣ ਅਤੇ ਖੇਤੀਬਾੜੀ ਪਰਿਵਾਰ ਵਿਚ ਜਨਮੀ ਇਸ ਧੀ ਦਾ ਮੁਢਲਾ ਜੀਵਨ ਬਹੁਤ ਹੀ ਸਾਧਾਰਨ ਅਤੇ ਸੰਘਰਸ਼ਪੂਰਨ ਰਿਹਾ | ਉਸ ਦੇ ਪਿਤਾ ਸਤਨਾਮ ਸਿੰਘ ਧੰਜਲ ਪਿੰਡ ਵਿਚ ਖੇਤੀਬਾੜੀ ਦੇ ਸੰਦ ਬਣਾਉਣ ਅਤੇ ਵੈਲਡਿੰਗ ਦਾ ਛੋਟਾ ਜਿਹਾ ਕੰਮ ਕਰਦੇ ਸਨ | ਹਰਪਾਲ ਕੌਰ ਧੰਜਲ ਅਜੇ ਮਹਿਜ਼ ਵੀਹ ਸਾਲ ਦੀ ਹੀ ਸੀ ਜਦੋਂ ਪਰਿਵਾਰ ਵਲੋਂ ਉਸ ਦਾ ਵਿਆਹ ਕਰ ਦਿੱਤਾ ਗਿਆ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ | ਸਹੁਰੇ ਪਰਿਵਾਰ ਨਾਲ ਇਹ ਰਿਸ਼ਤਾ ਲੰਬਾ ਨਾ ਚੱਲ ਸਕਿਆ | ਹਰਪਾਲ ਕੌਰ ਧੰਜਲ ਆਪਣੇ ਛੋਟੇ ਪੁੱਤਰ ਨੂੰ ਨਾਲ ਲੈ ਕੇ ਵਾਪਸ ਆਪਣੇ ਪਿਤਾ ਦੇ ਘਰ ਗਈ | ਉਸ ਸਮੇਂ ਸਾਹਮਣੇ ਬਹੁਤ ਵੱਡੀ ਚੁਣੌਤੀ ਸੀ, ਪਰ ਉਸ ਨੇ ਹਿੰਮਤ ਹਾਰਨ ਦੀ ਬਜਾਏ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦਾ ਫੈਸਲਾ ਕੀਤਾ | ਪਿਤਾ ਦੇ ਘਰ ਆ ਕੇ ਹਰਪਾਲ ਕੌਰ ਧੰਜਲ ਨੇ ਪਰਿਵਾਰਕ ਕਾਰੋਬਾਰ ਵਿਚ ਹੱਥ ਵਟਾਉਣਾ ਸ਼ੁਰੂ ਕੀਤਾ, ਜੋ ਕਿ ਮਰਦਾਂ ਦੇ ਦਬਦਬੇ ਵਾਲਾ ਇਕ ਵੈਲਡਿੰਗ ਦਾ ਕੰਮ ਸੀ | ਜਿੱਥੇ ਔਰਤਾਂ ਨੂੰ ਘਰ ਦੇ ਚੁੱਲ੍ਹੇ-ਚੌਕੇ ਤੱਕ ਸੀਮਤ ਦੇਖਿਆ ਜਾਂਦਾ, ਉੱਥੇ ਹਰਪਾਲ ਕੌਰ ਨੇ ਹੱਥਾਂ ਵਿਚ ਵੈਲਡਿੰਗ ਟਾਰਚ ਫੜੀ, ਚਿਹਰੇ 'ਤੇ ਸੇਫਟੀ ਮਾਸਕ ਲਗਾਇਆ ਅਤੇ ਲੋਹੇ ਨੂੰ ਪਿਘਲਾ ਕੇ ਨਵੇਂ ਸੰਦ ਬਣਾਉਣੇ ਸ਼ੁਰੂ ਕਰ ਦਿੱਤੇ | ਉਸ ਦੀ ਇਸ ਮਿਹਨਤ ਅਤੇ ਹੁਨਰ ਸਦਕਾ ਹੀ ਉਸ ਨੂੰ ਪੰਜਾਬ ਦੀ ਪਹਿਲੀ ਪ੍ਰੋਫੈਸ਼ਨਲ ਮਹਿਲਾ ਵੈਲਡਰ ਦਾ ਖ਼ਿਤਾਬ ਮਿਲਿਆ | 
ਸ਼ੁਰੂਆਤੀ ਦਿਨਾਂ ਵਿਚ ਲੋਕਾਂ ਨੂੰ ਵੀ ਅਜ਼ੀਬ ਲੱਗਿਆ | ਜਦੋਂ ਉਸ ਨੇ ਸੋਸ਼ਲ ਮੀਡੀਆ 'ਤੇ ਬਰਾਊਨ ਕੁੜੀ ਦੇ ਨਾਂਅ ਹੇਠ ਆਪਣੀਆਂ ਵੀਡੀਓਜ਼ ਸਾਂਝੀਆਂ ਕਰਨੀਆਂ ਸ਼ੁਰੂ ਕੀਤੀਆਂ, ਤਾਂ ਲੋਕ ਉਸਦੀ ਲਗਨ ਦੇ ਕਾਇਲ ਹੋ ਗਏ | ਇੰਸਟਾਗ੍ਰਾਮ, ਫੇਸਬੁੱਕ ਅਤੇ ਯੂਟਿਊਬ 'ਤੇ ਉਸ ਦੇ ਵੀਡੀਓਜ਼ ਇੰਨੇ ਵਾਇਰਲ ਹੋਏ ਕਿ ਦੇਖਦੇ ਹੀ ਦੇਖਦੇ ਉਸ ਦੇ ਫਾਲੋਅਰਜ਼ ਦੀ ਗਿਣਤੀ ਲੱਖਾਂ ਵਿਚ ਪਹੁੰਚ ਗਈ | ਇਸ ਪ੍ਰਸਿੱਧੀ ਨੇ ਉਸ ਦੇ ਪਿਤਾ ਦੇ ਛੋਟੇ ਜਿਹੇ ਕਾਰੋਬਾਰ ਨੂੰ ਇਕ ਵੱਡੇ ਬ੍ਰਾਂਡ ਵਿਚ ਬਦਲ ਦਿੱਤਾ | ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨ ਦੂਰ-ਦੂਰ ਤੋਂ ਉਨ੍ਹਾਂ ਦੀ ਵਰਕਸ਼ਾਪ 'ਤੇ ਖੇਤੀਬਾੜੀ ਦੇ ਸੰਦ ਬਣਵਾਉਣ ਆਉਣ ਲੱਗੇ | ਹਰਪਾਲ ਕੌਰ ਧੰਜਲ ਬਤੌਰ ਕੋ-ਫਾਊਾਡਰ ਅਤੇ ਆਪਰੇਸ਼ਨ ਡਾਇਰੈਕਟਰ ਇਸ ਕੰਪਨੀ ਨੂੰ ਸੰਭਾਲ ਰਹੀ ਹੈ, ਜੋ ਭਾਰਤ, ਆਸਟ੍ਰੇਲੀਆ ਅਤੇ ਕੈਨੇਡਾ ਵਰਗੇ ਦੇਸ਼ਾਂ ਵਿਚਕਾਰ ਉਦਯੋਗਿਕ ਅਤੇ ਖੇਤੀਬਾੜੀ ਮਸ਼ੀਨਰੀ ਦਾ ਵਪਾਰ ਕਰਦੀ ਹੈ | ਉਨ੍ਹਾਂ ਦੀ ਕੰਪਨੀ ਦੁਨੀਆ ਭਰ ਦੇ 12 ਤੋਂ ਵੱਧ ਦੇਸ਼ਾਂ ਵਿਚ 250 ਤੋਂ ਵੱਧ ਵੱਡੀਆਂ ਮਸ਼ੀਨਰੀ ਯੂਨਿਟਾਂ ਸਪਲਾਈ ਕਰ ਚੁੱਕੀ ਹੈ | ਇਸ ਤੋਂ ਇਲਾਵਾ ਹਰਪਾਲ ਕੌਰ ਨੇ ਉਦਯੋਗ ਦੇ ਖੇਤਰ ਵਿਚ ਇਕ ਹੋਰ ਵੱਡਾ ਕਦਮ ਪੁੱਟਦਿਆਂ ਆਪਣਾ ਖੁਦ ਦਾ ਟਾਇਰ ਬਿਜ਼ਨਸ ਅਤੇ ਬ੍ਰਾਂਡ ਵੀ ਲਾਂਚ ਕੀਤਾ ਹੈ | ਮੈਨੇਜਮੈਂਟ ਅਤੇ ਗੁਣਵੱਤਾ ਦੇ ਮਾਮਲੇ ਵਿਚ 95% ਤੋਂ ਵੱਧ ਗਾਹਕਾਂ ਦੀ ਸੰਤੁਸ਼ਟੀ ਦਰਜ ਕਰਕੇ ਉਨ੍ਹਾਂ ਦਾ ਬਿਜ਼ਨਸ ਅੱਜ ਕਰੋੜਾਂ ਰੁਪਏ ਦੇ ਟਰਨਓਵਰ ਤੱਕ ਪਹੁੰਚ ਚੁੱਕਾ ਹੈ | ਹਰਪਾਲ ਕੌਰ ਨੂੰ ਕਈ ਨਾਮਵਰ ਪੰਜਾਬੀ ਮੀਡੀਆ ਚੈਨਲਾਂ, ਡਿਜੀਟਲ ਪਲੇਟਫਾਰਮਾਂ ਅਤੇ ਸਮਾਜਿਕ ਸੰਸਥਾਵਾਂ ਵਲੋਂ  'ਮੂਹਰਲੀ ਕਤਾਰ ਦੀ ਮਹਿਲਾ ਉਦਮੀ' ਵਜੋਂ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ | ਉਨ੍ਹਾਂ ਦਾ ਸਭ ਤੋਂ ਵੱਡਾ ਸਨਮਾਨ ਲੱਖਾਂ ਲੋਕਾਂ ਦਾ ਪਿਆਰ ਅਤੇ ਉਹ ਸਤਿਕਾਰ ਹੈ, ਜੋ ਉਨ੍ਹਾਂ ਨੂੰ ਸਮਾਜ ਵਿਚ ਮਿਲਿਆ ਹੈ | ਅੱਜ ਹਰਪਾਲ ਕੌਰ ਧੰਜਲ ਉਰਫ਼ ਬਰਾਊਨ ਕੁੜੀ ਹਰ ਉਸ ਔਰਤ ਲਈ ਪ੍ਰੇਰਨਾ ਸਰੋਤ ਹੈ, ਜੋ ਮੁਸ਼ਕਿਲ ਹਾਲਾਤਾਂ ਵਿਚੋਂ ਨਿਕਲ ਕੇ ਆਪਣੇ ਦਮ 'ਤੇ ਦੁਨੀਆ ਵਿਚ ਆਪਣੀ ਪਛਾਣ ਬਣਾਉਣਾ ਚਾਹੁੰਦੀ ਹੈ | 
-(ਬਰਨਾਲਾ) ਸੰਪਰਕ : 9417163426

ਪਿਛਲੀ ਖ਼ਬਰ 'ਆਪੇ ਬੀਜਿ ਆਪੇ ਹੀ ਖਾਹੁ' ਅਗਲੀ ਖ਼ਬਰ ਫੇਸ਼ੀਅਲ ਰੱਖਦਾ ਹੈ ਤੁਹਾਡੀ ਚਮੜੀ ਦੀ ਰੌਣਕ ਬਰਕਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।