22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਨੌਕਰੀਪੇਸ਼ਾ ਮਹਿਲਾਵਾਂ ਦਾ ਗੱਲਬਾਤ ਕਰਨ ਦਾ ਸਲੀਕਾ

ਅਜੀਤ ਡੈਸਕ 16-07-2026

ਨੌਕਰੀਪੇਸ਼ਾ ਮਹਿਲਾਵਾਂ ਦਾ ਗੱਲਬਾਤ ਕਰਨ ਦਾ ਸਲੀਕਾ ਬਹੁਤ ਮਹੱਤਵ ਰੱਖਦਾ ਹੈ। ਹਰ ਨੌਕਰੀਪੇਸ਼ਾ ਮਹਿਲਾ ਦੀ ਗੱਲਬਾਤ ਅਤੇ ਉਸ ਦੇ ਬੋਲਣ ਦਾ ਸਲੀਕਾ ਦਫ਼ਤਰ ਦਾ ਹਰ ਵਿਅਕਤੀ ਨੋਟ ਕਰਦਾ ਹੈ। ਕਈ ਮਹਿਲਾਵਾਂ ਆਪਣੇ ਬੋਲਚਾਲ ਦੇ ਚੰਗੇ ਸਲੀਕੇ ਕਾਰਨ ਆਪਣੇ ਦਫ਼ਤਰਾਂ ਵਿਚ ਜਲਦੀ ਹੀ ਹਰਮਨ ਪਿਆਰੀਆਂ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਨਾਲ ਗੱਲਬਾਤ ਕਰਨਾ ਹਰ ਕਿਸੇ ਨੂੰ ਚੰਗਾ ਲੱਗਦਾ ਹੈ। ਇਹ ਮਹਿਲਾਵਾਂ ਆਪਣੀ ਮਿੱਠੀ ਬਾਣੀ ਅਤੇ ਬੋਲਣ ਦੇ ਚੰਗੇ ਢੰਗ ਨਾਲ ਜਲਦੀ ਹੀ ਤਰੱਕੀ ਕਰ ਜਾਂਦੀਆਂ ਹਨ। ਅਜਿਹੀਆਂ ਮਹਿਲਾਵਾਂ ਨੂੰ ਹਰ ਵਿਅਕਤੀ ਮਾਣ ਅਤੇ ਸਤਿਕਾਰ ਦਿੰਦਾ ਹੈ। ਇਸ ਤੋਂ ਇਲਾਵਾ ਦਫ਼ਤਰ ਦੇ ਕਰੀਬ ਸਾਰੇ ਵਿਅਕਤੀ ਆਪਣੇ ਘਰ ਹੁੰਦੇ ਸਮਾਗਮਾਂ ਵਿਚ ਅਜਿਹੀਆਂ ਸਲੀਕੇ ਨਾਲ ਗੱਲਬਾਤ ਕਰਨ ਵਾਲੀਆਂ ਮਹਿਲਾਵਾਂ ਨੂੰ ਸ਼ਾਮਿਲ ਹੋਣ ਲਈ ਜ਼ਰੂਰ ਸੱਦਾ ਦਿੰਦੇ ਹਨ।
ਨੌਕਰੀਪੇਸ਼ਾ ਮਹਿਲਾਵਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਯਾਦ ਰੱੱਖਣੀ ਚਾਹੀਦੀ ਹੈ ਕਿ ਵਿੱਦਿਅਕ ਯੋਗਤਾ ਕਾਰਨ ਉਨ੍ਹਾਂ ਨੂੰ ਨੌਕਰੀ ਮਿਲੀ ਹੈ ਪਰ ਦਫ਼ਤਰ ਵਿਚ ਉਨ੍ਹਾਂ ਦਾ ਗੱਲਬਾਤ ਕਰਨ ਦਾ ਸਲੀਕਾ ਹੀ ਪਰਖ਼ਿਆ ਜਾਣਾ ਹੈ। ਇਸ ਲਈ ਨੌਕਰੀਪੇਸ਼ਾ ਮਹਿਲਾਵਾਂ ਨੂੰ ਆਪਣੇ ਬੋਲਚਾਲ ਦੇ ਤਰੀਕੇ/ਸਲੀਕੇ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਹਰ ਨੌਕਰੀਪੇਸ਼ਾ ਮਹਿਲਾ ਨੂੰ ਆਪਣੇ ਦਫ਼ਤਰ ਦੇ ਸਹਿਕਰਮੀਆਂ ਅਤੇ ਦਫ਼ਤਰ ਦੇ ਹਰ ਉਮਰ ਦੇ ਵਿਅਕਤੀਆਂ ਨੂੰ ਲੋਂੜੀਂਦਾ ਮਾਣ-ਸਤਿਕਾਰ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਆਪਣੀ ਮਰਿਆਦਾ ਨੂੰ ਨਹੀਂ ਭੁੱਲਣਾ ਚਾਹੀਦਾ।
ਵੇਖਣ ਵਿਚ ਆਇਆ ਹੈ ਕਿ ਕੁਝ ਮਹਿਲਾਵਾਂ ਆਦਤਨ ਰੁੱਖੇ ਸੁਭਾਅ ਦੀਆਂ ਹੁੰਦੀਆਂ ਹਨ। ਇਹ ਮਹਿਲਾਵਾਂ ਅਕਸਰ ਆਪਣੇ ਦਫ਼ਤਰਾਂ ਵਿਚ ਵੀ ਆਪਣੇ ਕੰਮ ਸਾਥੀਆਂ ਜਾਂ ਸਾਥੀ ਮਹਿਲਾਵਾਂ ਨੂੰ ਅੱਖੜ ਤਰੀਕੇ ਨਾਲ ਪੇਸ਼ ਆਉਂਦੀਆਂ ਹਨ। ਅਜਿਹੀਆਂ ਮਹਿਲਾਵਾਂ ਨੂੰ ਘੱਟ ਪਸੰਦ ਕੀਤਾ ਜਾਂਦਾ ਹੈ ਅਤੇ ਦਫ਼ਤਰ ਦਾ ਹਰ ਵਿਅਕਤੀ ਅਜਿਹੀਆਂ ਮਹਿਲਾਵਾਂ ਤੋਂ ਦੂਰ ਰਹਿਣ ਵਿਚ ਹੀ ਆਪਣੀ ਭਲਾਈ ਸਮਝਦਾ ਹੈ। ਇਸ ਤੋਂ ਇਲਾਵਾ ਕੁਝ ਮਹਿਲਾਵਾਂ ਨੂੰ ਚੁਗਲੀ ਕਰਨ ਅਤੇ ਦੂਜੇ ਮੁਲਾਜ਼ਮਾਂ ਦੀ ਸ਼ਿਕਾਇਤ ਆਪਣੇ ਬੌਸ ਕੋਲ ਲਗਾਉਣ ਦੀ ਵੀ ਚੰਦਰੀ ਆਦਤ ਹੁੰਦੀ ਹੈ। ਅਜਿਹੀਆਂ ਮਹਿਲਾਵਾਂ ਨੂੰ ਵੀ ਕੋਈ ਪਸੰਦ ਨਹੀਂ ਕਰਦਾ। ਨੌਕਰੀਪੇਸ਼ਾ ਮਹਿਲਾਵਾਂ ਨੂੰ ਕਦੇ ਵੀ ਕਿਸੇ ਵੀ ਮੁਲਾਜ਼ਮ ਦੀ ਨਿੰਦਾ ਚੁਗਲੀ ਜਾਂ ਸ਼ਿਕਾਇਤ ਨਹੀਂ ਕਰਨੀ ਚਾਹੀਦੀ। ਹਾਂ! ਜੇ ਸਾਹਮਣੇ ਵਾਲਾ ਵਿਅਕਤੀ ਬਦਤਮੀਜ਼ੀ ਕਰੇ ਤਾਂ ਉਸ ਦੀ ਜਾਇਜ਼ ਸ਼ਿਕਾਇਤ ਕੀਤੀ ਜਾ ਸਕਦੀ ਹੈ। ਨੌਕਰੀਪੇਸ਼ਾ ਔਰਤਾਂ ਨੂੰ ਆਪਣੇ ਮਰਦ ਸਹਿਕਰਮੀਆਂ ਨਾਲ ਗੱਲਬਾਤ ਕਰਦਿਆਂ ਏਨਾ ਜ਼ਿਆਦਾ ਵੀ ਨਹੀਂ ਖੁੱਲ੍ਹਣਾ ਚਾਹੀਦਾ ਕਿ ਉਹ ਕੁਝ ਹੋਰ ਹੀ ਸੋਚਣ ਲੱਗ ਜਾਣ। ਨੌਕਰੀਪੇਸ਼ਾ ਮਹਿਲਾਵਾਂ ਨੂੰ ਆਪਣੀ ਹਰ ਗੱਲ ਸੰਜਮ ਵਿਚ ਰਹਿ ਕੇ ਸੰਖੇਪ ਤਰੀਕੇ ਨਾਲ ਕਰਨੀ ਚਾਹੀਦੀ ਹੈ। ਕੁਝ ਮਹਿਲਾਵਾਂ ਨੂੰ ਦਫ਼ਤਰ ਵਿਚ ਉੱਚੀ-ਉੱਚੀ ਹੱਸਣ ਦੀ ਆਦਤ ਹੁੰਦੀ ਹੈ। ਅਜਿਹੀਆਂ ਮਹਿਲਾਵਾਂ ਨੂੰ ਪਿੱਠ ਪਿੱਛੇ ਉਨ੍ਹਾਂ ਦੇ ਸਹਿਕਰਮੀ ਅਨਪੜ੍ਹ ਤੇ ਗੰਵਾਰ ਕਹਿੰਦੇ ਹਨ। ਇਸ ਲਈ ਨੌਕਰੀਪੇਸ਼ਾ ਮਹਿਲਾਵਾਂ ਨੂੰ ਕਿਸੇ ਹਾਸੇ ਵਾਲੀ ਗੱਲ 'ਤੇ ਵੀ ਹੱਸਣ ਸਮੇਂ ਵੀ ਆਪਣੀ ਮਰਿਆਦਾ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਅਤੇ ਬਿਨਾਂ ਕਿਸੇ ਮਤਲਬ ਦੇ ਹੱਸਣਾ ਨਹੀਂ ਚਾਹੀਦਾ। ਇਸ ਦਾ ਇਹ ਵੀ ਮਤਲਬ ਨਹੀਂ ਕਿ ਹਰ ਸਮੇਂ ਚਿਹਰੇ 'ਤੇ ਗੰਭੀਰਤਾ ਲਿਆਂਦੀ ਜਾਵੇ, ਸਗੋਂ ਚਿਹਰੇ 'ਤੇ ਹਮੇਸ਼ਾ ਹਲਕੀ ਮੁਸਕਰਾਹਟ ਲਿਆਉਣੀ ਚਾਹੀਦੀ ਹੈ। ਕਿਹਾ ਜਾਂਦਾ ਹੈ ਕਿ ਮੁਸਕਰਾਹਟ ਨਾਲ ਵੱਡੀਆਂ- ਵੱਡੀਆਂ ਜੰਗਾਂ ਜਿੱਤ ਲਈਆਂ ਜਾਂਦੀਆਂ ਹਨ ਅਤੇ ਸਭ ਨੂੰ ਮੁਸਕਰਾਉਂਦੇ ਚਿਹਰੇ ਚੰਗੇ ਲੱਗਦੇ ਹਨ। ਇਸ ਤੋਂ ਇਲਾਵਾ ਨੌਕਰੀਪੇਸ਼ਾ ਮਹਿਲਾਵਾਂ ਵਲੋਂ ਕੀਤੀ ਜਾਂਦੀ ਸਲੀਕੇ ਨਾਲ ਗੱਲਬਾਤ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਦਫ਼ਤਰਾਂ ਵਿਚ ਨੌਕਰੀਪੇਸ਼ਾ ਮਹਿਲਾਵਾਂ ਵਲੋਂ ਸੁੰਦਰ ਕੱਪੜੇ ਪਾਉਣ ਦਾ ਤਾਂ ਹੀ ਫਾਇਦਾ ਹੈ ਜੇ ਉਨ੍ਹਾਂ ਦੀ ਗੱਲਬਾਤ ਵੀ ਸਲੀਕੇ ਭਰਪੂਰ ਹੋਵੇ। ਹਰ ਨੌਕਰੀਪੇਸ਼ਾ ਮਹਿਲਾ ਨੂੰ ਦੂਜਿਆਂ ਨਾਲ ਵਧੇਰੇ ਗੱਲਬਾਤ ਕਰਨ ਦੀ ਥਾਂ ਆਪਣੇ ਦਫ਼ਤਰੀ ਕੰਮ ਨੂੰ ਪਹਿਲ ਦੇਣੀ ਚਾਹੀਦੀ ਹੈ। ਹਰ ਨੌਕਰੀਪੇਸ਼ਾ ਮਹਿਲਾ ਨੂੰ ਆਪਣੇ ਦਫ਼ਤਰ ਅੰਦਰ ਹਮੇਸ਼ਾ ਸਲੀਕੇ ਭਰਪੂਰ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਆਪਣੇ ਦਫ਼ਤਰੀ ਕੰਮ ਵਿਚ ਮਸਤ ਰਹਿਣਾ ਚਾਹੀਦਾ ਹੈ। ਨੌਕਰੀਪੇਸ਼ਾ ਮਹਿਲਾਵਾਂ ਹਮੇਸ਼ਾ ਯਾਦ ਰੱਖਣ ਕਿ ਉਨ੍ਹਾਂ ਦੀ ਗੱਲਬਾਤ ਦਾ ਸਲੀਕਾ ਹੀ ਉਨ੍ਹਾਂ ਦੀ ਚੰਗੀ ਸ਼ਖ਼ਸੀਅਤ ਬਣਾਉਂਦਾ ਹੈ ਅਤੇ ਇਹੋ ਸਲੀਕਾ ਉਨ੍ਹਾਂ ਦੀ ਪਹਿਚਾਣ ਹੁੰਦਾ ਹੈ।
-ਕੋਠੀ ਨੰਬਰ 61 ਏ, ਵਿੱਦਿਆ ਨਗਰ, ਪਟਿਆਲਾ। ਮੋਬਾਈਲ : 9463819174

ਪਿਛਲੀ ਖ਼ਬਰ ਪਾਣੀ ਦੀ ਯੋਗ ਵਰਤੋਂ ਵਿਚ ਔਰਤਾਂ ਦਾ ਯੋਗਦਾਨ ਅਗਲੀ ਖ਼ਬਰ ਵਿਵਾਦ ਦੇ ਚੱਲਦਿਆਂ ਇਸ ਵਾਰ ਵੀ ਗੁਰਦੁਆਰਾ ਸਿੰਘ ਸਿੰਘਣੀਆਂ ਵਿਖੇ ਮਨਾਈ ਜਾ ਰਹੀ ਭਾਈ ਤਾਰੂ ਸਿੰਘ ਦੀ ਸ਼ਹੀਦੀ ਬਰਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।