ਮਹਾਤਮਾ ਬੁੱਧ ਦੇ ਖ਼ਾਸ ਚੇਲੇ ਆਨੰਦ ਨੇ ਇਕ ਵਾਰ ਉਨ੍ਹਾਂ ਤੋਂ ਪੁੱਛਿਆ, 'ਬੁੱਧ ਜੀ, ਗਿਆਨ ਦੀ ਹੱਦ ਕਿੱਥੇ ਹੈ? ਕੀ ਜੋ ਗਿਆਨ ਆਪ ਨੇ ਪ੍ਰਾਪਤ ਕੀਤਾ ਹੈ, ਇਸ ਤੋਂ ਵੱਧ ਹੋਰ ਵੀ ਗਿਆਨ ਹੈ ਕਿ ਨਹੀਂ?'

ਬੁੱਧ ਜੀ ਨੇ ਬੜੀ ਮਿਠਾਸ ਤੇ ਨਿਮਰਤਾ ਨਾਲ ਆਨੰਦ ਨੂੰ ਆਖਿਆ, 'ਜਾਓ, ਸਾਹਮਣੇ ਖੜ੍ਹੇ ਦਰੱਖਤ ਦੇ ਹੇਠੋਂ ਪੱਤੇ ਚੁੱਕ ਕੇ ਲਿਆਓ |' ਆਨੰਦ ਨੇ ਇਵੇਂ ਹੀ ਕੀਤਾ | ਬੁੱਧ ਜੀ ਨੇ ਮੁਸਕਰਾਉਂਦੇ ਹੋਏ ਆਨੰਦ ਤੋਂ ਪੁੱਛਿਆ, 'ਕੀ ਤੁਸੀਂ ਸਾਰੇ ਪੱਤੇ ਚੁੱਕ ਲਿਆਂਦੇ ਹਨ?'
'ਨਹੀਂ ਜੀ ਪੱਤੇ ਤਾਂ ਅਣਗਿਣਤ ਖਿੱਲਰੇ ਪਏ ਹਨ | ਮੈਂ ਤਾਂ ਕੁਝ ਕੁ ਪੱਤੇ ਹੀ ਚੁੱਕ ਕੇ ਲਿਆਂਦੇ ਹਨ |' ਆਨੰਦ ਨੇ ਉੱਤਰ ਦਿੱਤਾ |
ਬੁੱਧ ਜੀ ਨੇ ਆਨੰਦ ਨੂੰ ਸਮਝਾਇਆ, 'ਦਰੱਖਤ ਦੇ ਪੱਤਿਆਂ ਵਾਂਗ ਗਿਆਨ ਦੇ ਪੱਤੇ ਵੀ ਅਣਗਿਣਤ ਹਨ | ਮੈਂ ਵੀ ਦੋ ਚਾਰ ਪੱਤੇ ਹੀ ਪ੍ਰਾਪਤ ਕੀਤੇ ਹਨ | ਗਿਆਨ ਬੇਅੰਤ ਅਤੇ ਅਥਾਹ ਹੈ | ਮੈਂ ਅਜੇ ਵੀ ਗਿਆਨ ਦੀ ਭਾਲ ਵਿਚ ਹਾਂ |'
ਤੁਹਾਨੂੰ ਪਤਾ ਹੋਏਗਾ ਨਿਊਟਨ ਕਿੰਨਾ ਵੱਡਾ ਸਾਇੰਸਦਾਨ ਸੀ, ਪਰ ਉਹ ਵੀ ਕਿਹਾ ਕਰਦਾ ਸੀ, 'ਵਿਗਿਆਨ ਅਤੇ ਗਿਆਨ ਦਾ ਸਮੁੰਦਰ ਮੇਰੇ ਸਾਹਮਣੇ ਠਾਠਾਂ ਮਾਰ ਰਿਹਾ ਹੈ | ਮੈਂ ਇਕ ਬੱਚੇ ਵਾਂਗ ਉਸ ਦੇ ਕੰਢੇ 'ਤੇ ਬੈਠਾ ਘੋਗੇ ਚੁਣ ਰਿਹਾ ਹਾਂ |' ਪੜ੍ਹਾਈ ਦੀ ਅਤੇ ਗਿਆਨ ਦੀ ਕੋਈ ਹੱਦ ਨਹੀਂ ਹੁੰਦੀ | ਕਦੇ ਵੀ ਸਾਨੂੰ ਆਪਣੇ ਗਿਆਨ ਦਾ ਹੰਕਾਰ ਨਹੀਂ ਕਰਨਾ ਚਾਹੀਦਾ | ਸਾਰੀ ਉਮਰ ਨਿੱਤ-ਨਵੀਆਂ ਗੱਲਾਂ ਸਿੱਖਦੇ ਰਹਿਣਾ ਚਾਹੀਦਾ ਹੈ | ਸਾਰੀ ਉਮਰ ਹੀ ਸਾਨੂੰ ਪੜ੍ਹਦੇ ਰਹਿਣਾ ਚਾਹੀਦਾ ਹੈ ਤਾਂ ਕਿ ਗਿਆਨ ਵਧਦਾ ਰਹੇ |
-8562 ਸ਼ਾਰਲਟ ਕੋਰਟ, ਏਵਨ, ਇੰਡੀਆਨਾ, ਅਮਰੀਕਾ 46123
ਈਮੇਲ : shant.sukhdev@gmail.com