ਅਰਦਾਸ ਦੀ ਮਹਾਨਤਾ ਨੂੰ ਕਾਇਮ ਰੱਖਣ ਵਾਲੇ, ਸਿਦਕੀ ਤੇ ਸਿਰੜੀ ਯੋਧੇ ਅਤੇ ਸਿੱਖ ਆਗੂ ਵਜੋਂ ਜਾਣੇ ਜਾਂਦੇ ਸ਼ਹੀਦ ਸ. ਦਰਸ਼ਨ ਸਿੰਘ ਫੇਰੂਮਾਨ ਆਪਣੇ ਕੀਤੇ ਪ੍ਰਣ ਨੂੰ ਨਿਭਾਉਣ ਵਾਲੇ 20ਵੀਂ ਸਦੀ ਦੇ ਉਨ੍ਹਾਂ ਆਗੂਆਂ 'ਚੋਂ ਇਕ ਸਨ, ਜਿਨ੍ਹਾਂ ਜੋ ਕਿਹਾ ਉਹ ਤੋੜ ਨਿਭਾਇਆ | ਆਪਣੀ ਕੁਰਬਾਨੀ ਦੇਣ ਕਰਕੇ ਉਹ ਸਮੁੱਚੇ ਪੰਜਾਬੀਆਂ ਵਿਚ ਸਤਿਕਾਰੇ ਜਾਂਦੇ ਹਨ | ਇਸ ਮਹਾਨ ਸ਼ਹੀਦ ਦਾ ਜਨਮ 1 ਅਗਸਤ 1885 ਈ. ਨੂੰ ਅੰਮਿ੍ਤਸਰ ਜ਼ਿਲ੍ਹੇ ਦੇ ਕਸਬਾ ਰਈਆ ਦੇ ਨਜ਼ਦੀਕ ਪਿੰਡ ਫੇਰੂਮਾਨ ਵਿਚ ਪਿਤਾ ਸ. ਚੰਦਾ ਸਿੰਘ ਤੇ ਮਾਤਾ ਰਾਜ ਕੌਰ ਦੇ ਗ੍ਰਹਿ ਵਿਖੇ ਹੋਇਆ | ਸ. ਦਰਸ਼ਨ ਸਿੰਘ ਦਸਵੀਂ ਦਾ ਇਮਤਿਹਾਨ ਪਾਸ ਕਰਨ ਤੋਂ ਪਿੱਛੋਂ 1912 ਈ. ਵਿਚ ਫੌਜ ਵਿਚ ਸਿਪਾਹੀ ਭਰਤੀ ਹੋ ਗਏ, ਉਨ੍ਹਾਂ ਨੌਕਰੀ ਕੇਵਲ ਦੋ ਕੁੁ ਸਾਲ ਹੀ ਕੀਤੀ | ਇਸ ਪਿੱਛੋਂ ਉਨ੍ਹਾਂ ਨੇ ਹਿਸਾਰ ਵਿਚ ਰਹਿੰਦਿਆਂ ਠੇਕੇਦਾਰੀ ਸ਼ੁਰੂ ਕਰ ਦਿੱਤੀ | 1921 ਈ. ਵਿਚ ਚਾਬੀਆ ਦੇ ਮੋਰਚੇ ਦੌਰਾਨ ਉਹ ਗਿ੍ਫ਼ਤਾਰ ਹੋ ਗਏ | ਗਿ੍ਫ਼ਤਾਰੀ ਪਿੱਛੋਂ ਉਨ੍ਹਾਂ ਨੂੰ ਪਹਿਲੀ ਵਾਰ ਇਕ ਸਾਲ ਦੀ ਕੈਦ ਕੱਟਣੀ ਪਈ|

ਇਸ ਪਿੱਛੋਂ ਦਸੰਬਰ 1924 ਵਿਚ ਜੈਤੋ ਦਾ ਮੋਰਚਾ ਆਪਣੇ ਸਿਖ਼ਰਾਂ 'ਤੇ ਸੀ ਅਤੇ ਸਿੱਖਾਂ ਦੀਆਂ ਗਿ੍ਫ਼ਤਾਰੀਆ ਦਾ ਦੌਰ ਚੱਲ ਰਿਹਾ ਸੀ | ਇਸ ਦੌਰਾਨ ਸ. ਦਰਸ਼ਨ ਸਿੰਘ ਫੇਰੂਮਾਨ ਨੂੰ 14ਵੇਂ ਜਥੇ ਦਾ ਜਥੇਦਾਰ ਥਾਪਿਆ ਗਿਆ | ਜਥੇ ਦੀ ਗਿ੍ਫ਼ਤਾਰੀ ਤੋਂ ਪਿੱਛੋਂ ਉਨ੍ਹਾਂ ਨੂੰ 10 ਮਹੀਨੇ ਲਗਾਤਾਰ ਜੇਲ੍ਹ 'ਚ ਰਹਿਣਾ ਪਿਆ | 1926 ਈ. ਵਿਚ ਸ. ਦਰਸ਼ਨ ਸਿੰਘ ਮਲਾਇਆ ਚਲੇ ਗਏ | ਉੱਥੇ ਵੀ ਉਨ੍ਹਾਂ ਨੇ ਸੰਘਰਸ਼ ਨੂੰ ਮੱਠਾ ਨਹੀਂ ਪੈਣ ਦਿੱਤਾ | ਫਿਰ ਗਿ੍ਫ਼ਤਾਰ ਹੋ ਗਏ ਅਤੇ ਜੇਲ੍ਹ ਵਿਚ ਕਛਹਿਰਾ ਪਹਿਨਣ ਦਾ ਹੱਕ ਪ੍ਰਾਪਤ ਕਰਨ ਲਈ 21 ਦਿਨ ਲਗਾਤਾਰ ਭੁੱਖ ਹੜਤਾਲ ਕੀਤੀ | ਆਪਣੀ ਗੱਲ ਮਨਵਾ ਕੇ ਹੀ ਭੁੱਖ ਹੜਤਾਲ ਖ਼ਤਮ ਕੀਤੀ | ਇਸ ਪਿੱਛੋਂ ਜਦੋਂ ਦੇਸ਼ ਪਰਤੇ, ਆਜ਼ਾਦੀ ਦੀ ਲਹਿਰ ਲਈ ਚੱਲ ਰਹੇ ਸੰਘਰਸ਼ ਤਹਿਤ ਕਾਂਗਰਸ ਵਲੋਂ ਚਲਾਈ 'ਸਿਵਲ ਨਾ ਫੁਰਮਾਨੀ ਲਹਿਰ' ਅਤੇ 'ਭਾਰਤ ਛੱਡੋ ਲਹਿਰ' ਵਿਚ ਭਰਪੂਰ ਯੋਗਦਾਨ ਪਾਇਆ | ਉਹ ਕਾਂਗਰਸ ਪਾਰਟੀ ਵਲੋਂ ਨਾਮਜ਼ਦਗੀ ਪ੍ਰਾਪਤ ਕਰਕੇ ਰਾਜ ਸਭਾ ਦੇ ਮੈਂਬਰ ਵੀ ਬਣੇ, ਪਰ ਕਾਂਗਰਸ ਪਾਰਟੀ ਨਾਲ ਮਤਭੇਦ ਹੋਣ ਕਰਕੇ ਉਹ ਕਾਂਗਰਸ ਨੂੰ ਛੱਡ ਕੇ ਸੁਤੰਤਰ ਪਾਰਟੀ ਵਿਚ ਸ਼ਾਮਿਲ ਹੋ ਕੇ ਪੰਜਾਬ 'ਚ ਸੁਤੰਤਰ ਪਾਰਟੀ ਦੇ ਪ੍ਰਚਾਰ ਲਈ ਯਤਨਸ਼ੀਲ ਰਹੇ | ਪੰਜਾਬੀ ਬੋਲਦੇ ਇਲਾਕਿਆਂ ਅਤੇ ਚੰਡੀਗੜ੍ਹ ਨੂੰ ਪੰਜਾਬ 'ਚ ਸ਼ਾਮਿਲ ਕਰਾਉਣ ਲਈ ਉਸ ਸਮੇਂ ਦੇ ਅਕਾਲੀ ਆਗੂਆਂ ਵਲੋਂ ਵਾਰ-ਵਾਰ ਸ੍ਰੀ ਅਕਾਲ ਤਖ਼ਤ ਸਾਹਮਣੇ ਪ੍ਰਣ ਤੇ ਅਰਦਾਸ ਤੋਂ ਜਦੋਂ ਮੂੰਹ ਫੇਰਿਆ ਗਿਆ ਤਾਂ ਇਸ ਨਾਲ ਸਿਦਕੀ, ਕਹਿਣੀ ਤੇ ਕਰਨੀ ਦੇ ਸੂਰੇ ਤੇ ਪੂਰੇ ਸਿੱਖ ਦੇ ਹਿਰਦੇ ਨੂੰ ਡੂੰਘਾ ਸਦਮਾ ਪਹੁੰਚਾਇਆ | ਇਸ ਸਿਰੜੀ ਸਿੱਖ ਆਗੂ ਨੇ 15 ਅਗਸਤ 1969 ਨੂੰ ਮਰਨ ਵਰਤ ਆਰੰਭ ਕਰ ਦਿੱਤਾ | ਉਨ੍ਹਾਂ ਨੇ ਆਪਣੀ ਅਰਦਾਸ ਵਿਚ ਪੰਜਾਬੀ ਬੋਲਦੇ ਇਲਾਕੇ ਤੇ ਚੰਡੀਗੜ੍ਹ ਨੂੰ ਪੰਜਾਬ ਵਿਚ ਸ਼ਾਮਿਲ ਕਰਨ ਦੀ ਮੰਗ ਪੂਰੀ ਹੋਣ ਤੱਕ ਵਰਤ 'ਤੇ ਰਹਿਣ ਦਾ ਸੰਕਲਪ ਕੀਤਾ | ਨਾਲ ਹੀ ਉਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਅੱਗੇ ਆਪਣੇ ਪ੍ਰਣ ਨੂੰ ਜ਼ਿੰਦਗੀ ਦੀ ਡੋਰ ਟੁੱਟਣ ਤੱਕ ਤੋੜ ਨਿਭਾਉਣ ਲਈ ਬਲ ਅਤੇ ਦਿ੍ੜ ਇਰਾਦੇ ਨਾਲ ਬੇਨਤੀ ਕੀਤੀ | ਇਸ ਮਹਾਨ ਸਿਦਕੀ ਸਿੱਖ ਯੋਧੇ ਨੇ ਆਪਣੇ ਪ੍ਰਣ ਨੂੰ ਨਿਭਾਉਣ ਲਈ ਅਤੇ ਕੀਤੀ ਅਰਦਾਸ 'ਤੇ ਕਾਇਮ ਰਹਿਣ ਲਈ ਲਗਾਤਾਰ 74 ਦਿਨ ਭੁੱਖੇ ਰਹਿ ਕੇ 27 ਅਕਤੂਬਰ 1969 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ | ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 27 ਅਕਤੂਬਰ ਮੰਗਲਾਵਾਰ ਨੂੰ ਉਨ੍ਹਾਂ ਦੀ ਯਾਦ ਵਿਚ ਚਲਾਏ ਜਾ ਰਹੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵਿਮੈਨ ਅਤੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਰਈਆ ਵਿਖੇ ਟਰੱਸਟ ਪਰਿਵਾਰ ਵਲੋਂ 57ਵੀਂ ਬਰਸੀ ਬੜੀ ਸ਼ਰਧਾ-ਭਾਵਨਾ ਨਾਲ ਮਨਾਈ ਜਾ ਰਹੀ ਹੈ |
-ਪੱਤਰ ਪ੍ਰੇਰਕ, ਰਈਆ (ਅੰਮਿ੍ਤਸਰ) |
ਮੋਬਾਈਲ : 98761-22614