26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਹਿਮ ਕਿਤਾਬ 'ਭਾਰਤ ਦੀ ਆਜ਼ਾਦੀ ਵਿਚ ਸਿੱਖਾਂ ਦਾ ਯੋਗਦਾਨ'

ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਹਿਮ ਕਿਤਾਬ 'ਭਾਰਤ ਦੀ ਆਜ਼ਾਦੀ ਵਿਚ ਸਿੱਖਾਂ ਦਾ ਯੋਗਦਾਨ'

ਅਜੀਤ ਡੈਸਕ 26-10-2026

ਸਿੱਖ ਪੰਥ ਦੀ ਬਹੁਤ ਹੀ ਨਾਮਵਰ ਸ਼ਖ਼ਸੀਅਤ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਪੰਜਾਬ ਦੇ ਇਕ ਮੁੱਖ ਸਿਆਸਤਦਾਨ, ਵਿਦਵਾਨ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਰਹੇ ਹਨ | ਉਨ੍ਹਾਂ ਦਾ ਜਨਮ 14 ਜਨਵਰੀ 1942 'ਚ ਹੋਇਆ |

ਬਚਪਨ ਤੋਂ ਹੀ ਪੜ੍ਹਨ-ਲਿਖਣ ਦੇ ਸ਼ੌਕ ਨੇ ਉਨ੍ਹਾਂ ਨੂੰ  ਅੰਗਰੇਜ਼ੀ ਵਿਸ਼ੇ ਦੇ ਪ੍ਰੋਫੈਸਰ ਵਜੋਂ ਉਭਾਰਿਆ | ਉਨ੍ਹਾਂ ਵਲੋਂ ਸਿੱਖ ਧਰਮ, ਸਿਧਾਂਤ ਤੇ ਇਤਿਹਾਸ ਸਬੰਧੀ 9 ਪੁਸਤਕਾਂ ਤੇ ਬਹੁਤ ਸਾਰੇ ਲੇਖ ਲਿਖੇ ਗਏ, ਜਿਨ੍ਹਾਂ 'ਚ ਗੁਰਮਤਿ ਵਿਚਾਰ ਅਤੇ ਸਿੱਖੀ ਜੀਵਨ (2006), ਗੁਰਮਤਿ ਸੱਭਿਆਚਾਰ (2008), ਜਿਨ੍ਹਾਂ ਧਰਮ ਨਹੀਂ ਹਾਰਿਆ (2009), ਜਿਨੀ ਸਚੁ ਪਛਾਣਿਆ (2011), ਸਿਖੀ ਸਿਖਿਆ ਗੁਰ ਵੀਚਾਰਿ (2012), ਚਰਨਹ ਗੋਬਿੰਦ ਮਾਰਗੁ ਸੁਹਾਵਾ (2015), ਸਾਡੇ ਕੌਮੀ ਹੀਰੇ ਸਿੱਖ ਜਰਨੈਲ (2021), ਸਚਹੁ ਓਰੈ ਸਭੁ ਕੋ (2022) ਅਤੇ ਭਾਰਤ ਦੀ ਆਜ਼ਾਦੀ ਵਿੱਚ ਸਿੱਖਾਂ ਦਾ ਯੋਗਦਾਨ (2024) ਮੁੱਖ ਹਨ | 'ਭਾਰਤ ਦੀ ਆਜ਼ਾਦੀ ਵਿਚ ਸਿੱਖਾਂ ਦਾ ਯੋਗਦਾਨ' ਵਿਚ ਪਾਠਕਾਂ ਨੂੰ  ਭਾਰਤ ਤੇ ਪੰਜਾਬ ਦੇ ਇਤਿਹਾਸ ਦੀ ਮੁੱਢ-ਕਦੀਮੋ ਜਾਣਕਾਰੀ ਮਿਲਦੀ ਹੈ | ਕਿਤਾਬ 'ਚ ਦੱਸਿਆ ਗਿਆ ਹੈ ਕਿ ਭਾਰਤ ਦੇਸ਼ ਆਖਰ ਕਦੋਂ, ਕਿਉਂ ਤੇ ਕਿਵੇਂ ਗੁਲਾਮ ਹੋਇਆ | ਕਿਵੇਂ ਇਕ ਅਰਬ ਦੇਸ਼ ਦੇ ਮਹਾਂਨਾਇਕ 18 ਸਾਲਾਂ ਦੇ ਨੌਜਵਾਨ ਮੁਹੰਮਦ-ਬਿਨ-ਕਾਸਮ ਨੇ 712 ਈ. 'ਚ ਭਾਰਤ 'ਤੇ ਹਮਲਾ ਕੀਤਾ ਅਤੇ ਭਾਰਤ ਦੇ ਬਹੁਤ ਖੁਸ਼ਹਾਲ ਸੂਬੇ ਸਿੰਧ ਤੇ ਮੁਲਤਾਨ ਦੇ ਖੇਤਰ 'ਤੇ ਕਬਜ਼ਾ ਕੀਤਾ | ਉਦੋਂ ਹੀ ਭਾਰਤ ਦੀ ਗੁਲਾਮੀ ਦੀ ਗਾਥਾ ਸ਼ੁਰੂ ਹੋਈ | ਭਾਰਤ ਦੇ ਉੱਤਰ-ਪੱਛਮੀ ਇਲਾਕੇ ਵਿਚ ਮੁਸਲਿਮ ਧਰਮ ਦਾ ਪਸਾਰ ਹੋਣ ਕਾਰਨ ਸਮਾਂ ਬੀਤਣ ਨਾਲ ਹੌਲ਼ੀ-ਹੌਲ਼ੀ ਸਾਰਾ ਉੱਤਰ ਭਾਰਤ ਮੁਸਲਿਮ ਸਾਮਰਾਜ ਅਧੀਨ ਆ ਗਿਆ | ਕਿਤਾਬ 'ਚ ਦੱਸਿਆ ਗਿਆ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਖ਼ਾਲਸਾ ਪੰਥ ਦੀ ਸਿਰਜਣਾ ਤੱਕ ਸਿੱਖਾਂ ਨੂੰ  ਮੁਸਲਿਮ ਜਗਤ ਦੇ ਹੁਕਮਰਾਨਾਂ ਦੇ ਅੱਤਿਆਚਾਰ ਝੱਲਣੇ ਪਏ | ਖ਼ਾਲਸੇ ਨੇ ਸ਼ਹੀਦੀਆਂ ਤੇ ਕਾਰਨਾਮਿਆਂ ਨਾਲ ਦੁਨੀਆ ਨੂੰ  ਹੈਰਾਨ ਕੀਤਾ ਤੇ ਸਮੁੱਚੇ ਜਗਤ 'ਚ ਆਪਣੀ ਹੋਂਦ ਕਾਇਮ ਕੀਤੀ | ਕਿਤਾਬ 'ਚ ਦੱਸਿਆ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋਈ ਤੇ ਉਸ ਤੋਂ ਬਾਅਦ ਹਜ਼ਾਰਾਂ ਸਿੰਘਾਂ, ਸਿੰਘਣੀਆਂ, ਭੁਝੰਗੀਆਂ ਨੇ ਸ਼ਹੀਦੀ ਦੇ ਜਾਮ ਪੀਤੇ | ਕਿਤਾਬ 'ਚ ਮਿਸਲ ਕਾਲ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਦੀ ਚਰਚਾ ਕੀਤੀ ਗਈ ਹੈ | ਕਿਵੇਂ ਅਫ਼ਗਾਨਿਸਤਾਨ ਤੋਂ ਲੈ ਕੇ ਸਤਲੁਜ ਦਰਿਆ ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਦੀ ਸਰਹੱਦ ਬਣਿਆ, ਕਿਵੇਂ ਅੰਗਰੇਜ਼ੀ ਸਰਕਾਰ ਤੋਂ ਵਪਾਰਕ ਪ੍ਰਵਾਨਗੀ ਲੈ ਕੇ ਈਸਟ ਇੰਡੀਆ ਕੰਪਨੀ ਨੇ ਭਾਰਤ ਨਾਲ ਵਪਾਰ ਸ਼ੁਰੂ ਕੀਤਾ ਤੇ ਸਮਾਂ ਬੀਤਣ ਨਾਲ ਪੂਰੇ ਦੇਸ਼ 'ਤੇ ਕਬਜ਼ਾ ਕਰ ਲਿਆ | 29 ਮਾਰਚ 1849 ਨੂੰ  ਜਦੋਂ ਪੰਜਾਬ ਅੰਗਰੇਜ਼ੀ ਕੰਪਨੀ ਦੇ ਸਾਮਰਾਜ ਅਧੀਨ ਆਇਆ ਤਾਂ ਉਨ੍ਹਾਂ ਦੀਆਂ ਮਾਰੂ ਨੀਤੀਆਂ ਦੀ ਵਿਰੋਧਤਾ 'ਚ ਪੰਜਾਬੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ | ਕਿਤਾਬ 'ਚ ਦੱਸਿਆ ਕਿ ਕਿਵੇਂ ਭਾਈ ਗੁਰਬਖਸ਼ ਸਿੰਘ ਅਨੰਦਪੁਰ ਸਾਹਿਬ ਵਿਖੇ ਗੁਰੂ ਦੇ ਖ਼ਾਲਸੇ ਬਣੇ ਤੇ ਅਬਦਾਲੀ ਦੇ ਖ਼ੌਫ਼ ਤੋਂ ਨਾ ਡਰਦੇ ਹੋਏ ਦਸੰਬਰ 1764 'ਚ ਆਪਣੇ 30 ਸਿੱਖ ਸਾਥੀਆਂ ਨਾਲ 30 ਹਜ਼ਾਰ ਪਠਾਣਾਂ ਦਾ ਸਾਹਮਣਾ ਕੀਤਾ ਤੇ ਸ਼ਹੀਦੀ ਪ੍ਰਾਪਤ ਕੀਤੀ | ਕਿਤਾਬ 'ਚ ਸੰਤ ਸਿਪਾਹੀ ਬਾਬਾ ਮਹਾਰਾਜ ਸਿੰਘ ਨੌਰੰਗਾਬਾਦ ਦੇ ਜੀਵਨ ਬਾਰੇ ਚਰਚਾ ਕੀਤੀ ਗਈ ਹੈ | ਕਿਤਾਬ 'ਚ ਪੰਜਾਬ ਦੇ ਗਦਰੀ ਯੋਧਿਆਂ ਬਾਰੇ ਤੇ ਉਨ੍ਹਾਂ ਵਲੋਂ ਕੀਤੇ ਸੰਘਰਸ਼ ਬਾਰੇ ਜਾਣਕਾਰੀ ਦਿੱਤੀ ਗਈ ਹੈ | ਜ਼ਿਕਰ ਕੀਤਾ ਗਿਆ ਹੈ ਕਿ ਜੋ ਆਜ਼ਾਦੀ ਅਸੀਂ 15 ਅਗਸਤ 1947 ਨੂੰ  ਪ੍ਰਾਪਤ ਕੀਤੀ, ਉਸ ਆਜ਼ਾਦੀ ਦੀ ਨੀਂਹ ਗਦਰੀ ਯੋਧਿਆਂ ਦੁਆਰਾ ਧਰੀ ਗਈ ਸੀ | ਪ੍ਰੋਫੈਸਰ ਸਾਹਿਬ ਵਲੋਂ ਕਿਤਾਬ 'ਚ ਕਾਲੇ ਪਾਣੀਆਂ ਦੀ ਸੈਲੂਲਰ ਜੇਲ੍ਹ ਦੇ ਜਾਂਬਾਜ਼ ਸਿਰਲੱਥ ਸ਼ਹੀਦ ਯੋਧਿਆਂ ਬਾਰੇ ਚਰਚਾ ਕੀਤੀ ਗਈ ਹੈ | ਦੱਸਿਆ ਗਿਆ ਹੈ ਕਿ ਸੈਲੂਲਰ ਜੇਲ੍ਹ, ਬਰਮਾ ਦੀ ਮਾਂਡਲੇ ਜੇਲ੍ਹ ਤੋਂ ਬਾਅਦ ਦੁਨੀਆ ਦੀ ਸਭ ਤੋਂ ਵੱਧ ਜ਼ੁਲਮੀ ਤੇ ਬਦਨਾਮ ਜੇਲ੍ਹ ਹੈ | ਭਾਰਤੀ ਇਤਿਹਾਸ ਦੀ ਇਕ ਤ੍ਰਾਸਦੀ ਭਰੀ ਘਟਨਾ ਕਾਮਾਗਾਟਾਮਾਰੂ ਦੀ ਘਟਨਾ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ | ਕਿਤਾਬ 'ਚ ਬੱਬਰ ਅਕਾਲੀ ਲਹਿਰ ਦੇ ਸੰਘਰਸ਼ੀ ਯੋਧੇ ਸਵੈਮਾਨ ਤੇ ਆਜ਼ਾਦੀ ਦੇ ਪਰਵਾਨੇ ਬਣੇ, ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਤੇ ਅਮਰ ਸ਼ਹੀਦ ਊਧਮ ਸਿੰਘ ਸੁਨਾਮ ਬਾਰੇ ਵਿਸਥਾਰਪੂਰਵਕ ਜ਼ਿਕਰ ਕੀਤਾ ਗਿਆ ਹੈ | ਕਿਤਾਬ 'ਚ ਕਈ ਉਨ੍ਹਾਂ ਮਹਾਨ ਸ਼ਹੀਦਾਂ ਦਾ ਜ਼ਿਕਰ ਮਿਲਦਾ ਹੈ, ਜਿਨ੍ਹਾਂ ਦਾ ਨਾਮ ਭਾਰਤੀ ਇਤਿਹਾਸ ਦੇ ਪੰਨਿਆਂ 'ਚੋਂ ਅਲੋਪ ਹੋ ਗਿਆ ਜਾਪਦਾ ਹੈ | ਇਨ੍ਹਾਂ ਅਲੋਪ ਹੋ ਗਏ ਸ਼ਹੀਦਾਂ ਨੂੰ  ਪ੍ਰੋਫੈਸਰ ਸਾਹਿਬ ਵਲੋਂ ਭਾਰਤੀ ਇਤਿਹਾਸ 'ਚ ਇਕ ਵਾਰ ਫਿਰ ਜਿਊਾਦੇ ਕੀਤਾ ਗਿਆ | 'ਭਾਰਤ ਦੀ ਆਜ਼ਾਦੀ 'ਚ ਸਿੱਖਾਂ ਦਾ ਯੋਗਦਾਨ' ਕਿਤਾਬ ਭਾਰਤੀ ਸਾਹਿਤ ਦੇ ਖੇਤਰ 'ਚ ਤੇ ਭਾਰਤੀ ਇਤਿਹਾਸ ਦੇ ਖੇਤਰ 'ਚ ਵਿਸ਼ੇਸ਼ ਸਥਾਨ ਰੱਖਣ ਵਾਲੀ ਕਿਤਾਬ ਹੈ | ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਵਲੋਂ ਭਾਰਤੀ ਤੇ ਪੰਜਾਬੀ ਇਤਿਹਾਸ ਦੇ ਬਹੁਤ ਸਾਰੇ ਅਣਗੌਲੇ ਤੱਥਾਂ ਨੂੰ  ਇਸ ਕਿਤਾਬ 'ਚ ਪੇਸ਼ ਕੀਤਾ ਗਿਆ ਹੈ | ਅਜਿਹੇ ਤੱਥਾਂ ਦੀ ਖੋਜ ਅਤੇ ਉਨਾਂ ਦਾ ਮੁਲਾਂਕਣ ਪ੍ਰੋਫੈਸਰ ਸਾਹਿਬ ਦੀ ਵਿਦਵਤਾ ਨੂੰ  ਦਰਸਾਉਂਦਾ ਹੈ | ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਹੈ ਕਿ ਜੇ 'ਭਾਰਤ ਦੀ ਆਜ਼ਾਦੀ ਵਿਚ ਸਿੱਖਾਂ ਦਾ ਯੋਗਦਾਨ' ਜਿਹੀਆਂ ਕਿਤਾਬਾਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ  ਪੜ੍ਹਨ ਲਈ ਮਿਲਦੀਆਂ ਹਨ ਤਾਂ ਉਨ੍ਹਾਂ ਨੂੰ  ਪੰਜਾਬ ਦੇ ਸਿੱਖ ਇਤਿਹਾਸ ਨਾਲ ਜੋੜਿਆ ਜਾ ਸਕਦਾ ਹੈ ਅਤੇ ਸਹੀ ਸੇਧ ਦਿੱਤੀ ਜਾ ਸਕਦੀ ਹੈ |

-ਸਹਾਇਕ ਪ੍ਰੋਫੈਸਰ, ਪੀ.ਜੀ. ਵਿਭਾਗ ਹਿਸਟਰੀ,
ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) | ਮੋਬਾਈਲ : 94645-21622
ਈਮੇਲ : singhgaddiwal13@gmail.com

ਪਿਛਲੀ ਖ਼ਬਰ ਕਪਾਲ ਮੋਚਨ ਵਿਖੇ ਸੁਸ਼ੋਭਿਤ ਗੁਰਦੁਆਰਾ ਸਾਹਿਬਾਨ ਅਗਲੀ ਖ਼ਬਰ ਕੱਲ੍ਹ ਬਰਸੀ 'ਤੇ ਵਿਸ਼ੇਸ਼ ਸਿਦਕੀ ਤੇ ਸਿਰੜੀ ਯੋਧੇ ਸਨ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।