28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਵੇਦਾਂਤ ਅਚਾਰੀਆ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀਵਾਲੇ

ਵੇਦਾਂਤ ਅਚਾਰੀਆ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀਵਾਲੇ

ਅਜੀਤ ਡੈਸਕ 28-09-2026

ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰਪੰਰਾ (ਗਰੀਬਦਾਸੀਯ ਸੰਪਰਦਇ) ਦੇ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦਾ ਜਨਮ  ਇਤਿਹਾਸਕ ਪਿੰਡ ਧਾਮ ਝਾਂਡੀਆਂ ਕਲਾਂ (ਨੇੜੇ ਨੂਰਪੁਰਬੇਦੀ), ਤਹਿਸੀਲ ਸ੍ਰੀ ਅਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ ਵਿਖੇ ਪਿਤਾ ਸ੍ਰੀ ਰਾਮ ਰੱਖਾ ਤੇ ਮਾਤਾ ਸ੍ਰੀਮਤੀ ਮਣਸੋ ਦੇਵੀ ਦੇ ਘਰ ਹੋਇਆ | ਉਨ੍ਹਾਂ ਨੂੰ  ਮਹਿਜ਼ ਦੋ ਸਾਲ ਦੀ ਉਮਰ ਵਿਚ ਪਿਤਾ ਨੇ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀਯ ਸੰਪਰਦਾਇ) ਦੇ ਦੂਜੇ ਗੱਦੀਨਸ਼ੀਨ ਸਵਾਮੀ ਲਾਲ ਦਾਸ ਭੂਰੀਵਾਲਿਆਂ ਨੂੰ  ਅਰਪਣ ਕਰ ਦਿੱਤਾ ਸੀ | ਸਵਾਮੀ ਲਾਲ ਦਾਸ  ਭੂਰੀਵਾਲਿਆਂ ਦੀ ਇੱਛਾ ਅਨੁਸਾਰ ਉਨ੍ਹਾਂ ਦਾ ਪਾਲਣ ਪੋਸ਼ਣ ਅਤੇ ਮੈਟਿ੍ਕ ਤੱਕ ਦੀ ਪੜ੍ਹਾਈ ਪਰਿਵਾਰ ਵਲੋਂ ਕਰਵਾਈ ਗਈ |

ਉਪਰੰਤ ਲੁਧਿਆਣਾ ਸਥਿਤ ਭੂਰੀਵਾਲੇ ਆਸ਼ਰਮ ਵਿਖੇ ਸੰਨਿਆਸ ਧਾਰਨ ਕਰਕੇ ਗੇਰੂਆਂ ਬਸਤਰ ਪ੍ਰਾਪਤ ਕਰਨ ਉਪਰੰਤ ਉਨ੍ਹਾਂ ਦਾ ਨਾਂਅ ਸਵਾਮੀ ਚੇਤਨਾ ਨੰਦ ਭੂਰੀਵਾਲੇ ਰੱਖਿਆ ਗਿਆ | ਫਿਰ ਸਵਾਮੀ ਬ੍ਰਹਮਾ ਨੰਦ ਮਹਾਰਾਜ ਭੂਰੀਵਾਲਿਆਂ (ਗਊਆਂ ਵਾਲਿਆਂ) ਨੇ ਉਨ੍ਹਾਂ ਨੂੰ  ਉੱਚ ਸਿੱਖਿਆ ਪ੍ਰਾਪਤ ਕਰਨ ਹਿੱਤ ਕਾਸ਼ੀ ਵਿਖੇ ਸੰਪੂਰਨ ਨੰਦ ਸੰਸਕ੍ਰਿਤੀ ਵਿਸ਼ਵ ਵਿਦਿਆਲਿਆ, ਬਨਾਰਸ ਵਿਖੇ ਦਾਖ਼ਲਾ ਦਿਵਾਇਆ | ਸੰਨ 1989 ਤੋਂ 1992 ਤੱਕ ਉੁਕਤ ਯੂਨੀਵਰਸਿਟੀ ਵਿਚ ਵੇਦਾਂਤ ਸ਼ਾਸਤਰੀ ਤੇ ਅਚਾਰੀਆ ਦੀ ਡਿਗਰੀ ਪ੍ਰਾਪਤ ਕੀਤੀ | 1992 ਤੋਂ ਬਾਅਦ ਪੜ੍ਹਾਈ ਪੂਰੀ ਕਰਕੇ ਸਤਿਗੁਰੂ ਸਵਾਮੀ ਬ੍ਰਹਮਾ ਨੰਦ ਮਹਾਰਾਜ ਭੂਰੀਵਾਲਿਆਂ ਦੇ ਨਾਲ ਵਿਚਰਨ ਲੱਗੇ | ਭਾਵੇਂ ਕਿ ਇਸ  ਸੰਪਰਦਇ 'ਚ ਸਵਾਮੀ ਬ੍ਰਹਮਾ ਨੰਦ ਮਹਾਰਾਜ ਭੂਰੀਵਾਲਿਆਂ ਦੇ ਹੋਰ ਸ਼ਿਸ਼ ਸੰਤ-ਮਹਾਂਪੁਰਸ਼ ਵੀ ਸਨ | ਪਰ ਇਨ੍ਹਾਂ ਦੀ ਕਾਬਲੀਅਤ ਤੇ ਸਤਿਗੁਰਾਂ ਪ੍ਰਤੀ ਆਤਮ ਸਮਰਪਣ ਨੂੰ  ਸਮਝਦਿਆਂ ਉਨ੍ਹਾਂ ਨੇ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਨੂੰ  ਸ੍ਰੀ ਬ੍ਰਹਮ ਸਰੋਵਰ ਭੂਰੀਵਾਲਿਆਂ ਦੇ ਧਾਮ ਮਾਲੇਵਾਲ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਗੁਰਗੱਦੀ ਦੇ ਅਗਲੇ ਭਾਵ ਚੌਥੇ ਗੱਦੀਨਸ਼ੀਨ ਵਜੋਂ ਥਾਪਨਾ ਦਿੱਤੀ | ਇਸੇ ਦੌਰਾਨ 1 ਮਈ, 2002 ਨੂੰ  ਸਵਾਮੀ ਬ੍ਰਹਮਾ ਨੰਦ ਭੂਰੀਵਾਲਿਆਂ ਦੇ ਪੰਜ ਭੌਤਿਕ ਸਰੀਰ ਤਿਆਗ ਜਾਣ ਉਪਰੰਤ 17 ਮਈ, 2002 ਨੂੰ   ਗਰੀਬਦਾਸੀ ਪੰਥ ਦੇ ਸਰਬਉੱਚ ਪੀਠ ਛਤਰੀ ਸਾਹਿਬ ਛੁਡਾਣੀ ਧਾਮ (ਹਰਿਆਣਾ) ਦੇ ਪੀਠਾਦੀਸ਼ਵਰ ਮਹੰਤ ਸ੍ਰੀ ਦਯਾ ਸਾਗਰ ਮੇਹਰਬਾਨ, ਖਟ ਦਰਸ਼ਨ ਸਾਧੂ ਸਮਾਜ ਅਤੇ ਸੰਗਤਾਂ ਨੇ ਸ੍ਰੀ ਬ੍ਰਹਮ ਨਿਵਾਸ ਆਸ਼ਰਮ ਸਪਤ ਸਰੋਵਰ ਮਾਰਗ ਦੱਖਣੀ ਭਾਗ (ਉੱਤਰਾਖੰਡ) ਵਿਖੇ ਭੂਰੀਵਾਲਿਆਂ ਦੀ ਚੌਥੀ ਗੁਰਗੱਦੀ 'ਤੇ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਨੂੰ  ਬਿਰਾਜਮਾਨ ਕੀਤਾ | ਬ੍ਰਹਮਲੀਨ ਸਤਿਗੂਰ ਬ੍ਰਹਮਾਨੰਦ ਮਹਾਰਾਜ ਭੂਰੀਵਾਲਿਆਂ ਦੁਆਰਾ ਸਮਾਜ ਦੇ ਸਰਬਪੱਖੀ ਵਿਕਾਸ ਲਈ ਬਣਾਏ ਵਿੱਦਿਅਕ ਸੰਸਥਾਨ ਖ਼ਾਸ ਕਰਕੇ (ਲੜਕੀਆਂ), ਸਿਹਤ ਅਦਾਰੇ, ਪਬਲਿਕ ਸਕੂਲ, ਡਿਗਰੀ ਕਾਲਜਾਂ ਅਤੇ  ਹੋਰ ਵੀ ਸਮਾਜਿਕ ਕਾਰਜਾਂ ਨੂੰ  ਬਾਖੂਬੀ ਚਲਾਇਆ ਹੀ ਨਹੀਂ, ਸਗੋਂ ਉਨ੍ਹਾਂ 'ਚ ਬੇਸ਼ੁਮਾਰ ਵਾਧਾ ਵੀ ਕੀਤਾ | ਵੇਦਾਂਤ ਅਚਾਰੀਆ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਵਲੋਂ ਜਿੱਥੇ ਆਸਟ੍ਰੇਲੀਆ ਅਤੇ ਕੈਨੇਡਾ ਵਿਖੇ ਆਸ਼ਰਮ ਬਣਵਾਏ ਗਏ, ਉੱਥੇ ਭਾਰਤ ਦੇ ਵੱਖ-ਵੱਖ ਰਾਜਾਂ 'ਚ ਨਾਮ ਬਾਣੀ ਦੇ ਪਸਾਰ ਲਈ ਦਿਨ-ਰਾਤ ਮਿਹਨਤ ਕੀਤੀ ਜਾ ਰਹੀ ਹੈ | ਅਚਾਰੀਆ ਵਲੋਂ ਨਸ਼ਾ ਰਹਿਤ ਸਮਾਜ ਸਿਰਜਣਾ, ਵਾਤਾਵਰਨ ਸੰਭਾਲ ਮੁਹਿੰਮ, ਪੀ.ਜੀ.ਆਈ. ਚੰਡੀਗੜ੍ਹ ਵਿਖੇ ਮਰੀਜ਼ਾਂ ਨੂੰ  ਦੇਸੀ ਘਿਓ 'ਚ ਤਿਆਰ ਰੋਜ਼ਾਨਾ ਲੰਗਰ ਵਾਹਨ ਭੇਜਣਾ, ਪੀ.ਜੀ.ਆਈ. ਦੇ ਮਰੀਜ਼ਾਂ ਲਈ ਵੱਖ-ਵੱਖ ਇਲਾਕਿਆਂ ਤੋਂ ਮੁਫ਼ਤ ਬੱਸ ਸੇਵਾ ਨਾਲ ਸਹਾਇਤਾ ਲਈ ਸੇਵਾਦਾਰਾਂ ਨੂੰ  ਭੇਜਣਾ, ਹਰਿਦੁਆਰ ਸਥਿਤ ਆਸ਼ਰਮ 'ਚ ਰੋਜ਼ਾਨਾ ਹਜ਼ਾਰਾਂ ਸਾਧੂਆਂ ਨੂੰ  ਦੋ ਵਕਤ ਭੋਜਨ ਮੁਹੱਈਆ ਕਰਵਾਉਣਾ, ਖੂਨਦਾਨ ਤੇ ਮੈਡੀਕਲ ਕੈਂਪਾਂ ਵਿਚ ਮੁਫ਼ਤ ਦਵਾਈਆਂ ਸਮੇਤ ਹੋਰ ਵੀ  ਸਮਾਜ ਭਲਾਈ ਲਈ ਅਨੇਕਾਂ ਕਾਰਜ ਉਨ੍ਹਾਂ ਵਲੋਂ ਨਿਰਵਿਘਨ ਕੀਤੇ ਜਾ ਰਹੇ ਹਨ | ਇਹ ਸੇਵਾ ਕਾਰਜ ਉਨ੍ਹਾਂ ਦੇ ਜੀਵਨ ਦਾ ਮੁੱਖ ਹਿੱਸਾ ਹਨ |  ਹਰ ਪਲ ਸਾਦਗੀ 'ਚ ਰਹਿਣ ਵਾਲੇ ਵੇਦਾਂਤ ਆਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦਾ ਜਨਮ ਦਿਵਸ ਮਨਾਉਣ ਲਈ ਗੁਰਗੱਦੀ ਪ੍ਰੰਪਰਾ ਦੀ ਸਰਬ ਸੰਗਤ ਵਲੋਂ ਹਰ ਸਾਲ ਦੀ ਤਰ੍ਹਾਂ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ, ਨੇੜੇ ਨੂਰਪੁਰਬੇਦੀ (ਰੂਪਨਗਰ) ਵਿਖੇ  27 ਸਤੰਬਰ ਤੋਂ ਤਿੰਨ ਦਿਨਾ ਵਿਸ਼ਾਲ ਸੰਤ ਸਮਾਗਮ ਆਰੰਭ ਕੀਤਾ ਹੋਇਆ ਹੈ | 28 ਸਤੰਬਰ ਨੂੰ  ਮੱਧ ਦੇ ਭੋਗ, ਖੂਨਦਾਨ ਕੈਂਪ ਤੇ ਮੁਫ਼ਤ ਮੈਗਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਦੀ ਸਮਾਪਤੀ ਮੌਕੇ  29 ਸਤੰਬਰ ਨੂੰ  ਪਹਿਲਾਂ ਅੰਮਿ੍ਤ ਵੇਲੇ ਸ਼ੋਭਾ ਯਾਤਰਾ ਸਜਾਉਣ ਉਪਰੰਤ ਬਾਣੀ ਦੇ ਸੰਪੂਰਨ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ |

-ਪ੍ਰਤੀਨਿਧ, ਨੂਰਪੁਰ ਬੇਦੀ (ਰੂਪਨਗਰ) |
ਮੋਬਾਈਲ : 94174-85097

ਪਿਛਲੀ ਖ਼ਬਰ ਚਿੰਤਾ ਤਾ ਕੀ ਕੀਜੀਐ ਅਗਲੀ ਖ਼ਬਰ ਮਹਾਨ ਕੋਸ਼ ਦੇ ਪ੍ਰਕਾਸ਼ਨ ਦੀ ਗਾਥਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।