23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਸਾਂਝੀਵਾਲਤਾ ਦੇ ਮਹਾਨ ਪ੍ਰਚਾਰਕ ਗੁਰੂ ਜੀ

ਸਾਂਝੀਵਾਲਤਾ ਦੇ ਮਹਾਨ ਪ੍ਰਚਾਰਕ ਗੁਰੂ ਜੀ

ਅਜੀਤ ਡੈਸਕ 24-11-2026
ਗੁਰੂੁ ਨਾਨਕ ਦੇਵ ਜੀ ਸੱਚੇ ਅਰਥਾਂ 'ਚ ਮਾਨਵਤਾ ਤੇ ਸਰਬ-ਸਾਂਝੀਵਾਲਤਾ ਦੇ ਰਹਿਬਰ ਸਨ | ਉਨ੍ਹਾਂ ਨੇ ਕਿਸੇ ਵਿਸ਼ੇਸ਼ ਧਰਮ, ਜਾਤ, ਨਸਲ ਤੋਂ ਉੱਪਰ ਉੱਠ ਕੇ ਨਿਰੋਲ ਮਾਨਵੀ ਧਰਮ ਦੀ ਨੀਂਹ ਰੱਖੀ | ਉਨ੍ਹਾਂ ਦੀ ਬ੍ਰਹਿਮੰਡੀ ਵਿਚਾਰਧਾਰਾ ਨੂੰ  ਕੇਵਲ ਸਿੱਖ ਧਰਮ ਤੱਕ ਸੀਮਤ ਕਰ ਦੇਣਾ ਬੇਸਮਝੀ ਹੋਵੇਗੀ | ਉਹ ਬਹੁਤ ਉੱਚੇ-ਸੁੱਚੇ ਵਿਚਾਰਾਂ, ਮਨੁੱਖੀ ਕਦਰਾਂ-ਕੀਮਤਾਂ ਨਾਲ ਲਬਰੇਜ਼, ਗਰੀਬਾਂ, ਨਿਮਾਣਿਆਂ ਤੇ ਨਿਤਾਣਿਆਂ ਨੂੰ  ਗਲੇ ਲਾਉਣ ਵਾਲੇ, ਹਰ ਧਰਮ ਦੇ ਪੈਰੋਕਾਰਾਂ ਨੂੰ  ਆਪਣੇ ਧਰਮ 'ਚ ਪੂਰਾ ਹੋਣ ਦੀ ਸਿੱਖਿਆ ਦੇਣ ਵਾਲੇ ਅਜਿਹੇ ਯੁੱਗ ਪੁਰਸ਼ ਸਨ, ਜਿਨ੍ਹਾਂ ਨੂੰ  ਬਾਕੀ ਧਰਮਾਂ ਦੇ ਲੋਕ ਵੀ ਇਕ ਜ਼ੁਬਾਨ ਨਾਲ ਆਪਣਾ ਰਹਿਬਰ ਕਹਿਣ 'ਚ ਮਾਣ ਮਹਿਸੂਸ ਕਰਦੇ ਹਨ | ਦੁਨੀਆ ਦੇ ਵੱਖ ਵੱਖ-ਦੇਸ਼ਾਂ 'ਚ ਗੁਰੂ ਜੀ ਨੂੰ  ਸ਼ਰਧਾ-ਭਾਵਨਾ ਅਨੁਸਾਰ ਵੱਖ-ਵੱਖ ਨਾਵਾਂ ਨਾਲ ਸਤਿਕਾਰ ਭੇਟ ਕੀਤਾ ਜਾਂਦਾ ਹੈ | ਜਿਵੇਂ ਤਿੱਬਤ ਵਿਚ ਨਾਨਕ ਲਾਮਾ, ਨਿਪਾਲ ਵਿਚ ਨਾਨਕ ਰਿਸ਼ੀ, ਸ੍ਰੀਲੰਕਾ ਵਿਚ ਨਾਨਕ ਅਚਾਰੀਆ, ਮੱਕਾ ਵਿਚ ਵਲੀ ਹਿੰਦ, ਬਗਦਾਦ ਵਿਚ ਨਾਨਕ ਪੀਰ, ਇਰਾਕ ਵਿਚ ਹਜ਼ਰਤ ਬਾਬਾ ਨਾਨਕ, ਭੂਟਾਨ ਵਿਚ ਗੁਰੂ ਰਿੰਪੋਚੀਆ ਅਤੇ ਮਿਸਰ ਵਿਚ ਨਾਨਕ ਵਲੀ ਆਦਿ ਨਾਵਾਂ ਨਾਲ ਗੁਰੂ ਜੀ ਪ੍ਰਤੀ ਆਪਣਾ ਸ਼ਰਧਾ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ | 
ਗੁਰੂ ਨਾਨਕ ਦੇਵ ਜੀ ਦੇ ਸਮਿਆਂ ਦੇ ਧਾਰਮਿਕ, ਸਮਾਜਿਕ, ਸੱਭਿਆਚਾਰਕ ਤੇ ਰਾਜਨੀਤਕ ਜੀਵਨ ਵਿਚ ਘੋਰ ਅਧੋਗਤੀ ਆ ਚੁੱਕੀ ਸੀ | ਆਲੇ-ਦੁਆਲੇ ਅਗਿਆਨਤਾ ਤੇ ਅੰਧਕਾਰ ਦੀ ਧੁੰਦ ਪੱਸਰੀ ਹੋਈ ਸੀ | ਧਰਮ ਅਧੋਗਤੀ ਦੇ ਰਾਹ ਪੈ ਗਏ ਸਨ | ਧਰਮਾਂ ਵਿਚ ਨਿਘਾਰ ਆਪਣੇ ਸਿਖਰ 'ਤੇ ਸੀ ਅਤੇ ਵਹਿਮਾਂ-ਭਰਮਾਂ ਤੇ ਅਗਿਆਨਤਾ 'ਚ ਭਟਕ ਰਹੀ ਲੁਕਾਈ ਨੂੰ  ਕੋਈ ਰਸਤਾ ਦਿਖਾਉਣ ਵਾਲਾ ਨਹੀਂ ਸੀ | ਅਜਿਹੀ ਸਥਿਤੀ ਬਾਰੇ ਗੁਰੂ ਜੀ ਨੇ ਫ਼ਰਮਾਨ ਕੀਤਾ:-
ਕਾਦੀ ਕੂੜੁ ਬੋਲਿ ਮਲੁ ਖਾਇ¨
ਬ੍ਰਾਹਮਣੁ ਨਾਵੈ ਜੀਆ ਘਾਇ¨
ਜੋਗੀ ਜੁਗਤਿ ਨ ਜਾਣੈ ਅੰਧੁ¨
ਤੀਨੇ ਓਜਾੜੇ ਕਾ ਬੰਧੁ¨         (ਅੰਗ:662)
ਅਗਿਆਨਤਾ ਦੇ ਹਨੇਰੇ 'ਚ ਭਟਕ ਰਹੇ ਲੋਕਾਂ ਦੇ ਰਾਹ ਰੌਸ਼ਨ ਕਰਨ ਲਈ ਤੇ ਉਨ੍ਹਾਂ ਨੂੰ  ਸੱਚ ਦਾ ਮਾਰਗ ਦੱਸਣ ਲਈ ਗੁਰੂ ਜੀ ਨੇ ਉਦਾਸੀਆਂ (ਯਾਤਰਾਵਾਂ) ਦੀ ਪਰੰਪਰਾ ਚਲਾਈ ਅਤੇ ਕਈ ਵਰਿ੍ਹਆਂ ਤੱਕ ਲੰਮੇ ਤੇ ਔਕੜਾਂ ਭਰੇ ਸਫ਼ਰ ਕਰ ਕੇ ਅਗਿਆਨਤਾ ਦੇ ਹਨੇਰੇ 'ਚ ਭਟਕ ਰਹੀ ਲੋਕਾਈ ਨੂੰ  ਸੱਚ ਦਾ ਮਾਰਗ ਦੱਸਿਆ | ਗੁਰੂ ਸਾਹਿਬ ਨੇ ਮਨੁੱਖਤਾ ਨੂੰ  ਆਪਣਾ ਮੂਲ ਪਛਾਨਣ ਦੀ ਸਿੱਖਿਆ ਦਿੱਤੀ | ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁਟੈ ਪਾਲਿ¨ ਉਨ੍ਹਾਂ ਦੀ ਦਾਰਸ਼ਨਿਕ ਬਾਣੀ ਜਪੁਜੀ ਸਾਹਿਬ ਦਾ ਮੂਲ ਸਰੋਕਾਰ ਹੈ | ਉਨ੍ਹਾਂ ਨੇ ਸੰਸਾਰੀ ਮਨੁੱਖ ਨੂੰ  ਸਚਿਆਰਾ ਬਣਨ ਦੀ ਜੁਗਤ ਵੀ ਦੱਸੀ ਤੇ ਕਾਦਰ ਦੀ ਸਾਜੀ ਕੁਦਰਤ ਦੇ ਅਨੁਸ਼ਾਸਨ ਵਿਚ ਰਹਿਣ ਦਾ ਉਪਦੇਸ਼ ਵੀ ਦਿੱਤਾ | ਸੱਚ ਦੀ ਵਿਆਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਸੱਚ ਸਭ ਤੋਂ ਉੱਤਮ ਹੈ, ਪਰ ਜੇ ਸੱਚ ਮਨੁੱਖੀ ਜ਼ਿੰਦਗੀ ਦੇ ਵਿਵਹਾਰ ਦਾ ਹਿੱਸਾ ਬਣ ਜਾਵੇ ਤਾਂ ਉਹ ਕਿਤੇ ਵੱਡਾ ਹੋ ਜਾਂਦਾ ਹੈ | ਜਦੋਂ ਤੱਕ ਜੀਵ ਦੇ ਅੰਦਰ ਸੱਚ ਦਾ ਵਾਸ ਨਹੀਂ ਹੁੰਦਾ ਤੇ ਉਹ ਜੀਵਨ-ਜਾਚ ਲਈ ਇਸ ਨੂੰ  ਨਹੀਂ ਅਪਣਾਉਂਦਾ, ਉਦੋਂ ਤੱਕ ਧਰਮ ਕਰਮ ਦੇ ਸਾਰੇ ਅਡੰਬਰ ਵਿਅਰਥ ਹਨ |
ਅੰਤਰ-ਧਰਮ ਸੰਵਾਦ ਦੀ ਪ੍ਰੰਪਰਾ ਗੁਰੂ ਨਾਨਕ ਦੇਵ ਜੀ ਦੀ ਵਿਲੱਖਣ ਦੇਣ ਹੈ | ਜਦੋਂ ਧਰਮਾਂ ਦੇ ਰੌਲੇ-ਰੱਪੇ ਵਿਚ ਅਗਿਆਨਤਾ ਤੇ ਹਊਮੈ ਦੀ ਬਦੌਲਤ ਕੋਈ ਕਿਸੇ ਦੇ ਵਿਚਾਰ ਸੁਣਨ ਲਈ ਤਿਆਰ ਹੀ ਨਹੀਂ ਸੀ ਤਾਂ ਗੁਰੂ ਜੀ ਨੇ ਆਪਣੀ ਚਿੰਤਨਮਈ ਤੇ ਵਿਵੇਕਸ਼ੀਲ ਸੋਚ ਦਾ ਪ੍ਰਗਟਾਵਾ ਕਰਦਿਆਂ ਆਪਸੀ ਵਿਚਾਰ-ਵਟਾਂਦਰੇ ਦੀ ਪਿਰਤ ਪਾਈ | ਉਨ੍ਹਾਂ ਦੇ ਸ਼ਬਦ ਹਨ:-
ਜਬ ਲਗੁ ਦੁਨੀਆ ਰਹੀਐ
ਨਾਨਕ ਕਿਛੁ ਸੁਣੀਐ ਕਿਛੁ ਕਹੀਐ¨
(ਅੰਗ:660)
ਸਿੱਧਾਂ ਨਾਲ ਵਿਚਾਰ ਚਰਚਾ ਕਰਨੀ ਅਤੇ ਬਹੁਤ ਸਹਿਜਤਾ ਤੇ ਨਿਮਰਤਾ ਨਾਲ ਉਨ੍ਹਾਂ ਨਾਲ ਸੰਵਾਦ ਰਚਾਉਣਾ ਕੇਵਲ ਬਾਬੇ ਨਾਨਕ ਦੇ ਹਿੱਸੇ ਹੀ ਆਇਆ ਹੈ | ਲੋਕਾਈ ਦੇ ਬਹੁਤ ਸਾਰੇ ਭਰਮ-ਭੁਲੇਖੇ ਦੂਰ ਕਰਨ ਲਈ ਗੁਰੂ ਸਾਹਿਬ ਨੇ ਅਜਿਹੀ ਜੁਗਤ ਅਪਣਾਈ ਕਿ ਹਰ ਕੋਈ ਉਨ੍ਹਾਂ ਦੇ ਵਿਚਾਰਾਂ ਦਾ ਕਾਇਲ ਹੋ ਗਿਆ | ਗੁਰੂ ਸਾਹਿਬ ਨੇ ਜਨੇਊ ਧਾਰਨ ਕਰਨ ਵਾਲੇ ਪੰਡਿਤ ਨੂੰ  ਹੀ ਨਹੀਂ, ਸਗੋਂ ਉਨ੍ਹਾਂ ਨੇ ਅਤਿ ਦੇ ਨਿੱਘਰ ਚੁੱਕੇ ਪੂਰੇ ਬ੍ਰਾਹਮਣਵਾਦੀ ਸਿਸਟਮ ਨੂੰ  ਹੀ ਆਪਣੀ ਦਲੀਲ ਨਾਲ ਲਾਜਵਾਬ ਕਰ ਦਿੱਤਾ:-
ਦਇਆ ਕਪਾਹ ਸੰਤੋਖੁ ਸੂਤੁ
ਜਤੁ ਗੰਢੀ ਸਤੁ ਵਟੁ¨
ਏਹੁ ਜਨੇਊ ਜੀਅ ਕਾ
ਹਈ ਤ ਪਾਡੇ ਘਤੁ¨
ਨਾ ਏਹੁ ਤੁਟੈ ਨ ਮਲੁ ਲਗੈ
ਨਾ ਏਹੁ ਜਲੈ ਨ ਜਾਇ¨
ਧੰਨੁ ਸੁ ਮਾਣਸ ਨਾਨਕਾ
ਜੋ ਗਲਿ ਚਲੇ ਪਾਇ¨(ਅੰਗ:471)
ਉਸ ਸਮੇਂ ਦੇ ਸਮਾਜ 'ਚ ਮਨੁੱਖ ਵਲੋਂ ਕੀਤੇ ਪਾਪਾਂ ਦੀ ਮੈਲ ਧੋਣ ਲਈ ਤੀਰਥ ਯਾਤਰਾ ਦੇ ਮਹੱਤਵ ਨੂੰ  ਬਹੁਤ ਪ੍ਰਚਾਰਿਆ ਜਾਂਦਾ ਸੀ | ਪਰ ਗੁਰੂੁ ਜੀ ਨੇ ਸਮੇਂ ਦੇ ਵਹਿਣ ਦੇ ਉਲਟ ਤੀਰਥਾਂ 'ਤੇ ਜਾ ਕੇ ਨਹਾਉਣ ਨੂੰ  ਬਿਲਕੁਲ ਨਿਰਾਰਥਕ ਦੱਸਿਆ ਤੇ ਅਜਿਹੇ ਪਾਖੰਡੀਆਂ ਨੂੰ  ਬੇਬਾਕੀ ਨਾਲ ਖ਼ਰੀਆਂ-ਖ਼ਰੀਆਂ ਸੁਣਾਈਆਂ:-
ਨਾਵਣ ਚਲੇ ਤੀਰਥੀ
ਮਨਿ ਖੋਟੈ ਤਨਿ ਚੋਰ¨
ਇਕੁ ਭਾਉ ਲਥੀ ਨਾਤਿਆ
ਦੁਇ ਭਾ ਚੜਿਅਸੁ ਹੋਰ¨
ਬਾਹਿਰ ਧੋਤੀ ਤੂਮੜੀ
ਅੰਦਿਰ ਵਿਸੁ ਨਿਕੋਰ¨
ਸਾਧ ਭਲੇ ਅਣਨਾਤਿਆ
ਚੋਰ ਸਿ ਚੋਰਾ ਚੋਰ¨    (ਅੰਗ:789)
ਜੇ ਮਨ 'ਚੋਂ ਸਾੜਾ, ਨਫ਼ਰਤ, ਵੈਰ-ਵਿਰੋਧ, ਲਾਲਚ, ਸਵਾਰਥ ਤੇ ਹਉਮੈ ਦੀ ਪਰਤ ਧੋਤੀ ਹੀ ਨਾ ਜਾਵੇ ਤਾਂ ਤੀਰਥਾਂ 'ਤੇ ਇਸ਼ਨਾਨ ਕਰਨ ਦਾ ਢੌਂਗ ਰਚਾਉਣਾ ਵਿਅਰਥ ਹੈ |
ਅਗਿਆਨਤਾ ਵਿਚ ਵਿਚਰਦੀ ਲੋਕਾਈ ਨੂੰ  ਵਹਿਮਾਂ-ਭਰਮਾਂ ਤੇ ਕਰਮਕਾਂਡੀ ਰਸਮਾਂ 'ਚੋਂ ਕੱਢਣ ਲਈ ਗੁਰੂ ਜੀ ਨੇ ਵਿਗਿਆਨਕ ਦਿ੍ਸ਼ਟੀਕੋਣ ਅਪਣਾਇਆ | ਹਰਿਦੁਆਰ ਵਿਚ ਆਪਣੇ ਪਿੱਤਰਾਂ ਨੂੰ  ਪਾਣੀ ਸੁੱਟ ਰਹੇ ਲੋਕਾਂ ਨੂੰ  ਉਨ੍ਹਾਂ ਨੇ ਸਹਿਜ ਰੂਪ 'ਚ ਹੀ ਇਹ ਅਹਿਸਾਸ ਕਰਾ ਦਿੱਤਾ ਕਿ ਉਹ ਸੱਚਮੁੱਚ ਹੀ ਨਿਰਾਰਥਕ ਕਰਮ-ਕਾਂਡਾਂ 'ਚ ਫਸੇ ਹੋਏ ਹਨ |
ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮਕਾਲੀ ਸਮਾਜ 'ਚ ਇਸਤਰੀ ਦੀ ਤਰਸਯੋਗ ਹਾਲਤ ਨੂੰ  ਮਹਿਸੂਸ ਕਰਕੇ ਲੋਕਾਈ ਨੂੰ  ਸਮਾਜ 'ਚ ਔਰਤਾਂ ਦੇ ਮਾਣ-ਸਤਿਕਾਰ ਦੀ ਸਿੱਖਿਆ ਦਿੱਤੀ | ਇਸ ਤੋਂ ਵੱਧ ਦੁਖਦਾਈ ਗੱਲ ਕੀ ਹੋ ਸਕਦੀ ਹੈ ਕਿ ਅੱਜ ਭਰੂਣ-ਹੱਤਿਆਵਾਂ ਦੇ ਵਰਤਾਰੇ ਨੇ ਸਮਾਜ ਦੇ ਮੱਥੇ 'ਤੇ ਕਲੰਕ ਲਾਇਆ ਹੋਇਆ ਹੈ | ਹਰ ਰੋਜ਼ ਹੀ ਜਬਰ-ਜਨਾਹ ਦੀਆਂ ਖ਼ਬਰਾਂ ਦਾ ਆਉਣਾ ਇਹ ਦਰਸਾਉਂਦਾ ਹੈ ਕਿ ਔਰਤਾਂ ਦਾ ਸਤਿਕਾਰ ਅਜੇ ਵੀ ਸਾਡੀ ਮਾਨਸਿਕਤਾ ਦਾ ਹਿੱਸਾ ਨਹੀਂ ਬਣਿਆ |
ਗੁਰੂ ਜੀ ਨੇ ਲੋਕਾਂ ਨੂੰ  ਕਿਰਤ ਕਰਨ, ਨਾਮ ਜਪਣ ਤੇ ਵੰਡ ਕੇ ਛਕਣ ਦਾ ਸਿਧਾਂਤ ਦਿੱਤਾ | ਗੁਰੂ ਸਾਹਿਬ ਨੇ 17 ਸਾਲ ਆਪ ਖੇਤੀ ਕਰਕੇ ਕਿਰਤ ਦੇ ਸੰਕਲਪ ਨੂੰ  ਅਮਲੀ ਜਾਮਾ ਪਹਿਨਾਇਆ ਤੇ ਲੋਕਾਈ ਨੂੰ  ਸੱਚੀ-ਸੁੱਚੀ ਕਿਰਤ ਦੇ ਰਾਹ ਤੋਰਿਆ | ਮਨੁੱਖ ਨੂੰ  ਜਿਊਾਦੇ ਰਹਿਣ ਲਈ ਭੋਜਨ ਦੀ ਲੋੜ ਹੈ ਤੇ ਇਹ ਤਾਂ ਹੀ ਸੰਭਵ ਹੈ ਜੇ ਮਨੁੱਖ ਹੱਥੀਂ ਕੰਮ ਕਰੇ | ਇਸ ਨਾਲ ਰੋਜ਼ੀ-ਰੋਟੀ ਤਾਂ ਪ੍ਰਾਪਤ ਹੋਵੇਗੀ ਹੀ, ਸਗੋਂ ਹੱਥੀਂ ਮਿਹਨਤ ਕਰਨ ਨਾਲ ਮਨੁੱਖ ਸਰੀਰਕ ਤੇ ਮਾਨਸਿਕ ਤੌਰ 'ਤੇ ਵੀ ਨਰੋਆ ਤੇ ਅਰੋਗਮਈ ਜੀਵਨ ਜੀਵੇਗਾ |
ਅੱਜ ਕਿਰਤ ਦਾ ਸੰਕਲਪ ਵੀ ਕਿਤੇ ਗੁੰਮ-ਗੁਆਚ ਗਿਆ ਹੈ | ਦੂਜਿਆਂ ਦਾ ਹੱਕ ਮਾਰਨ ਦੀ ਪ੍ਰਵਿਰਤੀ ਭਾਰੂ ਹੈ | ਗੁਰੂ ਜੀ ਦੀ ਇਸ ਸਿੱਖਿਆ 'ਤੇ ਅਮਲ ਕਰਨ ਵਾਲਾ ਕੋਈ ਵਿਰਲਾ ਹੀ ਹੈ:-
ਹਕੁ ਪਰਾਇਆ ਨਾਨਕਾ
ਉਸੁ ਸੂਅਰ ਉਸੁ ਗਾਇ¨
ਗੁਰੁ ਪੀਰੁ ਹਾਮੀ ਤਾ ਭਰੇ
ਜਾ ਮੁਰਦਾਰੁ ਨ ਖਾਇ¨     (ਅੰਗ:141)
ਗੁਰੂ ਜੀ ਨੇ ਆਪਣੀ ਬਾਣੀ ਵਿਚ ਕੁਦਰਤ ਦੇ ਸਮੁੱਚੇ ਵਰਤਾਰੇ, ਧਰਤੀ, ਪਾਤਾਲ, ਆਕਾਸ਼, ਜੀਵਾਂ ਤੇ ਖੰਡਾਂ-ਬ੍ਰਹਿਮੰਡਾਂ ਦੀ ਭਰਪੂਰ ਵਿਆਖਿਆ ਕੀਤੀ ਹੈ | ਮਨੁੱਖ ਸਮੇਤ ਧਰਤੀ ਦੇ ਸਭ ਪ੍ਰਾਣੀਆਂ ਲਈ ਹਵਾ, ਪਾਣੀ ਤੇ ਧਰਤੀ ਦੇ ਮਹੱਤਵ ਬਾਰੇ ਏਨੀਆਂ ਸਦੀਆਂ ਪਹਿਲਾਂ ਹੀ ਗੁਰੂ ਸਾਹਿਬ ਨੇ ਕੁਦਰਤ ਦੇ ਇਸ ਵਿਲੱਖਣ ਵਰਤਾਰੇ ਬਾਰੇ ਲੋਕਾਈ ਨੂੰ  ਸੁਚੇਤ ਕਰ ਦਿੱਤਾ ਸੀ |
ਪਰ ਅਸੀਂ ਬਲਿਹਾਰੀ ਕੁਦਰਤਿ ਵਸਿਆ¨ ਦੀ ਸਿੱਖਿਆ ਨੂੰ  ਮਨਾਂ ਵਿਚ ਵਸਾਉਣ ਦੀ ਥਾਂ ਉਲਟਾ ਕੁਦਰਤ ਦੇ ਨੇਮਾਂ ਦੀ ਉਲੰਘਣਾ ਕਰਨ ਦੇ ਰਾਹ ਪੈ ਕੇ ਆਪਣੀ ਧਰਤੀ, ਪਾਣੀ ਤੇ ਹਵਾ ਨੂੰ  ਇਸ ਹੱਦ ਤੱਕ ਬਰਬਾਦੀ ਦੇ ਰਾਹ ਤੋਰ ਦਿੱਤਾ ਕਿ ਮਨੁੱਖ ਦਾ ਜਿਊਣਾ ਹੀ ਦੁੱਭਰ ਹੁੰਦਾ ਜਾ ਰਿਹਾ ਹੈ | ਅਜੋਕੀ ਸਥਿਤੀ ਇਹ ਹੈ ਕਿ ਜਿਨ੍ਹਾਂ ਧਾਰਮਿਕ ਕਰਮ-ਕਾਂਡਾਂ ਤੇ ਪਖੰਡਾਂ 'ਚੋਂ ਬਾਹਰ ਆਉਣ ਲਈ ਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਸੀ, ਅਸੀਂ ਅੱਜ ਵੀ ਉਸੇ ਦਲਦਲ 'ਚ ਖੁੱਭੇ ਹੋਏ ਹਾਂ | ਜੇ ਅਜੋਕਾ ਮਨੁੱਖ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ¨ ਦੀ ਜੁਗਤ ਅਪਣਾ ਲਵੇ ਤਾਂ ਬਹੁਤ ਕੁਝ ਤਬਾਹ ਹੋਣ ਤੋਂ ਬਚਾਇਆ ਜਾ ਸਕਦਾ ਹੈ |
 
-ਮੋਬਾਈਲ : 98153-56086
ਪਿਛਲੀ ਖ਼ਬਰ ਇਨਕਲਾਬੀ ਯੁੱਗ ਪੁਰਸ਼ : ਬਾਬਾ ਨਾਨਕ ਅਗਲੀ ਖ਼ਬਰ ਮਨੁੱਖਤਾ ਦੇ ਰਹਿਬਰ-ਗੁਰੂ ਨਾਨਕ ਦੇਵ ਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।