11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਕਬੀਰ ਜੈਅੰਤੀ 'ਤੇ ਵਿਸ਼ੇਸ਼ ਅੱਜ ਵੀ ਸਾਰਥਕ ਹੈ ਭਗਤ ਕਬੀਰ ਦੀ ਬਾਣੀ

ਅਜੀਤ ਡੈਸਕ 29-06-2026

ਮੱਧ ਕਾਲ ਦੌਰਾਨ ਭਾਰਤੀ ਸਮਾਜ ਛੂਆ-ਛਾਤ, ਜਾਤੀਵਾਦ 'ਚ ਬੁਰੀ ਤਰ੍ਹਾਂ ਜਕੜਿਆ ਹੋਇਆ ਸੀ। ਇਸੇ ਸਮੇਂ ਭਾਰਤ ਦੇਸ਼ ਅੰਦਰ ਭਗਤੀ ਲਹਿਰ ਦਾ ਆਗਮਨ ਹੋਇਆ। ਸੋ ਇਸ ਅਰਸੇ ਦੌਰਾਨ ਪੈਦਾ ਹੋਏ ਸੰਤਾਂ-ਭਗਤਾਂ ਨੇ ਅੰਧਵਿਸ਼ਵਾਸ, ਕਰਮਕਾਂਡਾਂ 'ਚ ਫਸੀ ਲੋਕਾਈ ਨੂੰ ਮਾਨਵਤਾ ਦਾ ਸੱਚਾ ਮਾਰਗ ਦਿਖਾਇਆ। ਇਨ੍ਹਾਂ ਭਗਤਾਂ 'ਚੋਂ ਹੀ ਇਕ ਭਗਤ ਕਬੀਰ ਜੀ ਸਨ, ਜਿਨ੍ਹਾਂ ਦਾ ਜਨਮ 1398 ਈ. 'ਚ ਜੇਠ ਮਹੀਨੇ ਦੀ ਪੂਰਨਮਾਸ਼ੀ ਨੂੰ ਪਿਤਾ ਨੀਰੂ ਤੇ ਮਾਤਾ ਨੀਮਾ ਦੇ ਘਰ ਕਾਸ਼ੀ (ਬਨਾਰਸ) ਵਿਖੇ ਹੋਇਆ। ਉਨ੍ਹਾਂ ਦੇ ਜਨਮ ਬਾਰੇ ਇਤਿਹਾਸਕਾਰਾਂ ਦੇ ਵੱਖ-ਵੱਖ ਵਿਚਾਰ ਹਨ। ਛੋਟੀ ਉਮਰ ਤੋਂ ਹੀ ਉਨ੍ਹਾਂ ਦਾ ਧਿਆਨ ਪ੍ਰਭੂ ਭਗਤੀ ਵੱਲ ਸੀ। ਉਨ੍ਹਾਂ ਨੇ ਉਸ ਸਮੇਂ ਦੇ ਹਾਕਮ ਸਿਕੰਦਰ ਲੋਧੀ ਦੀ ਪ੍ਰਵਾਹ ਨਾ ਕਰਦਿਆਂ ਧਰਮ ਤੇ ਸਮਾਜ ਦੇ ਝੂਠੇ ਰੀਤੀ ਰਿਵਾਜ਼ਾਂ ਨੂੰ ਨਿੰਦਿਆ। ਭਗਤ ਕਬੀਰ ਜੀ ਦੀ ਬਾਣੀ ਭਾਰਤੀ ਸਾਹਿਤ ਲਈ ਦੋਹਿਆਂ ਦੇ ਰੂਪ 'ਚ ਮਿਲਦੀ ਹੈ। ਉਨ੍ਹਾਂ ਨੇ ਕਬੀਰ ਸਾਗਰ, ਕਬੀਰ ਗ੍ਰੰਥਾਵਲੀ, ਅਨੁਰਾਗ ਸਾਗਰ, ਸਾਖੀ ਕਬੀਰ ਤੇ ਬੀਜਕ ਆਦਿ ਦੀ ਰਚਨਾ ਕੀਤੀ। ਭਾਵੇਂ ਇਨ੍ਹਾਂ 'ਚੋਂ ਕੁਝ ਰਚਨਾਵਾਂ ਬਾਰੇ ਵਿਦਵਾਨ ਇਕਮਤ ਨਹੀ ਹਨ ਪਰ ਇਹ ਭਾਰਤੀ ਸਾਹਿਤ ਦਾ ਅਨਮੋਲ ਖ਼ਜ਼ਾਨਾ ਹਨ। 17 ਰਾਗਾਂ ਵਿਚ ਉਨ੍ਹਾਂ ਦੇ 224 ਸ਼ਬਦ ਤੇ 237 ਸਲੋਕ ਸ੍ਰੀ ਗ੍ਰੰਥ ਗ੍ਰੰਥ ਸਾਹਿਬ ਵਿਚ ਦਰਜ ਹਨ। ਉਨ੍ਹਾਂ ਦੀ ਬਾਣੀ ਉਸ ਸਮੇਂ ਦੇ ਰਾਜਨੀਤਕ, ਸਮਾਜਿਕ ਤੇ ਧਾਰਮਿਕ ਸਮਾਜ ਦਾ ਦਰਪਣ ਹੈ। ਉਨ੍ਹਾਂ ਨੇ ਜਾਤ-ਪਾਤ ਤੇ ਕਰਮਕਾਂਡਾਂ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਈ। ਭਗਤ ਕਬੀਰ ਜੀ ਮਾਨਵ ਸਮਾਜ ਨੂੰ ਵਿਸ਼ਾਲ ਦ੍ਰਿਸ਼ਟੀਕੋਣ ਤੇ ਖ਼ੁਸ਼ਹਾਲ ਭਵਿੱਖ ਦੇਣ ਦੇ ਲਿਖਾਇਕ ਸਨ। ਉਹ ਉਲਟ ਸਥਿਤੀਆਂ ਨਾਲ ਨਜਿੱਠਣ ਵਾਲੇ ਜੁਝਾਰੂ ਸੰਤ ਸਨ, ਜੋ ਜ਼ੁਲਮ ਖ਼ਿਲਾਫ਼ ਨਿਰਭੈ ਹੋ ਕੇ ਲੜਨ ਦਾ ਹੋਕਾ ਦਿੰਦੇ ਹਨ:-
ਨਗਨ ਫਿਰਤ ਜੌ ਪਾਈਐ ਜੋਗੁ॥
ਬਨ ਕਾ ਮਿਰਗੁ ਮੁਕਤਿ ਸਭੁ ਹੋਗੁ॥
ਕਿਆ ਨਾਗੇ ਕਿਆ ਬਾਧੇ ਚਾਮ॥
ਜਬ ਨਹੀ ਚੀਨਸਿ ਆਤਮ ਰਾਮ॥
ਮੂਡ ਮੁੰਡਾਏ ਜੌ ਸਿਧਿ ਪਾਈ॥
ਮੁਕਤੀ ਭੇਡ ਨ ਗਈਆ ਕਾਈ॥
ਬਿੰਦੁ ਰਾਖਿ ਜੌ ਤਰੀਐ ਭਾਈ॥
ਖੁਸਰੈ ਕਿਉ ਨਾ ਪਰਮ ਗਤਿ ਪਾਈ॥
ਕਹੁ ਕਬੀਰ ਸੁਨਹੁ ਨਰ ਭਾਈ॥
ਰਾਮ ਨਾਮ ਬਿਨੁ ਕਿਨਿ ਗਤਿ ਪਾਈ॥
(ਗਉੜੀ, ਕਬੀਰ, ਅੰਗ:324)
ਰੋਜਾ ਧਰੈ ਮਨਾਵੈ ਅਲਹੁ ਸੁਆਦਤਿ ਜੀਅ ਸੰਘਾਰੈ॥
ਆਪਾ ਦੇਖਿ ਅਵਰ ਨਹੀ ਦੇਖੈ ਕਾਹੇ ਕਉ ਝਖ ਮਾਰੈ॥
(ਆਸਾ, ਭਗਤ ਕਬੀਰ ਜੀ, ਅੰਗ:483)

ਗਰਭ ਵਾਸ ਮਹਿ ਕੁਲੁ ਨਹੀ ਜਾਤੀ॥
ਬ੍ਰਹਮ ਬਿੰਦੁ ਤੇ ਸਭ ਉਤਪਾਤੀ॥
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥
ਬਾਮਨ ਕਹਿ ਕਹਿ ਜਨਮੁ ਮਤ ਖੋਏ॥
ਜੌ ਤੂੰ ਬ੍ਰਾਹਮਣੁ ਬ੍ਰਾਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥
(ਗਉੜੀ, ਕਬੀਰ ਜੀ, ਅੰਗ:324)

ਬੁਤ ਪੂਜਿ ਪੂਜਿ ਹਿੰਦੂ ਮੂਏ
ਤੁਰਕ ਮੂਏ ਸਿਰੁ ਨਾਈ॥
ਓਇ ਲੇ ਜਾਰੇ ਓਇ ਲੇ ਗਾਡੇ
ਤੇਰੀ ਗਤਿ ਦੁਹੂ ਨਾ ਪਾਈ॥ (ਸੋਰਠਿ, ਭਗਤ ਕਬੀਰ ਜੀ, ਅੰਗ:654)

ਗਗਨੁ ਦਮਾਮਾ ਬਾਜਿਓ
ਪਰਿਓ ਨੀਸਾਨੈ ਘਾਉ॥
ਖੇਤੁ ਜੋ ਮਾਂਡਿਓ ਸੂਰਮਾ
ਅਬ ਜੂਝਨ ਕੋ ਦਾਉ॥
ਸੂਰਾ ਸੋ ਪਹਿਚਾਨੀਐ
ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ
ਕਬਹੂ ਨ ਛਾਡੈ ਖੇਤੁ॥
(ਮਾਰੂ, ਭਗਤ ਕਬੀਰ ਜੀ, ਅੰਗ:1105)

ਬੰਦੇ ਖੋਜੁ ਦਿਲ ਹਰ ਰੋਜ
ਨਾ ਫਿਰੁ ਪਰੇਸਾਨੀ ਮਾਹਿ॥
ਇਹ ਜੁ ਦੁਨੀਆ ਸਿਹਰੁ ਮੇਲਾ
ਦਸਤਗੀਰੀ ਨਾਹਿ॥
(ਤਿਲੰਗ, ਭਗਤ ਕਬੀਰ ਜੀ, ਅੰਗ:727)

ਭੂਖੇ ਭਗਤਿ ਨਾ ਕੀਜੈ॥
ਯਹ ਮਾਲਾ ਅਪਨੀ ਲੀਜੈ॥
ਹਉ ਮਾਂਗਉ ਸੰਤਨ ਰੇਨਾ॥
ਮੈ ਨਾਹੀ ਕਿਸੀ ਕਾ ਦੇਨਾ॥
ਮਾਧੋ ਕੈਸੀ ਬਨੈ ਤੁਮ ਸੰਗੈ॥
ਆਪਿ ਨ ਦੇਹੁ ਤ ਲੇਵਉ ਮੰਗੈ॥
(ਸੋਰਠਿ, ਭਗਤ ਕਬੀਰ ਜੀ, ਅੰਗ: 656)
ਕਬੀਰ ਤੂੰ ਤੂੰ ਕਰਤਾ ਤੂ ਹੂਆ
ਮੁਝ ਮਹਿ ਰਹਾ ਨ ਹੂੰ॥
ਜਬ ਆਪਾ ਪਰ ਕਾ ਮਿਟਿ ਗਇਆ
ਜਤ ਦੇਖਉ ਤਤ ਤੂ॥
(ਸਲੋਕ, ਭਗਤ ਕਬੀਰ ਜੀ, ਅੰਗ:1364)
ਭਗਤ ਕਬੀਰ ਜੀ ਦੀ ਬਾਣੀ ਅੱਜ ਵੀ ਜੀਵਨ ਨੂੰ ਉਨੀ ਹੀ ਸੇਧ ਦੇਣ ਵਾਲੀ ਹੈ, ਜਿੰਨੀ ਸਮਕਾਲੀ ਸਮਾਜ ਵਿਚ ਸੀ। ਅਸੀਂ ਕਹਿ ਸਕਦੇ ਹਾਂ ਸ਼੍ਰੋਮਣੀ ਭਗਤ ਕਬੀਰ ਜੀ ਦਾ ਜੀਵਨ ਤੇ ਬਾਣੀ ਅੱਜ ਵੀ ਸਮਾਜ ਨੂੰ ਰੌਸ਼ਨ ਕਰ ਰਹੀ ਹੈ। ਇਤਿਹਾਸਕਾਰਾਂ ਅਨੁਸਾਰ ਉਹ ਅੰਤਿਮ ਸਮੇਂ ਦੇਸ਼ ਤੇ ਸਮਾਜ ਦੀ ਸੇਵਾ ਕਰਦਿਆਂ ਲੰਮੀ ਉਮਰ ਭੋਗ ਕੇ 1518 ਈ. 'ਚ ਮਗਹਰ (ਯੂ.ਪੀ.) ਵਿਖੇ ਅਕਾਲ ਚਲਾਣਾ ਕਰ ਗਏ।
-ਮੋਬਾਈਲ : 98550-02264

ਪਿਛਲੀ ਖ਼ਬਰ ਬਰਸੀ 'ਤੇ ਵਿਸ਼ੇਸ਼ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸੰਸਥਾਪਕ ਸੰਤ ਤੇਜਾ ਸਿੰਘ ਅਗਲੀ ਖ਼ਬਰ ਕੱਲ੍ਹ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਲੈਣ ਦਾ ਸੀਨਾ-ਬਸੀਨਾ ਇਤਿਹਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।