ਐਡੀਲੇਡ, 4 ਸਤੰਬਰ (ਗੁਰਮੀਤ ਸਿੰਘ ਵਾਲੀਆ)-ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਦੇ ਐਡੀਲੇਡ ਵਿਖੇ ਬੀਤੀ 3 ਸਤੰਬਰ ਨੂੰ ਹੋਏ ਲਾਈਵ ਸੰਗੀਤਕ ਸਮਾਗਮ 185 ਫਰੈਡਰਿਕ ਰੋਡ ਸੀਟਨ ਦੇ ਹਾਲ ਦੌਰਾਨ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਦਰਸ਼ਕਾਂ ਵਿਚ ਸ਼ਾਮਿਲ ਕੁਝ ਨੌਜਵਾਨਾਂ ਵਿਚਕਾਰ ਕਥਿਤ ਤੌਰ ’ਤੇ ਹਾਲ ਅੰਦਰ ਹੀ ਝਗੜਾ ਹੋ ਗਿਆ। ਸਥਿਤੀ ਨੂੰ ਕਾਬੂ ਕਰਨ ਲਈ ਹਾਲ ਦੀ ਸਕਿਓਰਟੀ ਵਲੋਂ ਪੁਲਿਸ ਨੂੰ ਸੂਚਿਤ ਕਰਕੇ ਮੌਕੇ ’ਤੇ ਬੁਲਾਇਆ ਗਿਆ। ਏਸ ਇਵੈਂਟਸ ਆਸਟ੍ਰੇਲੀਆ ਸ਼ੋਅ ਦੇ ਪ੍ਰਮੋਟਰ ਤੁਸ਼ਾਰ ਰਾਏ ਤੇ ਜਤਿਨ ਮੁੱਖ ਪ੍ਰਬੰਧਕ ਵਲੋ ਮਿਲੀ ਜਾਣਕਾਰੀ ਅਨੁਸਾਰ ਸ਼ੋਅ ਦੌਰਾਨ ਕੁਝ ਨੌਜਵਾਨਾਂ ਵਿਚਕਾਰ ਹੋਏ ਝਗੜੇ ਕਾਰਨ ਸਕਿਓਰਟੀ ਕਰਮਚਾਰੀਆਂ ਨੂੰ ਦਖ਼ਲ ਦੇਣਾ ਪਿਆ।
ਮਾਹੌਲ ਨੂੰ ਕਾਬੂ ਹੇਠ ਲਿਆਉਣ ਲਈ ਪੁਲਿਸ ਦੀ ਸਹਾਇਤਾ ਲਈ ਗਈ। ਹਾਲਾਂਕਿ, ਇਸ ਘਟਨਾ ਸਬੰਧੀ ਪੁਲਿਸ ਵਲੋਂ ਬਿਆਨ ਜਾਂ ਕਿਸੇ ਵਿਅਕਤੀ ਵਿਰੁੱਧ ਕੀਤੀ ਗਈ ਕਾਰਵਾਈ ਦੀ ਪੂਰੀ ਜਾਣਕਾਰੀ ਨਹੀਂ ਮਿਲ ਸਕੀ।ਘਟਨਾ ਤੋਂ ਬਾਅਦ ਹਾਲ ਪ੍ਰਬੰਧਕਾਂ ਵਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਗੰਭੀਰਤਾ ਦਿਖਾਈ ਗਈ। ਜਾਣਕਾਰੀ ਅਨੁਸਾਰ ਸਕਿਓਰਟੀ ਵਲੋਂ ਦਿੱਤੀ ਗਈ ਰਿਪੋਰਟ ਅਤੇ ਘਟਨਾ ਦੇ ਮੱਦੇਨਜ਼ਰ ਮੈਨੇਜਮੈਂਟ ਨੇ 4 ਸਤੰਬਰ ਨੂੰ ਹੋਣ ਵਾਲੇ ਸ਼ੋਅ ਲਈ ਹਾਲ ਉਪਲਬਧ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ 4 ਸਿਤੰਬਰ ਨੂੰ ਹੋਣ ਵਾਲਾ ਬੱਬੂ ਮਾਨ ਦਾ ਦੂਜਾ ਸ਼ੋਅ ਮੁੜ ਮੁਲਤਵੀ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਬੱਬੂ ਮਾਨ ਦਾ ਐਡੀਲੇਡ ਸ਼ੋਅ ਪਹਿਲਾਂ 1 ਅਗਸਤ ਤੋਂ ਮੁਲਤਵੀ ਹੋ ਕੇ 3 ਅਤੇ 4 ਸਤੰਬਰ ਨੂੰ ਦੋ ਦਿਨਾਂ ਲਈ ਰੱਖਿਆ ਗਿਆ ਸੀ। 3 ਸਤੰਬਰ ਦਾ ਸ਼ੋਅ ਹੋਣ ਤੋਂ ਬਾਅਦ 4 ਸਤੰਬਰ ਵਾਲਾ ਸ਼ੋਅ ਵੀ ਹਾਲ ਦੀ ਉਪਲਬਧਤਾ ਅਤੇ ਸੁਰੱਖਿਆ ਸਬੰਧੀ ਪੈਦਾ ਹੋਏ ਹਾਲਾਤਾਂ ਕਾਰਨ ਮੁਲਤਵੀ ਹੋ ਗਿਆ।ਬੱਬੂ ਮਾਨ ਦੇ ਸ਼ੋਅ ਨੂੰ ਲੈ ਕੇ ਪੰਜਾਬੀ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਸੀ ਅਤੇ ਵੱਡੀ ਗਿਣਤੀ ਵਿੱਚ ਸਰੋਤਿਆਂ ਵਲੋਂ ਟਿਕਟਾਂ ਖਰੀਦੀਆਂ ਗਈਆਂ ਸਨ। ਅਚਾਨਕ ਸ਼ੋਅ ਮੁਲਤਵੀ ਹੋਣ ਕਾਰਨ ਦਰਸ਼ਕਾਂ ਵਿਚ ਨਿਰਾਸ਼ਾ ਹੈ।ਇਸ ਘਟਨਾ ਦੇ ਮੱਦੇਨਜ਼ਰ ਆਗੂਆਂ ਤੇ ਪ੍ਰਬੰਧਕਾਂ ਨੇ ਪੰਜਾਬੀ ਸੰਗੀਤ ਪ੍ਰੇਮੀਆਂ ਵਲੋਂ ਨੌਜਵਾਨਾਂ ਨੂੰ ਅਜਿਹੇ ਵੱਡੇ ਸਮਾਗਮਾਂ ਦੌਰਾਨ ਅਨੁਸ਼ਾਸਨ, ਸੰਜਮ ਅਤੇ ਆਪਸੀ ਸਤਿਕਾਰ ਬਣਾਈ ਰੱਖਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਦੇ ਝਗੜੇ ਕਾਰਨ ਕਲਾਕਾਰਾਂ ਅਤੇ ਸਮਾਗਮ ਪ੍ਰਬੰਧਕਾਂ ਨੂੰ ਨੁਕਸਾਨ ਨਾ ਪਹੁੰਚੇ, ਇਸ ਲਈ ਹਰ ਕਿਸੇ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਸ਼ਾਂਤੀਪੂਰਨ ਮਾਹੌਲ ਬਣਾਈ ਰੱਖਣਾ ਚਾਹੀਦਾ ਹੈ।