31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਪੁਨਰ-ਸਥਾਪਨਾ

ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਪੁਨਰ-ਸਥਾਪਨਾ

ਅਜੀਤ ਡੈਸਕ 31-08-2026

 

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਮਿਸਲਾਂ ਦੇ ਸਮੇਂ ਦੌਰਾਨ ਬਹੁਤ ਸਾਰੇ ਸਿੱਖ ਪਰਿਵਾਰ ਕੀਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਜਾ ਕੇ ਵਸੇ | ਜਦੋਂ ਕਦੇ ਮੁਗ਼ਲ ਜਾਂ ਬਾਹਰੀ ਹਮਲਾਵਾਰ ਇਸ ਇਲਾਕੇ 'ਚ ਹਮਲਾ ਕਰਦੇ ਤਾਂ ਇੱਥੋਂ ਦੇ ਸਿੱਖ ਪਹਾੜੀ ਇਲਾਕੇ ਨਾਹਨ ਤੇ ਮੰਡੀ ਵੱਲ ਨੂੰ  ਚਲੇ ਜਾਂਦੇ | ਹੋਲੇ-ਮਹੱਲੇ ਸਮੇਂ ਬਹੁਤ ਸਾਰੇ ਸਿੱਖ ਪਰਿਵਾਰ ਅਨੰਦਪੁਰ ਸਾਹਿਬ ਆਉਂਦੇ ਤੇ ਗੁਰੂ ਗ੍ਰੰਥ ਸਾਹਿਬ ਨੂੰ  ਆਪਣਾ ਗੁਰੂ ਮੰਨ ਕੇ ਇੱਥੇ ਹੋਲਾ-ਮਹੱਲਾ ਮਨਾਉਂਦੇ | ਸਾਲ 1753 'ਚ ਜਦੋਂ ਸਾਰੇ ਸਿੱਖ ਪਰਿਵਾਰ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਮਨਾ ਰਹੇ ਸਨ ਤਾਂ ਅਦੀਨਾ ਬੇਗ ਜੋ ਜਲੰਧਰ ਦੇ ਇਲਾਕੇ ਦਾ ਮੁਗਲਾਂ ਦਾ ਮੁੱਖ ਸੂਬੇਦਾਰ ਸੀ, ਨੇ ਅਨੰਦਪੁਰ ਸਾਹਿਬ 'ਤੇ ਹਮਲਾ ਕਰ ਕੇ ਬਹੁਤ ਸਾਰੇ ਸਿੱਖ ਪਰਿਵਾਰ ਕਤਲ ਕਰ ਦਿੱਤੇ | 18ਵੀਂ ਸਦੀ ਦੇ ਦੂਜੇ ਅੱਧ ਵਿਚ ਸਿੱਖਾਂ ਦਾ ਅਨੰਦਪੁਰ ਸਾਹਿਬ ਰਹਿਣਾ ਬੜਾ ਔਖਾ ਸੀ | ਜਦੋਂ ਮੁਗ਼ਲਾਂ ਦਾ ਹਮਲਾ ਹੁੰਦਾ ਤਾਂ ਸਿੱਖ ਪਹਾੜੀ ਇਲਾਕਿਆਂ ਵੱਲ ਨੂੰ  ਖਿਸਕ ਜਾਂਦੇ ਤੇ ਬਾਅਦ 'ਚ ਫਿਰ ਅਨੰਦਪੁਰ ਸਾਹਿਬ ਵਾਪਸ ਆ ਜਾਂਦੇ | ਇਸ ਔਖੇ ਸਮੇਂ ਦੌਰਾਨ ਭਾਈ ਸ਼ੇਰ ਸਿੰਘ ਤੇ ਬਾਬਾ ਜਲਮਸਤ ਸਿੰਘ ਨੇ ਅਨੰਦਪੁਰ ਸਾਹਿਬ ਰਹਿਣ ਦਾ ਫ਼ੈਸਲਾ ਕੀਤਾ | ਉਹ ਇੱਥੇ ਰਹਿ ਕੇ ਗੁਰੂ ਦੇ ਸਥਾਨਾਂ ਦੀ ਦੇਖਭਾਲ ਕਰਦੇ ਰਹੇ | ਭਾਈ ਸ਼ੇਰ ਸਿੰਘ ਮੁਗ਼ਲਾਂ ਵਲੋਂ ਕੀਤੇ ਹਮਲਿਆਂ 'ਚ ਮਾਰੇ ਗਏ ਅਤੇ ਬਾਬਾ ਜਲਮਸਤ ਸਿੰਘ ਅਨੰਦਪੁਰ ਸਾਹਿਬ ਵਿਖੇ ਸੇਵਾ ਨਿਭਾਉਂਦੇ ਰਹੇ | ਇਨ੍ਹਾਂ ਦੋਵਾਂ ਤੋਂ ਬਾਅਦ ਲਗਭਗ 10 ਸਾਲ ਬਾਬਾ ਗੁਰਬਖਸ਼ ਸਿੰਘ ਜੋ ਲੀਲ ਪਿੰਡ ਦੇ ਸਨ, ਉਨ੍ਹਾਂ ਨੇ ਅਨੰਦਪੁਰ ਸਾਹਿਬ ਸੇਵਾ ਨਿਭਾਈ | ਬਾਬਾ ਗੁਰਬਖਸ਼ ਸਿੰਘ ਆਪਣੇ 30 ਸਾਥੀਆਂ ਨਾਲ ਅਕਾਲ ਤਖ਼ਤ ਸਾਹਿਬ ਅੰਮਿ੍ਤਸਰ ਵਿਖੇ ਗਏ ਹੋਏ ਸਨ ਤਾਂ ਪਹਿਲੀ ਦਸੰਬਰ 1764 ਨੂੰ  ਅਹਿਮਦਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ | ਇਨ੍ਹਾਂ 31 ਸਿੰਘਾਂ ਨੇ ਅਹਿਮਦਸ਼ਾਹ ਅਬਦਾਲੀ ਦੀ ਸੈਨਾ ਨਾਲ ਟੱਕਰ ਲਈ ਤੇ ਸ਼ਹੀਦੀ ਪ੍ਰਾਪਤ ਕਰ ਗਏ | ਇਨ੍ਹਾਂ 31 ਸਿੰਘਾਂ ਨੇ ਅਬਦਾਲੀ ਦੇ 3000 ਦੇ ਕਰੀਬ ਅਫ਼ਗਾਨ ਸੈਨਿਕ ਮੌਤ ਦੇ ਘਾਟ ਉਤਾਰੇ | ਬਾਬਾ ਗੁਰਬਖਸ਼ ਸਿੰਘ ਦੀ ਸ਼ਹੀਦੀ ਤੋਂ ਬਾਅਦ ਭਾਈ ਸੁੱਖਾ ਸਿੰਘ ਅਨੰਦਪੁਰ ਸਾਹਿਬ ਦੇ ਸਥਾਨਾਂ ਦਾ ਰਖਵਾਲਾ ਬਣਿਆ | ਭਾਈ ਸੁੱਖਾ ਸਿੰਘ ਨੇ ਅਨੰਦਪੁਰ ਸਾਹਿਬ ਰਹਿੰਦੇ ਹੋਏ ਗੁਰਬਿਲਾਸ ਪਾਤਸ਼ਾਹੀ ਦਸਵੀਂ ਦੀ ਰਚਨਾ ਕੀਤੀ | 1790 'ਚ ਬਾਬਾ ਬਘੇਲ ਸਿੰਘ ਜੋ ਕਰੋੜ ਸਿੰਘੀਆ ਮਿਸਲ ਨਾਲ ਸਬੰਧ ਰੱਖਦੇ ਸਨ ਤੇ ਜਿਨ੍ਹਾਂ ਨੇ ਦਿੱਲੀ ਵਿਚ ਇਤਿਹਾਸਕ ਸਥਾਨਾਂ 'ਤੇ ਗੁਰਦੁਆਰੇ ਬਣਵਾਏ ਸਨ, ਅਨੰਦਪੁਰ ਸਾਹਿਬ ਆ ਗਏ | ਇੱਥੇ ਉਨ੍ਹਾਂ ਵਲੋਂ ਬਹੁਤ ਸਾਰੇ ਗੁਰਦੁਆਰਿਆਂ ਦੀਆਂ ਇਮਾਰਤਾਂ ਬਣਵਾਈਆਂ ਗਈਆਂ |
19ਵੀਂ ਸਦੀ ਦੀ ਸ਼ੁਰੂਆਤ ਵਿਚ ਪਟਿਆਲਾ ਰਿਆਸਤ ਦੇ ਰਾਜਾ ਕਰਮ ਸਿੰਘ ਤੇ ਉਸ ਦੇ ਪੁੱਤਰ ਨਰਿੰਦਰ ਸਿੰਘ ਨੇ ਅਨੰਦਪੁਰ ਸਾਹਿਬ 'ਚ ਕਈ ਸਰਾਵਾਂ ਬਣਵਾਈਆਂ, ਜਿਨ੍ਹਾਂ ਨੂੰ  ਰਾਜੇ ਦਾ ਬੁੰਗਾ ਕਿਹਾ ਜਾਂਦਾ ਹੈ | ਇਸੇ ਸਦੀ ਦੀ ਸ਼ੁਰੂਆਤ ਤੱਕ ਹੀ ਸ਼ਾਮ ਸਿੰਘ ਸੋਢੀ ਦੇ ਪੁੱਤਰ ਨਾਹਰ ਸਿੰਘ ਨੇ ਤੇ ਉਸ ਤੋਂ ਬਾਅਦ ਨਾਹਰ ਸਿੰਘ ਦੇ ਪੁੱਤਰ ਸੁਰਜਨ ਸਿੰਘ ਸੋਢੀ ਨੇ ਅਨੰਦਪੁਰ ਸਾਹਿਬ ਦੀ ਵਾਗਡੋਰ ਆਪਣੇ ਕੋਲ ਸੰਭਾਲੀ ਰੱਖੀ | 1812 'ਚ ਅਜਮੇਰ ਚੰਦ ਦੇ ਪੋਤਰੇ ਮਾਹਨ ਚੰਦ ਨੇ ਸੁਰਜਨ ਸਿੰਘ ਨੂੰ  ਸਾਲਾਨਾ ਕਰ ਅਦਾ ਕਰਨ ਲਈ ਕਿਹਾ | ਸੁਰਜਨ ਸਿੰਘ ਸੋਢੀ ਨੂੰ  ਇਹ ਗੱਲ ਸਹੀ ਨਾ ਲੱਗੀ, ਕਿਉਂਕਿ ਉਸ ਦੇ ਪੁਰਖਿਆਂ ਨੇ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦੀ ਜ਼ਮੀਨ ਬਦਲੇ ਬਣਦੀ ਰਕਮ ਅਜਮੇਰ ਚੰਦ ਨੂੰ  ਅਦਾ ਕੀਤੀ ਹੋਈ ਸੀ | ਸੁਰਜਨ ਸਿੰਘ ਸੋਢੀ ਨੇ ਆਪਣੇ ਨਾਲ ਦੇ ਸਿੱਖ ਸਾਥੀਆਂ ਨਾਲ ਸਲਾਹ ਕਰਕੇ ਕਰ ਅਦਾ ਕਰਨ ਤੋਂ ਮਨ੍ਹਾਂ ਕਰ ਦਿੱਤਾ | ਮਾਹਨ ਚੰਦ ਨੂੰ  ਜਦੋਂ ਇਹ ਖ਼ਬਰ ਮਿਲੀ ਤਾਂ ਉਸ ਨੇ ਸੁਰਜਨ ਸਿੰਘ ਸੋਢੀ ਨੂੰ  ਅਨੰਦਪੁਰ ਸਾਹਿਬ 'ਤੇ ਹਮਲਾ ਕਰਨ ਦੀ ਧਮਕੀ ਦਿੱਤੀ | ਚੰਗੇ ਭਾਗੀ ਉਸ ਸਮੇਂ ਹੀ ਸਰਦਾਰ ਹੁਕਮ ਸਿੰਘ ਚਿਮਨੀ ਜੋ 1814 ਤੋਂ 1818 ਤੱਕ ਹਜ਼ਾਰਾ ਖੇਤਰ ਦੇ ਸੂਬੇਦਾਰ ਸਨ ਤੇ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦੇ ਮੁੱਖ ਸਿਪਾਹੀ ਸਨ, ਅਨੰਦਪੁਰ ਸਾਹਿਬ ਵੱਲ ਆਪਣੀ ਸੈਨਾ ਲੈ ਕੇ ਆਏ ਹੋਏ ਸਨ | ਜਦੋਂ ਉਨ੍ਹਾਂ ਨੂੰ  ਮਾਹਨ ਚੰਦ ਦੇ ਅਨੰਦਪੁਰ ਹਮਲੇ ਦੀ ਯੋਜਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਆਪਣੀ ਸੈਨਾ ਨਾਲ ਮਾਹਨ ਚੰਦ ਨੂੰ  ਹਰਾ ਦਿੱਤਾ ਤੇ ਉਸ ਨੇ ਈਨ ਮੰਨ ਲਈ ਅਤੇ ਅਨੰਦਪੁਰ ਸਾਹਿਬ 'ਤੇ ਕੋਈ ਵੀ ਟੈਕਸ ਨਾ ਲੈਣਾ ਮਨਜ਼ੂਰ ਕਰ ਲਿਆ, ਨਾਲ ਹੀ ਉਸ ਨੇ ਯੁੱਧ ਦੇ ਹਰਜਾਨੇ ਵਜੋਂ ਹੁਕਮ ਸਿੰਘ ਚਿਮਨੀ ਨੂੰ  ਰਕਮ ਵੀ ਅਦਾ ਕੀਤੀ | 1815 ਤੋਂ ਬਾਅਦ ਭਾਈ ਕਰਮ ਸਿੰਘ, ਬਾਬਾ ਖੜਕ ਸਿੰਘ, ਬਾਬਾ ਬੁੱਧ ਸਿੰਘ, ਭਾਈ ਪੂਰਨ ਸਿੰਘ ਤੇ ਭਾਈ ਅਮਰ ਸਿੰਘ ਨੇ ਅਨੰਦਪੁਰ ਸਾਹਿਬ ਸ਼ਹਿਰ ਤੇ ਗੁਰੂ ਸਥਾਨਾਂ ਦੀ ਦੇਖਭਾਲ ਕੀਤੀ | 1815 ਤੋਂ 1900 ਤੱਕ ਇਨ੍ਹਾਂ ਸਿੱਖ ਸ਼ਰਧਾਲੂਆਂ ਦੁਆਰਾ ਹੀ ਅਨੰਦਪੁਰ ਸਾਹਿਬ 'ਚ ਸਮੇਂ-ਸਮੇਂ 'ਤੇ ਕਾਰਜ ਕਰਵਾਏ ਗਏ ਤੇ ਸ਼ਹਿਰ ਨੂੰ  ਆਬਾਦ ਰੱਖਿਆ ਗਿਆ |  
20ਵੀਂ ਸਦੀ ਦੀ ਸ਼ੁਰੂਆਤ 'ਚ ਬਾਬਾ ਸੰਪੂਰਨ ਸਿੰਘ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੇ ਤੇ ਇਸ ਸਮੇਂ ਅਨੰਦਪੁਰ ਸਾਹਿਬ ਤੇ ਕੇਸਗੜ੍ਹ ਸਾਹਿਬ ਦੀ ਦੇਖਭਾਲ ਉਨ੍ਹਾਂ ਦੇ ਹਿੱਸੇ ਆਈ | ਬਾਬਾ ਸੰਪੂਰਨ ਸਿੰਘ ਬਹੁਤ ਬੁੱਧੀਮਾਨ ਵਿਅਕਤੀ ਸਨ, ਜਿਨ੍ਹਾਂ ਨੂੰ  ਦਵਾਖਾਨੇ ਦੀ ਕਾਫ਼ੀ ਜਾਣਕਾਰੀ ਸੀ | ਬਹੁਤ ਲੰਮਾ ਸਮਾਂ ਉਹ ਅਨੰਦਪੁਰ ਸਾਹਿਬ ਰਹੇ ਅਤੇ ਗੁਰੂ ਸਥਾਨਾਂ ਤੇ ਅਨੰਦਪੁਰ ਵਾਸੀਆਂ ਦੀ ਸੇਵਾ ਕਰਦੇ ਰਹੇ | ਉਨ੍ਹਾਂ ਤੋਂ ਬਾਅਦ ਭਾਈ ਅਮਰ ਸਿੰਘ ਨੇ ਅਨੰਦਪੁਰ ਸਾਹਿਬ ਸ਼ਹਿਰ 'ਚ ਗੁਰੂ ਸਥਾਨਾਂ ਦੀ ਸੇਵਾ ਕੀਤੀ | ਭਾਈ ਅਮਰ ਸਿੰਘ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਤੱਕ ਇੱਥੇ ਰਹੇ ਤੇ 1948 'ਚ ਇੱਥੇ ਹੀ ਉਨ੍ਹਾਂ ਦਾ ਦਿਹਾਂਤ ਹੋਇਆ | ਭਾਈ ਅਮਰ ਸਿੰਘ ਨੇ ਕੇਸਗੜ੍ਹ ਸਾਹਿਬ ਵਿਖੇ ਭਾਈ ਬਖਸ਼ੀਸ਼ ਸਿੰਘ ਨੂੰ  ਮੁੱਖ ਗ੍ਰੰਥੀ ਵੀ ਲਗਾਇਆ | ਭਾਈ ਬਖਸ਼ੀਸ਼ ਸਿੰਘ ਸ਼੍ਰੋਮਣੀ ਕਮੇਟੀ ਅੰਮਿ੍ਤਸਰ ਦੇ ਪਹਿਲੇ ਮੈਂਬਰ ਸਨ | ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਨੰਦਪੁਰ ਸਾਹਿਬ ਸਿੱਖਾਂ ਦੇ ਕੈਂਪ, ਸੈਮੀਨਾਰ ਤੇ ਜ਼ਰੂਰੀ ਇਕੱਤਰਤਾ ਦਾ ਸਥਾਨ ਬਣ ਗਿਆ | ਮਾਸਟਰ ਤਾਰਾ ਸਿੰਘ ਵਲੋਂ ਜੋ ਲਹਿਰ ਪੰਜਾਬੀ ਸੂਬੇ ਦੀ ਮੰਗ ਨੂੰ  ਲੈ ਕੇ ਚਲਾਈ ਗਈ ਸੀ, ਉਹ ਵੀ ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਤੋਂ ਹੀ ਸ਼ੁਰੂ ਹੋਈ ਸੀ | 8 ਮਾਰਚ, 1966 ਨੂੰ  ਪੰਜਾਬੀ ਸੂਬੇ ਦੀ ਮੰਗ ਨੂੰ  ਲੈ ਕੇ ਸਭ ਤੋਂ ਪਹਿਲਾਂ ਹਿੰਦੀ 'ਚ ਲਿਖਿਆ ਬੋਰਡ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੋਂ ਹੀ ਹਟਾਇਆ ਗਿਆ ਸੀ | ਅਪ੍ਰੈਲ 1999 'ਚ ਸ਼੍ਰੋਮਣੀ ਕਮੇਟੀ ਵਲੋਂ ਖ਼ਾਲਸਾ ਸਾਜਨਾ ਦੇ 300 ਸਾਲ ਪੂਰੇ ਹੋਣ 'ਤੇ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਤੇ 300 ਸਾਲਾ ਮਨਾਇਆ ਗਿਆ | ਸਰਕਾਰੀ ਰਿਕਾਰਡ ਅਨੁਸਾਰ 8 ਅਪ੍ਰੈਲ ਤੋਂ 14 ਅਪ੍ਰੈਲ, 1999 ਤੱਕ ਕੁੱਲ 80 ਲੱਖ ਸਿੱਖ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਏ | ਇਹ ਇਕ ਰਿਕਾਰਡ ਕਾਇਮ ਹੋਣ ਵਾਲੀ ਗੱਲ ਸੀ | 1925 ਤੋਂ ਲੈ ਕੇ ਵਰਤਮਾਨ ਸਮੇਂ ਤੱਕ ਸ੍ਰੀ ਕੀਰਤਪੁਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਸਾਰੇ ਇਤਿਹਾਸਕ ਸਥਾਨ ਤੇ ਕਿਲ੍ਹੇ ਸ਼੍ਰੋਮਣੀ ਕਮੇਟੀ ਦੇ ਅਧੀਨ ਹਨ, ਜਿਨ੍ਹਾਂ ਦਾ ਸੰਚਾਲਨ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ | (ਸਮਾਪਤ)
-ਸਹਾਇਕ ਪ੍ਰੋਫੈਸਰ, ਪੀ.ਜੀ. ਵਿਭਾਗ ਹਿਸਟਰੀ,
ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ,
ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) |
ਮੋਬਾਈਲ : 94645-21622

ਪਿਛਲੀ ਖ਼ਬਰ ਸਿੱਖ ਇਤਿਹਾਸ ਦੀਆਂ ਯਾਦਗਾਰ ਬੇਰੀਆਂ ਅਗਲੀ ਖ਼ਬਰ ਜਦੋਂ ਗ਼ਦਰੀਆਂ ਨੂੰ ਫ਼ਾਂਸੀ ਦਿੱਤੀ ਗਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।