31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਜਦੋਂ ਗ਼ਦਰੀਆਂ ਨੂੰ ਫ਼ਾਂਸੀ ਦਿੱਤੀ ਗਈ

ਜਦੋਂ ਗ਼ਦਰੀਆਂ ਨੂੰ ਫ਼ਾਂਸੀ ਦਿੱਤੀ ਗਈ

ਅਜੀਤ ਡੈਸਕ 31-08-2026

 

ਅੰਗਰੇਜ਼ੀ ਰਾਜ ਸਮੇਂ ਪੰਜਾਬ ਦੀ 70 ਤੋਂ 75 ਫ਼ੀਸਦੀ ਵਸੋਂ ਗਰੀਬ ਹੋਣ ਕਰਕੇ ਉਸ ਨੂੰ  ਮਜਬੂਰੀਵੱਸ ਫ਼ੌਜ ਵਿਚ ਭਰਤੀ ਹੋਣਾ ਪੈਂਦਾ ਸੀ | ਦੂਜੇ ਪਾਸੇ ਅੰਗਰੇਜ਼ ਵੀ ਆਪਣੀ ਫ਼ੌਜੀ ਘਾਟ ਨੂੰ  ਪੂਰਿਆਂ ਕਰਨ ਲਈ ਪੰਜਾਬ ਦੇ ਨੌਜਵਾਨਾਂ ਨੂੰ  ਜ਼ਬਰਦਸਤੀ ਫ਼ੌਜ ਵਿਚ ਭਰਤੀ ਕਰਦੇ ਸਨ | ਉਸ ਵੇਲੇ ਹਿੰਦੁਸਤਾਨ ਦੀ ਫੌਜ ਵਿਚ ਪੰਜਾਬੀ ਨੌਜਵਾਨਾਂ ਦੀ ਭਰਤੀ ਦਾ ਹਿੱਸਾ 60 ਫੀਸਦੀ ਦੇ ਲਗਭਗ ਸੀ | ਅੰਗਰੇਜ਼ ਹਾਕਮਾਂ ਦੀ ਇੰਨੀ ਜ਼ਾਲਮ ਨੀਤੀ ਸੀ ਕਿ ਵਿਸ਼ਵ ਜੰਗਾਂ ਵਿਚ ਉਹ ਪੰਜਾਬੀ ਸਿਪਾਹੀਆਂ ਨੂੰ  ਹੀ ਅੱਗੇ ਰੱਖਦੇ ਸਨ | ਜੰਗ ਵਿਚ ਜੇ ਸਿਪਾਹੀ ਅੱਗੇ ਵਧਣ ਤਾਂ ਵੀ ਮੌਤ ਤੇ ਜੇ ਪਿੱਛੇ ਹਟਦੇ ਤਾਂ ਅੰਗਰੇਜ ਸਿਪਾਹੀ ਗੋਲੀਆਂ ਮਾਰਦੇ ਸਨ | ਹਕੀਕਤ ਵਿਚ ਅੰਗਰੇਜ਼ ਗੁਲਾਮਾਂ ਦੀ ਤਰ੍ਹਾਂ ਪੰਜਾਬੀ ਸਿਪਾਹੀਆਂ ਨੂੰ  ਜੰਗਾਂ ਵਿਚ ਆਪਣੇ ਸਾਮਰਾਜ ਦੇ ਬਚਾਅ ਲਈ ਵਰਤਦੇ ਸਨ |
ਗ਼ਦਰ ਪਾਰਟੀ ਦੀ ਯੋਜਨਾ ਇਹ ਸੀ ਕਿ ਇਨ੍ਹਾਂ ਹੀ ਪੰਜਾਬੀ ਤੇ ਹਿੰਦੀ ਸਿਪਾਹੀਆਂ ਨੂੰ  ਗ਼ਦਰ ਪਾਰਟੀ ਨਾਲ ਜੋੜ ਕੇ ਹਥਿਆਰਬੰਦ ਢੰਗ ਨਾਲ ਹਿੰਦੁਸਤਾਨ ਅੰਗਰੇਜ਼ਾਂ ਤੋਂ ਮੁਕਤ ਕਰਾਇਆ ਜਾਵੇ | ਜਦੋਂ ਗ਼ਦਰੀ ਵਿਦੇਸ਼ਾਂ 'ਚੋਂ ਵਹੀਰਾਂ ਘੱਤ ਕੇ ਹਿੰਦੁਸਤਾਨ ਆਏ ਤੇ ਉਨ੍ਹਾਂ ਨੂੰ  ਹੁਕਮ ਸੀ ਕਿ ਦੇਸ਼ ਜਾ ਕੇ ਫ਼ੌਜਾਂ ਵਿਚ ਵੜ ਜਾਓ | ਇਸ ਫ਼ੈਸਲੇ ਦੇ ਮੱਦੇਨਜ਼ਰ ਗ਼ਦਰੀ ਕਾਲਾ ਸਿੰਘ ਜਗਤਪੁਰ ਅਤੇ ਬਲਵੰਤ ਸਿੰਘ ਮਾਦੋਕੀ ਬਰਾੜ ਤਾਂ ਫ਼ੌਜ ਵਿਚ ਭਰਤੀ ਹੋ ਗਏ | ਭਾਈ ਪ੍ਰੇਮ ਸਿੰਘ ਪਿੰਡ ਸੁਰਸਿੰਘ ਨੇ ਮੀਆਂ ਮੀਰ ਛਾਉਣੀ ਲਾਹੌਰ ਦੀ ਜ਼ਿੰਮੇਵਾਰੀ ਸੰਭਾਲ ਲਈ | ਇਸੇ ਤਰ੍ਹਾਂ ਸ੍ਰੀ ਹਿਰਦੇ ਰਾਮ ਜਲੰਧਰ, ਕਰਤਾਰ ਸਿੰਘ ਸਰਾਭਾ ਫ਼ਿਰੋਜ਼ਪੁਰ, ਭਾਈ ਹਰਨਾਮ ਸਿੰਘ ਕਹੂਟਾ ਜੇਹਲਮ, ਰਾਵਲਪਿੰਡੀ, ਪਿਸ਼ਾਵਰ ਤੇ ਹੋਤੀ ਮਰਦਾਨ, ਭਾਈ ਪਿਆਰਾ ਸਿੰਘ ਲੰਗੇਰੀ ਨੂੰ  ਬੰਨੂੰ ਤੇ ਕੋਹਾਟ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਨੂੰ  ਮੇਰਠ ਦੀ ਜ਼ਿੰਮੇਵਾਰੀ ਦਿੱਤੀ ਗਈ | ਕਰਤਾਰ ਸਿੰਘ ਸਰਾਭਾ ਤਾਂ ਫਿਰੋਜ਼ਪੁਰ ਤੋਂ ਇਲਾਵਾ ਅੰਬਾਲਾ, ਮੇਰਠ, ਕਾਨਪੁਰ, ਆਗਰਾ, ਅਲਾਹਾਬਾਦ, ਦੀਨਾਪੁਰ, ਬਨਾਰਸ, ਲਖਨਊ ਅਤੇ ਫੈਜ਼ਾਬਾਦ ਛਾਉਣੀਆਂ ਤੱਕ ਪਹੁੰਚ ਜਾਂਦਾ ਸੀ | ਗ਼ਦਰ ਪਾਰਟੀ ਨੇ ਗ਼ਦਰ ਦੀ ਸ਼ੁਰੂਆਤ ਲਈ ਮੀਆਂ ਮੀਰ ਛਾਉਣੀ ਲਾਹੌਰ ਨੂੰ  ਚੁਣਿਆ, ਕਿਉਂਕਿ ਇਹ ਡਵੀਜ਼ਨ ਹੈਡਕੁਆਰਟਰ ਸੀ | ਪੰਜਾਬ ਦੀਆਂ ਸਾਰੀਆਂ ਛਾਉਣੀਆਂ ਇਸ ਦੇ ਅਧੀਨ ਸਨ | ਗ਼ਦਰੀਆਂ ਦਾ ਫ਼ੈਸਲਾ ਬੜਾ ਸੂਝ ਵਾਲਾ ਸੀ ਕਿ ਮੀਆਂ ਮੀਰ ਤੋਂ ਸ਼ੁਰੂ ਹੋਈ ਬਗ਼ਾਵਤ ਅੱਗ ਦੇ ਭਾਂਬੜ ਵਾਂਗ ਸਾਰੇ ਪੰਜਾਬ ਵਿਚ ਫੈਲ ਜਾਵੇਗੀ | ਉਸ ਵੇਲੇ ਮਾਝੇ ਦੇ ਪਿੰਡਾਂ ਵਿਚ ਗ਼ਦਰੀਆਂ ਦਾ ਪ੍ਰਚਾਰ ਵੀ ਸਿਖਰਾਂ 'ਤੇ ਸੀ ਅਤੇ ਰਸਾਲੇ ਵਿਚ ਜ਼ਿਆਦਾ ਸਿਪਾਹੀ ਵੀ ਮਾਝੇ ਦੇ ਸਨ |
ਰਸਾਲੇ ਦਾ ਇਕ ਸਿਪਾਹੀ ਸੁੱਚਾ ਸਿੰਘ ਚੋਹਲਾ ਸਾਹਿਬ ਗ਼ਦਰੀਆਂ ਦੇ ਰੰਗ ਵਿਚ ਰੰਗਿਆ ਹੋਇਆ ਆਪਣੇ ਅਫ਼ਸਰਾਂ ਨੂੰ  ਭਲੇਖਾ ਪਾ ਕੇ ਆਮ ਹੀ ਛੁੱਟੀ ਲੈ ਲੈਂਦਾ ਤੇ ਗ਼ਦਰੀਆਂ ਨੂੰ  ਆ ਮਿਲਦਾ | ਉਸ ਨੇ ਦਫੇਦਾਰ ਲਛਮਣ ਸਿੰਘ ਚੂਸਲੇਵੜ ਨਾਲ ਸਲਾਹ ਕਰਕੇ ਗ਼ਦਰੀ ਪ੍ਰੇਮ ਸਿੰਘ ਪਿੰਡ ਸੁਰਸਿੰਘ ਦੀ ਛਾਉਣੀ ਵਿਚ ਮੀਟਿੰਗ ਕਰਾਈ ਤੇ ਸਿਪਾਹੀ ਗ਼ਦਰ ਵਿਚ ਹਿੱਸਾ ਲੈਣ ਲਈ ਤਿਆਰ ਹੋ ਗਏ | ਭਾਈ ਪ੍ਰੇਮ ਸਿੰਘ ਨੇ ਮੀਆਂ ਮੀਰ ਦੇ ਫੌਜੀਆਂ ਨਾਲ ਤਾਲਮੇਲ ਰੱਖਣ ਲਈ ਮਦਨ ਸਿੰਘ ਗਾਗੇ ਦੀ ਤਰਖਾਣਾ ਦੁਕਾਨ ਨੂੰ  ਗੁਪਤ ਅੱਡਾ ਬਣਾਇਆ ਹੋਇਆ ਸੀ | ਗ਼ਦਰੀਆਂ ਦਾ ਪੰਜਾਬ ਵਿਚ ਸਭ ਤੋਂ ਮਜ਼ਬੂਤ ਅੱਡਾ ਗੁਰਦੁਆਰਾ ਝਾੜ ਸਾਹਿਬ ਨੇੜੇ ਸਾਹਬਾਜ਼ਪੁਰ ਸੀ | ਗੁਰਦੁਆਰੇ ਦੇ ਸੰਤ ਬਾਬਾ ਬੋਘ ਸਿੰਘ, ਸੰਤ ਬਾਬਾ ਜੱਸਾ ਸਿੰਘ ਅਤੇ ਮਾਤਾ ਜਸ ਕੌਰ ਗ਼ਦਰ ਪਾਰਟੀ ਦੇ ਪੂਰਨ ਸਹਿਯੋਗੀ ਸਨ | ਇਸੇ ਕਰਕੇ ਹੀ ਇਨ੍ਹਾਂ ਤਿੰਨਾਂ ਨੂੰ  ਅੰਗਰੇਜ਼ਾਂ ਦਾ ਕਹਿਰ ਝੱਲਣਾ ਪਿਆ | ਗ਼ਦਰੀਆਂ ਦੇ ਫ਼ੈਸਲੇ ਅਨੁਸਾਰ 26 ਨਵੰਬਰ 1914 ਨੂੰ  ਮੀਆਂ ਮੀਰ ਛਾਉਣੀ ਦੇ ਸਿਪਾਹੀਆਂ ਨੇ ਬਗ਼ਾਵਤ ਕਰਕੇ ਹਥਿਆਰਾਂ ਅਤੇ ਘੋੜਿਆਂ ਸਮੇਤ ਝਾੜ ਸਾਹਿਬ ਆਉਣਾ ਸੀ ਪਰ ਇਕੱਠੇ ਹੋਏ ਸਿਪਾਹੀਆਂ ਨੂੰ  ਗੁਰਦੁਆਰੇ ਦੇ ਗ੍ਰੰਥੀ ਨੇ ਉਲਝਾ ਦਿੱਤਾ ਤੇ ਬਹੁਤੇ ਸਿਪਾਹੀ ਤਾਂ ਆਪਣੀਆਂ ਬੈਰਕਾਂ ਵਿਚ ਵਾਪਸ ਚਲੇ ਗਏ ਪਰ ਚਾਰ ਸਿਪਾਹੀ ਸੁੱਚਾ ਸਿੰਘ, ਮਹਾਰਾਜ ਸਿੰਘ ਕਸੇਲ, ਚੰਨਣ ਸਿੰਘ ਤੇ ਸੁਰਾਇਣ ਸਿੰਘ ਘੋੜਿਆਂ ਸਮੇਤ ਝਾੜ ਸਾਹਿਬ ਪਹੁੰਚ ਗਏ ਪਰ ਗ਼ਦਰੀ ਉੱਥੋਂ ਜਾ ਚੁੱਕੇ ਸਨ | ਚੰਨਣ ਸਿੰਘ ਤਾਂ ਵਾਪਸ ਚਲੇ ਗਿਆ ਤੇ ਬਾਕੀ ਤਿੰਨੇ ਗ਼ਦਰੀਆਂ ਨੂੰ  ਲੱਭਣ ਤੁਰ ਪਏ | ਇਨ੍ਹਾਂ ਤਿੰਨਾਂ ਨੂੰ  ਹਕੂਮਤ ਨੇ ਗਿ੍ਫ਼ਤਾਰ ਕਰ ਲਿਆ | ਗ਼ਦਰੀਆਂ ਦੀ ਗ਼ਦਰ ਦੀ ਪਹਿਲੀ ਯੋਜਨਾ ਅਸਫਲ ਹੋ ਗਈ |
ਅੰਗਰੇਜ਼ ਹਾਕਮਾਂ ਨੂੰ  ਸੂਹ ਮਿਲ ਗਈ ਕਿ ਮੀਆਂ ਮੀਰ ਦੇ ਸਿਪਾਹੀ ਗ਼ਦਰੀਆਂ ਨਾਲ ਮਿਲੇ ਹੋਏ ਹਨ ਪਰ ਇਹ ਨਹੀਂ ਸੀ ਪਤਾ ਕਿ ਕਿਹੜੇ ਸਿਪਾਹੀ ਮਿਲੇ ਹਨ | ਅੰਗਰੇਜ਼ਾਂ ਨੇ ਰਸਾਲੇ ਨੂੰ  ਪੰਜਾਬ 'ਚੋਂ ਬਾਹਰ ਕੱਢਣ ਲਈ ਅਪ੍ਰੈਲ 1915 ਵਿਚ ਹੁਕਮ ਦੇ ਦਿੱਤਾ ਕਿ ਉਨ੍ਹਾਂ ਨੂੰ  ਵਿਸ਼ਵ ਜੰਗ ਦੇ ਮੋਰਚੇ ਵਿਚ ਭੇਜਣਾ ਹੈ, ਇਸ ਲਈ ਉਹ ਆਪਣਾ ਸਾਮਾਨ ਸਾਂਭ ਲੈਣ | ਦਫੇਦਾਰ ਵਿਸਾਵਾ ਸਿੰਘ ਤੇ ਪੂਰਨ ਸਿੰਘ ਨੇ ਆਪਣੇ ਬਣਾਏ ਹੋਏ ਬੰਬ ਸਾਮਾਨ ਵਿਚ ਲੁਕਾ ਲਏ | ਰਸਾਲਾ ਲਾਹੌਰ ਤੋਂ ਹਰਪਾਲਪੁਰ ਸਟੇਸ਼ਨ 'ਤੇ ਪਹੁੰਚ ਗਏ | ਇੱਥੋਂ ਅੱਗੇ ਨਗਾਉਂ ਛਾਉਣੀ ਜਾਣ ਲਈ ਫ਼ੌਜੀਆਂ ਦਾ ਸਾਮਾਨ ਗੱਡਿਆਂ 'ਤੇ ਲੱਦਿਆ ਜਾ ਰਿਹਾ ਸੀ ਤੇ ਵਿਸਾਵਾ ਸਿੰਘ ਦਾ ਬਕਸਾ ਡਿਗਣ ਨਾਲ ਬੰਬ ਚੱਲ ਗਿਆ ਤੇ ਪੰਜ ਜਣੇ ਜ਼ਖ਼ਮੀ ਹੋ ਗਏ | ਪੂਰਨ ਸਿੰਘ ਨੇ ਕਿਸੇ ਢੰਗ ਨਾਲ ਆਪਣਾ ਬੰਬ ਕਿਸੇ ਤੋਂ ਖੂਹ ਵਿਚ ਸੁਟਵਾ ਦਿੱਤਾ ਪਰ ਤਫ਼ਤੀਸ਼ ਦੌਰਾਨ ਉਹ ਬੰਬ ਮਿਲ ਗਿਆ | ਵਿਸਾਵਾ ਸਿੰਘ ਤੇ ਪੂਰਨ ਸਿੰਘ 'ਤੇ ਅੰਗਰੇਜ਼ ਹਾਕਮਾਂ ਨੇ ਤਸ਼ੱਦਦ ਢਾਹ ਕੇ ਪਤਾ ਲਾ ਲਿਆ ਕਿ ਕਿਹੜੇ ਸਿਪਾਹੀ ਗ਼ਦਰੀਆਂ ਨਾਲ ਮਿਲੇ ਹੋਏ ਹਨ | ਅੰਗਰੇਜ਼ ਹਾਕਮਾਂ ਨੇ ਇਸ ਜੁਰਮ ਅਧੀਨ 3 ਸਤੰਬਰ, 1915 ਨੂੰ  ਦਫੇਦਾਰ ਲਛਮਣ ਸਿੰਘ ਚੂਸਲੇਵੜ, ਬੂਟਾ ਸਿੰਘ ਕਸੇਲ, ਬੁੱਧ ਸਿੰਘ ਢੋਟੀਆਂ, ਅਬਦੁੱਲਾ ਨਾਹਲਬੰਦ ਪਿੰਡ ਤਪਰਾਲ ਗੁੱਜਰਾਂਵਾਲਾ, ਭਗਤ ਸਿੰਘ, ਮੋਤਾ ਸਿੰਘ, ਤਾਰਾ ਸਿੰਘ ਤੇ ਦਫੇਦਾਰ ਵਿਧਾਵਾ ਸਿੰਘ ਰੂੜੀਵਾਲਾ, ਇੰਦਰ ਸਿੰਘ ਜੀਉ ਵਾਲਾ, ਗੁੱਜਰ ਸਿੰਘ ਤੇ ਜੇਠਾ ਸਿੰਘ ਪਿੰਡ ਲਹੁਕੇ ਅਤੇ ਇੰਦਰ ਸਿੰਘ ਸਾਬਾਜ਼ਪੁਰ ਨੂੰ  ਫ਼ਾਂਸੀ ਦੇ ਕੇ ਸ਼ਹੀਦ ਕਰ ਦਿੱਤਾ | ਬਿਸ਼ਨ ਸਿੰਘ, ਨੱਥਾ ਸਿੰਘ, ਬਿਸ਼ਨ ਸਿੰਘ ਦੂਜਾ ਤੇ ਕੇਹਰ ਸਿੰਘ ਢੋਟੀਆਂ, ਚੰਨਣ ਸਿੰਘ ਕਸੇਲ ਅਤੇ ਨੰਦ ਸਿੰਘ ਰਾਏ ਕਾ ਬੁਰਜ ਨੂੰ  ਉਮਰ ਕੈਦ, ਜਲਾਵਤਨ ਤੇ ਜਾਇਦਾਦ ਜ਼ਬਤ ਦੀ ਸਜ਼ਾ ਸੁਣਾਈ ਗਈ |
-ਸੁਲਤਾਨਵਿੰਡ ਰੋਡ, ਅੰਮਿ੍ਤਸਰ |
ਮੋਬਾਈਲ : 98760-78731

ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਪੁਨਰ-ਸਥਾਪਨਾ ਅਗਲੀ ਖ਼ਬਰ ਕੱਲ੍ਹ ਸਥਾਪਨਾ ਦਿਵਸ 'ਤੇ ਵਿਸ਼ੇਸ਼ ਵਿਲੱਖਣ ਹੈ ਗੁਰੂ ਗ੍ਰੰਥ ਸਾਹਿਬ ਬਾਗ, ਪੱਤੋ ਹੀਰਾ ਸਿੰਘ (ਮੋਗਾ)

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।